
ਕੈਨੇਡਾ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਦੀ ਆਜ਼ਾਦੀ ਦੀ ਹਮੇਸ਼ਾ ਰਾਖੀ ਕਰੇਗਾ : ਟਰੂਡੋ
ਕੁਝ ਲੋਕਾਂ ਦੀਆਂ ਗਤੀਵਿਧੀਆਂ ਪੂਰੇ ਫ਼ਿਰਕੇ ਦੀ ਪ੍ਰਤੀਨਿਧਗੀ ਨਹੀਂ ਕਰਦੀਆਂ : ਟਰੂਡੋ
ਨਵੀਂ ਦਿੱਲੀ: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਿਚਕਾਰ ਅੱਜ ਦੁਵੱਲੀ ਗੱਲਬਾਤ ਹੋਈ। ਵਿਦੇਸ਼ ਮੰਤਰਾਲੇ ਨੇ ਬੈਠਕ ਬਾਰੇ ਪੱਤਰਕਾਰਾਂ ਨੂੰ ਜਾਰੀ ਬਿਆਨ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਅਪਣੇ ਕੈਨੇਡਾ ਦੇ ਹਮਰੁਤਬਾ ਨੂੰ ਉਥੇ ਕੱਟੜਪੰਥੀ ਤੱਤਾਂ ਦੀਆਂ ਭਾਰਤ ਵਿਰੋਧੀ ਗਤੀਵਿਧੀਆਂ ਬਾਰੇ ਭਾਰਤ ਦੀਆਂ ਸਖ਼ਤ ਚਿੰਤਾਵਾਂ ਤੋਂ ਜਾਣੂ ਕਰਵਾਇਆ।
ਉਨ੍ਹਾਂ ਕਿਹਾ, ‘‘ਪ੍ਰਧਾਨ ਮੰਤਰੀ ਨੇ ਕੈਨੇਡਾ ’ਚ ਕੱਟੜਪੰਥੀ ਤੱਤਾਂ ਦੀਆਂ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਜਾਰੀ ਰੱਖਣ ਬਾਰੇ ਸਾਡੀਆਂ ਸਖ਼ਤ ਚਿੰਤਾਵਾਂ ਤੋਂ ਜਾਣੂ ਕਰਵਾਇਆ। ਇਹ ਤੱਤ ਵੱਖਵਾਦ ਨੂੰ ਹੱਲਾਸ਼ੇਰੀ ਦੇ ਰਹੇ ਹਨ ਅਤੇ ਭਾਰਤੀ ਸਫ਼ੀਰਾਂ ਵਿਰੁਧ ਹਿੰਸਾ ਭੜਕਾ ਰਹੇ ਹਨ, ਸਫ਼ੀਰਾਂ ਦੀਆਂ ਇਮਾਰਤਾਂ ’ਚ ਤੋੜਭੰਨ ਕਰ ਰਹੇ ਹਨ ਅਤੇ ਕੈਨੇਡਾ ’ਚ ਭਾਰਤੀ ਲੋਕਾਂ ਅਤੇ ਉਨ੍ਹਾਂ ਦੀਆਂ ਪੂਜਾ ਕਰਨ ਵਾਲੀਆਂ ਥਾਵਾਂ ਨੂੰ ਧਮਕੀਆਂ ਰਹੇ ਹਨ।’’
ਬਿਆਨ ’ਚ ਕਿਹਾ ਗਿਆ ਹੈ ਕਿ ਸੰਗਠਤ ਅਪਰਾਧ, ਨਸ਼ੀਲੇ ਪਦਾਰਥ ਗਰੋਹ ਅਤੇ ਮਨੁੱਖੀ ਤਸਕਰੀ ਨਾਲ ਅਜਿਹੀਆਂ ਤਾਕਤਾਂ ਦਾ ਗਠਜੋੜ ਕੈਨੇਡਾ ਲਈ ਵੀ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ। ਮੰਤਰਾਲੇ ਨੇ ਕਿਹਾ ਕਿ ਅਜਿਹੇ ਖ਼ਤਰਿਆਂ ਨਾਲ ਨਜਿੱਠਣ ਲਈ ਦੋਹਾਂ ਦੇਸ਼ਾਂ ਲਈ ਸਹਿਯੋਗ ਕਰਨਾ ਜ਼ਰੂਰੀ ਹੈ।
ਜੀ20 ਸ਼ਿਖਰ ਸੰਮੇਲਨ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ ਤੋਂ ਤੁਰਤ ਬਾਅਦ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਟਰੂਡੋ ਨੇ ਕਿਹਾ ਕਿ ਕਿਹਾ ਕਿ ਭਾਰਤ ਦੁਨੀਆਂ ਦੀ ‘ਅਸਾਧਾਰਨ ਰੂਪ ’ਚ ਮਹੱਤਵਪੂਰਨ’ ਅਰਥਵਿਵਸਥਾ ਹੈ ਅਤੇ ਜਲਵਾਯੂ ਤਬਦੀਲੀ ਨਾਲ ਨਜਿੱਠਣ ਅਤੇ ਆਰਥਕ ਵਿਕਾਸ ਸਮੇਤ ਕਈ ਖੇਤਰਾਂ ’ਚ ਕੈਨੈਡਾ ਦਾ ‘ਮਹੱਤਵਪੂਰਨ ਭਾਗੀਦਾਰ’ ਹੈ।
ਖਾਲਿਸਤਾਨੀ ਖਾੜਕੂਵਾਦ ਅਤੇ ‘ਵਿਦੇਸ਼ੀ ਦਖਲਅੰਦਾਜ਼ੀ’ ’ਤੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਟਰੂਡੋ ਨੇ ਕਿਹਾ ਕਿ ਇਹ ਮੁੱਦੇ ਉਨ੍ਹਾਂ ਅਤੇ ਪ੍ਰਧਾਨ ਮੰਤਰੀ ਮੋਦੀ ਵਿਚਕਾਰ ਗੱਲਬਾਤ ਦੌਰਾਨ ਸਾਹਮਣੇ ਆਏ ਹਨ। ਟਰੂਡੋ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਦੀ ਆਜ਼ਾਦੀ ਦੀ ਹਮੇਸ਼ਾ ਰਾਖੀ ਕਰੇਗਾ ਪਰ ਨਾਲ ਹੀ ਹਿੰਸਾ ਨੂੰ ਵੀ ਰੋਕੇਗਾ ਅਤੇ ਨਫ਼ਰਤ ਨੂੰ ਪਿੱਛੇ ਧੱਕਣ ਲਈ ਹਮੇਸ਼ਾ ਕੋਸ਼ਿਸ਼ ਕਰੇਗਾ।’’ ਉਨ੍ਹਾਂ ਕਿਹਾ ਕਿ ਕੁਝ ਲੋਕਾਂ ਦੀਆਂ ਹਰਕਤਾਂ ਪੂਰੇ ਫ਼ਿਰਕੇ ਜਾਂ ਕੈਨੇਡਾ ਦੀ ਪ੍ਰਤੀਨਿਧਗੀ ਨਹੀਂ ਕਰਦੀਆਂ।
ਜ਼ਿਕਰਯੋਗ ਹੈ ਕਿ ਕੈਨੇਡਾ ਦੇ ਵੈਨਕੂਵਰ ’ਚ ਖ਼ਾਲਿਸਤਾਨ ਬਾਰੇ ਰਾਏਸ਼ੁਮਰੀ ਦੀਆਂ ਤਿਆਰੀਆਂ ਪੂਰੀਆਂ ਹੋ ਚੁਕੀਆਂ ਹਨ ਅਤੇ ਵੋਟਾਂ ਪੈਣ ਵਾਲੀਆਂ ਹਨ। ਇਹ ਰਾਏਸ਼ੁਮਾਰੀ ਉਸੇ ਗੁਰਦਵਾਰੇ ’ਚ ਕੀਤੀ ਜਾ ਰਹੀ ਹੈ ਜਿਸ ਬਾਹਰ ਹਰਦੀਪ ਸਿੰਘ ਨਿੱਝਰ ਦਾ ਕਤਲ ਕਰ ਦਿਤਾ ਗਿਆ ਸੀ। ਪਿਛਲੇ ਦਿਨੀਂ ਕੈਨੇਡਾ ਪੁਲਿਸ ਵਲੋਂ ਇਸ ਕਤਲ ਕੇਸ ’ਚ ਭਾਰਤੀ ਸਫ਼ੀਰਾਂ ਦੀ ਸ਼ਮੂਲੀਅਤ ਹੋਣ ਤੋਂ ਇਨਕਾਰ ਕਰ ਦਿਤਾ ਗਿਆ ਸੀ।
ਟਰੂਡੋ ਨੇ ਇਹ ਵੀ ਕਿਹਾ ਕਿ ਭਾਰਤ ਵਿਸ਼ਵ ’ਚ ਇਕ ਅਸਾਧਾਰਨ ਮਹੱਤਵਪੂਰਨ ਅਰਥਵਿਵਸਥਾ ਹੈ ਅਤੇ ਜਲਵਾਯੂ ਤਬਦੀਲੀ ਨਾਲ ਨਜਿੱਠਣ ਤੋਂ ਲੈ ਕੇ ਇਸ ਦੇ ਨਾਗਰਿਕਾਂ ਲਈ ਵਿਕਾਸ ਅਤੇ ਖੁਸ਼ਹਾਲੀ ਨੂੰ ਚਲਾਉਣ ਤਕ ਹਰ ਚੀਜ਼ ’ਚ ਕੈਨੇਡਾ ਲਈ ਇਕ ਮਹੱਤਵਪੂਰਨ ਭਾਈਵਾਲ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਵੇਂ ਧਿਰਾਂ ਮੌਜੂਦਾ ਸਹਿਯੋਗ ਨੂੰ ਵਧਾਉਣ ’ਤੇ ਵਿਚਾਰ ਕਰਨਾ ਜਾਰੀ ਰਖਣਗੀਆਂ।
ਉਧਰ ਕੈਨੇਡਾ ਦੇ ਅਪਣੇ ਹਮਰੁਤਬਾ ਨਾਲ ਗੱਲਬਾਤ ਤੋਂ ਪ੍ਰਧਾਨ ਮੰਤਰੀ ਨੇ ‘ਐਕਸ’ ’ਤੇ ਪੋਸਟ ਕੀਤਾ, ‘‘ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਕੀਤੀ। ਅਸੀਂ ਵੱਖੋ-ਵੱਖ ਖੇਤਰਾਂ ’ਚ ਭਾਰਤ-ਕੈਨੇਡਾ ਸਬੰਧਾਂ ਦੀ ਪੂਰੀ ਲੜੀ ’ਤੇ ਚਰਚਾ ਕੀਤੀ।’’
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਜੀ-20 ਸੰਮੇਲਨ ਦੌਰਾਨ ਟਰੂਡੋ ਨਾਲ ਗੱਲਬਾਤ ਦੌਰਾਨ ਮੋਦੀ ਨੇ ਇਹ ਵੀ ਜ਼ਿਕਰ ਕੀਤਾ ਕਿ ਭਾਰਤ-ਕੈਨੇਡਾ ਸਬੰਧਾਂ ਦੀ ਤਰੱਕੀ ਲਈ ‘ਆਪਸੀ ਸਨਮਾਨ ਅਤੇ ਵਿਸ਼ਵਾਸ’ ’ਤੇ ਆਧਾਰਤ ਸਬੰਧ ਜ਼ਰੂਰੀ ਹਨ। ਮੰਤਰਾਲੇ ਨੇ ਕਿਹਾ, ‘‘ਪ੍ਰਧਾਨ ਮੰਤਰੀ ਨੇ ਉਜਾਗਰ ਕੀਤਾ ਕਿ ਭਾਰਤ-ਕੈਨੇਡਾ ਸਬੰਧ ਸਾਂਝੇ ਲੋਕਤਾਂਤਰਿਕ ਕਦਰਾਂ-ਕੀਮਤਾਂ, ਕਾਨੂੰਨ ਦੇ ਸ਼ਾਸਨ ਦੇ ਸਨਮਾਨ ਅਤੇ ਦੋਵਾਂ ਦੇਸ਼ਾਂ ਦੇ ਲੋਕਾਂ ਵਿਚਕਾਰ ਮਜ਼ਬੂਤ ਸਬੰਧਾਂ ’ਤੇ ਆਧਾਰਿਤ ਹਨ।’’