ਇਕ ਮਰੀਜ਼ ਨਾਲ ਝਗੜਾ ਕਰਨ ਵਾਲੇ ਡਾਕਟਰ ਨੂੰ ਬਰਖਾਸਤ ਕਰਨ ਦੇ ਵਿਰੋਧ ’ਚ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ
ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਕਈ ਹਸਪਤਾਲਾਂ ’ਚ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਮੈਡੀਕਲ ਸੇਵਾਵਾਂ ਪ੍ਰਭਾਵਤ ਹੋਈਆਂ। ਰੈਜ਼ੀਡੈਂਟ ਡਾਕਟਰਾਂ ਨੇ ਸਨਿਚਰਵਾਰ ਨੂੰ ਇਕ ਮਰੀਜ਼ ਨਾਲ ਝਗੜਾ ਕਰਨ ਵਾਲੇ ਡਾਕਟਰ ਨੂੰ ਬਰਖਾਸਤ ਕਰਨ ਦੇ ਵਿਰੋਧ ’ਚ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ।
ਡਾਕਟਰਾਂ ਨੇ ਕਿਹਾ ਕਿ 48 ਘੰਟਿਆਂ ਦੇ ਅੰਦਰ ਡਾਕਟਰੀ ਨੂੰ ਬਰਖਾਸਤ ਕਰਨਾ ਗੈਰ-ਵਾਜਬ ਸੀ ਅਤੇ ਡਾਕਟਰੀ ਭਾਈਚਾਰੇ ਵਿਚ ਨਾਰਾਜ਼ਗੀ ਫੈਲ ਰਹੀ ਸੀ। ਇਸ ਦੌਰਾਨ, ਮਰੀਜ਼ਾਂ ਅਤੇ ਸੇਵਾਦਾਰਾਂ, ਖ਼ਾਸਕਰ ਦੂਰ-ਦੁਰਾਡੇ ਦੇ ਇਲਾਕਿਆਂ ਤੋਂ ਆਉਣ ਵਾਲੇ ਲੋਕਾਂ ਨੂੰ ਡਾਕਟਰਾਂ ਦੀ ਉਪਲਬਧਤਾ ਨਾ ਹੋਣ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਇਕ ਮਰੀਜ਼ ਨਾਲ ਆਏ ਕ੍ਰਿਸ਼ਨ ਸਿੰਘ ਠਾਦੁਰ ਨੇ ਕਿਹਾ, ‘‘ਮੈਂ ਵੀਰਵਾਰ ਨੂੰ ਸ਼ਿਮਲਾ ਤੋਂ ਕਰੀਬ 125 ਕਿਲੋਮੀਟਰ ਦੂਰ ਅਨੀ ਤੋਂ ਅਪਣੇ ਪਿਤਾ ਦੇ ਇਲਾਜ ਲਈ ਇੱਥੇ ਆਇਆ ਸੀ। ਪਰ ਹੜਤਾਲ ਕਾਰਨ ਕੋਈ ਡਾਕਟਰ ਉਪਲਬਧ ਨਹੀਂ ਹੈ ਅਤੇ ਸਾਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।’’
ਠਾਕੁਰ ਨੇ ਕਿਹਾ ਕਿ ਸਰਦੀਆਂ ਦੀ ਠੰਢ ਅਤੇ ਨਵੇਂ ਸਾਲ ਦੇ ਆਲੇ-ਦੁਆਲੇ ਸੈਲਾਨੀਆਂ ਦੀ ਭਾਰੀ ਭੀੜ ਕਾਰਨ ਰਿਹਾਇਸ਼ ਦੀ ਉਪਲਬਧਤਾ ਉਨ੍ਹਾਂ ਦੀ ਮੁਸੀਬਤ ਨੂੰ ਹੋਰ ਵਧਾ ਰਹੀ ਹੈ। ਉਨ੍ਹਾਂ ਨੇ ਸਰਕਾਰ ਅਤੇ ਡਾਕਟਰਾਂ ਨੂੰ ਮਰੀਜ਼ਾਂ ਦੇ ਹਿੱਤ ਵਿਚ ਇਸ ਮਾਮਲੇ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਦੀ ਅਪੀਲ ਕੀਤੀ।
ਇਕ ਹੋਰ ਮਰੀਜ਼ ਦੇ ਤਿਮਾਰਦਾਰ ਦਸਵੀ ਰਾਮ ਨੇ ਕਿਹਾ, ‘‘ਮੇਰੀ ਪਤਨੀ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਉਸ ਦੀ ਐਮ.ਆਰ.ਆਈ. ਅੱਜ ਤੈਅ ਕੀਤੀ ਗਈ ਸੀ, ਪਰ ਅਜੇ ਤਕ ਇਹ ਨਹੀਂ ਕੀਤੀ ਗਈ ਹੈ ਕਿਉਂਕਿ ਹੜਤਾਲ ਸ਼ੁਰੂ ਹੋ ਗਈ ਹੈ। ਅਸੀਂ ਡਾਕਟਰਾਂ ਦੇ ਡਿਊਟੀ ਉਤੇ ਮੁੜ ਕੰਮ ਸ਼ੁਰੂ ਕਰਨ ਦਾ ਇੰਤਜ਼ਾਰ ਕਰ ਰਹੇ ਹਾਂ।’’
ਸ਼ਿਮਲਾ, ਧਰਮਸ਼ਾਲਾ, ਨਾਹਨ, ਹਮੀਰਪੁਰ, ਊਨਾ ਅਤੇ ਕਈ ਹੋਰ ਜ਼ਿਲ੍ਹਿਆਂ ਤੋਂ ਹੜਤਾਲ ਕਾਰਨ ਸਿਹਤ ਸੇਵਾਵਾਂ ਪ੍ਰਭਾਵਤ ਹੋਣ ਦੀਆਂ ਖਬਰਾਂ ਆਈਆਂ ਹਨ।
ਇੰਦਰਾ ਗਾਂਧੀ ਮੈਡੀਕਲ ਕਾਲਜ (ਆਈ.ਜੀ.ਐੱਮ.ਸੀ.) ਅਤੇ ਸੂਬੇ ਦੇ ਕਈ ਹੋਰ ਸਰਕਾਰੀ ਹਸਪਤਾਲਾਂ ਦੇ ਰੈਜ਼ੀਡੈਂਟ ਡਾਕਟਰ ਸ਼ੁਕਰਵਾਰ ਨੂੰ ਛੁੱਟੀ ਉਤੇ ਚਲੇ ਗਏ ਸਨ।
ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ ਨੇ ਸਨਿਚਰਵਾਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਕਰਦਿਆਂ ਕਿਹਾ ਕਿ ਹੜਤਾਲ ਦੌਰਾਨ ਰੁਟੀਨ ਸੇਵਾਵਾਂ, ਚੋਣਵੇਂ ਆਪ੍ਰੇਸ਼ਨ ਥੀਏਟਰ ਅਤੇ ਆਊਟ ਪੇਸ਼ੈਂਟ ਵਿਭਾਗ (ਓ.ਪੀ.ਡੀ.) ਬੰਦ ਰਹਿਣਗੇ ਅਤੇ ਸਿਰਫ ਐਮਰਜੈਂਸੀ ਸੇਵਾਵਾਂ ਹੀ ਕੰਮ ਕਰਦੀਆਂ ਰਹਿਣਗੀਆਂ।
