
ਦੂਜੇ ਪਾਸੇ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਵੀ 8 ਲੋਕਾਂ ਦੀ ਮੌਤ ਹੋ ਗਈ ਹੈ।
ਚੰਡੀਗੜ੍ਹ: ਹਰਿਆਣਾ ਦੇ ਮਹਿੰਦਰਗੜ੍ਹ ਅਤੇ ਸੋਨੀਪਤ ਜ਼ਿਲ੍ਹਿਆਂ ਵਿਚ ਸ਼ੁੱਕਰਵਾਰ ਸ਼ਾਮ ਨੂੰ ਗਣਪਤੀ ਵਿਸਰਜਨ ਦੌਰਾਨ 7 ਲੋਕਾਂ ਦੀ ਡੁੱਬਣ ਨਾਲ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਮਹਿੰਦਰਗੜ੍ਹ 'ਚ ਨਹਿਰ 'ਚ ਡੁੱਬਣ ਦੌਰਾਨ ਚਾਰ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਸੋਨੀਪਤ 'ਚ ਦੋ ਨੌਜਵਾਨਾਂ ਦੀ ਯਮੁਨਾ ਨਦੀ 'ਚ ਡੁੱਬਣ ਕਾਰਨ ਮੌਤ ਹੋ ਗਈ, 2 ਅਜੇ ਵੀ ਲਾਪਤਾ ਹਨ।
ਮਹਿੰਦਰਗੜ੍ਹ ਵਿਚ ਵਾਪਰੀ ਘਟਨਾ ਬਾਰੇ ਸਿਵਲ ਸਰਜਨ ਡਾਕਟਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਚਾਰ ਵਿਅਕਤੀਆਂ ਦੀ ਡੁੱਬਣ ਕਾਰਨ ਮੌਤ ਹੋ ਗਈ ਹੈ। ਸੱਤ ਫੁੱਟ ਉੱਚੀ ਗਣਪਤੀ ਮੂਰਤੀ ਦੇ ਵਿਸਰਜਨ ਦੌਰਾਨ 9 ਨੌਜਵਾਨ ਨਹਿਰ ਦੇ ਤੇਜ਼ ਪਾਣੀ 'ਚ ਰੁੜ੍ਹ ਗਏ। ਜ਼ਿਲ੍ਹਾ ਪ੍ਰਸ਼ਾਸਨ ਨੇ NDRF (ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ) ਦੀ ਮਦਦ ਨਾਲ ਸਾਰਿਆਂ ਨੂੰ ਬਚਾਇਆ, ਜਿਨ੍ਹਾਂ 'ਚੋਂ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ ਬਾਕੀ ਪੰਜ ਹਸਪਤਾਲ 'ਚ ਭਰਤੀ ਹਨ।
ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਟਵੀਟ ਕੀਤਾ, ''ਮਹਿੰਦਰਗੜ੍ਹ ਅਤੇ ਸੋਨੀਪਤ ਜ਼ਿਲ੍ਹਿਆਂ ਵਿਚ ਗਣਪਤੀ ਵਿਸਰਜਨ ਦੌਰਾਨ ਲੋਕਾਂ ਦੀ ਬੇਵਕਤੀ ਮੌਤ ਦੀ ਘਟਨਾ ਦੁਖਦ ਹੈ। ਇਸ ਔਖੀ ਘੜੀ ਵਿਚ ਅਸੀਂ ਸਾਰੇ ਮ੍ਰਿਤਕਾਂ ਦੇ ਪਰਿਵਾਰਾਂ ਦੇ ਨਾਲ ਖੜੇ ਹਾਂ। NDRF ਦੀ ਟੀਮ ਨੇ ਕਈ ਲੋਕਾਂ ਨੂੰ ਡੁੱਬਣ ਤੋਂ ਬਚਾਇਆ ਹੈ। ਮੈਂ ਉਹਨਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।"
ਦੂਜੇ ਪਾਸੇ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਵੀ 8 ਲੋਕਾਂ ਦੀ ਮੌਤ ਹੋ ਗਈ ਹੈ। ਸੰਤ ਕਬੀਰ ਨਗਰ 'ਚ 4 ਬੱਚੇ ਡੁੱਬ ਗਏ। ਚਾਰੋਂ ਭੈਣ-ਭਰਾ ਸਨ। ਸਾਰੀਆਂ ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਇਸ ਦੇ ਨਾਲ ਹੀ ਲਲਿਤਪੁਰ ਅਤੇ ਉਨਾਓ 'ਚ ਵਿਸਰਜਨ ਦੌਰਾਨ ਡੁੱਬਣ ਨਾਲ ਦੋ-ਦੋ ਲੋਕਾਂ ਦੀ ਮੌਤ ਹੋ ਗਈ ਹੈ।