
ਕੇਂਦਰੀ ਸਭਿਆਚਾਰ ਮੰਤਰਾਲੇ ਨੇ ਦਿਤੀ ਜਾਣਕਾਰੀ
ਨਵੀਂ ਦਿੱਲੀ: ਮਰਾਠਾ ਯੋਧੇ ਛਤਰਪਤੀ ਸ਼ਿਵਾਜੀ ਨੇ ਮੁਗਲ ਸੈਨਾਪਤੀ ਅਫਜ਼ਲ ਖਾਨ ਨੂੰ ਜਿਸ ‘ਬਾਘ ਨਖ’ (ਸ਼ੇਰ ਦੇ ਪੰਜੇ ਵਰਗੀ ਮੇਖ) ਨਾਲ ਮਾਰਿਆ ਸੀ, ਉਸ ਨੂੰ ਬਰਤਾਨੀਆ ਤੋਂ ਵਾਪਸ ਦੇਸ਼ ਲਿਆਂਦਾ ਜਾਵੇਗਾ। ਕੇਂਦਰੀ ਸਭਿਆਚਾਰ ਮੰਤਰਾਲੇ ਨੇ ਇਹ ਜਾਣਕਾਰੀ ਦਿਤੀ।
ਮੰਤਰਾਲੇ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਕਿਹਾ, ‘‘ਸਾਡੀਆਂ ਕੀਮਤੀ ਵਸਤੂਆਂ ਦੀ ਵਾਪਸੀ ਭਾਰਤ ਦੇ ਕੂਟਨੀਤਕ ਯਤਨਾਂ ਲਈ ਇਕ ਵੱਡੀ ਜਿੱਤ ਹੈ।’’
ਇਹ ਐਲਾਨ ਅਜਿਹੇ ਸਮੇਂ ’ਚ ਕੀਤਾ ਗਿਆ ਹੈ ਜਦੋਂ ਨਵੀਂ ਦਿੱਲੀ ’ਚ ਜੀ-20 ਨੇਤਾਵਾਂ ਦਾ ਦੋ ਦਿਨਾਂ ਦਾ ਸੰਮੇਲਨ ਹੋ ਰਿਹਾ ਹੈ।
ਮੰਤਰਾਲੇ ਨੇ ਕਿਹਾ, ‘‘ਸਾਡੀ ਸ਼ਾਨਦਾਰ ਵਿਰਾਸਤ ਵਾਪਸ ਆ ਰਹੀ ਹੈ। ਇਤਿਹਾਸ ਬਣਦਾ ਵੇਖਣ ਲਈ ਤਿਆਰ ਹੋ ਜਾਉ, ਕਿਉਂਕਿ ਛਤਰਪਤੀ ਸ਼ਿਵਾਜੀ ਮਹਾਰਾਜ ਦਾ ਮਸ਼ਹੂਰ ‘ਬਾਘ ਨਖ’ ਉਸ ਥਾਂ ’ਤੇ ਵਾਪਸੀ ਲਈ ਪੂਰੀ ਤਰ੍ਹਾਂ ਤਿਆਰ ਹੈ ਜਿੱਥੇ ਇਹ ਅਸਲ ਵਿਚ ਸਬੰਧ ਰਖਦਾ ਹੈ।’’
ਮੰਤਰਾਲੇ ਨੇ ਪੋਸਟ ਦੇ ਨਾਲ ‘ਕਲਚਰ ਯੂਨਾਈਟਿਡ ਆਲ’ (ਸਭਿਆਚਾਰ ਸਾਰਿਆਂ ਨੂੰ ਜੋੜਦਾ ਹੈ) ਅਤੇ ‘ਜੀ20 ਇੰਡੀਆ’ ਹੈਸ਼ਟੈਗਸ ਦੀ ਵਰਤੋਂ ਕੀਤੀ ਹੈ।
ਉਸ ਨੇ ਇਕ ਪੋਸਟਰ ਵੀ ਸਾਂਝਾ ਕੀਤਾ ਜਿਸ ’ਚ ਲਿਖਿਆ ਸੀ, ‘‘ਭਾਰਤ ਨੇ ਅਪਣੀ ਇਤਿਹਾਸਕ ਵਿਰਾਸਤ ਨੂੰ ਮੁੜ ਪ੍ਰਾਪਤ ਕੀਤਾ।’’ ਪੋਸਟਰ ’ਚ ਦਸਿਆ ਗਿਆ ਹੈ ਕਿ ਇਸ ‘ਵਾਘ ਨਖ’ ਦੀ ਵਰਤੋਂ ਅਫਜ਼ਲ ਖਾਨ ਨੂੰ ਮਾਰਨ ਲਈ ਕੀਤੀ ਗਈ ਸੀ।