
ਹਾਲਾਂਕਿ, ਐਮ ਐਂਡ ਐਮ ਨੇ ਕਾਂਗਰਸ ਦੇ ਦੋਸ਼ਾਂ ਨੂੰ ‘ਝੂਠਾ ਅਤੇ ਗੁਮਰਾਹਕੁੰਨ’ ਕਰਾਰ ਦਿਤਾ
Congress attack on Sebi Chief : ਕਾਂਗਰਸ ਨੇ ਮੰਗਲਵਾਰ ਨੂੰ ਦੋਸ਼ ਲਾਇਆ ਕਿ ਭਾਰਤੀ ਸਕਿਓਰਿਟੀਜ਼ ਐਕਸਚੇਂਜ ਬੋਰਡ (ਸੇਬੀ) ਦੀ ਮੁਖੀ ਮਾਧਵੀ ਪੁਰੀ ਬੁਚ ਦੀ ‘ਅਗੋਰਾ ਐਡਵਾਈਜ਼ਰੀ ਪ੍ਰਾਈਵੇਟ ਲਿਮਟਿਡ’ ਨਾਂ ਦੀ ਕੰਪਨੀ ’ਚ 99 ਫੀਸਦੀ ਹਿੱਸੇਦਾਰੀ ਸੀ। ਮੁੱਖ ਵਿਰੋਧੀ ਪਾਰਟੀ ਨੇ ਇਹ ਵੀ ਦਾਅਵਾ ਕੀਤਾ ਕਿ ਮਾਧਵੀ ਦੇ ਪਤੀ ਧਵਲ ਬੁਚ ਨੂੰ 2019-21 ਦੌਰਾਨ ਮਹਿੰਦਰਾ ਐਂਡ ਮਹਿੰਦਰਾ ਤੋਂ 4.78 ਕਰੋੜ ਰੁਪਏ ਮਿਲੇ ਸਨ।
ਹਾਲਾਂਕਿ, ਐਮ ਐਂਡ ਐਮ ਨੇ ਕਾਂਗਰਸ ਦੇ ਦੋਸ਼ਾਂ ਨੂੰ ‘ਝੂਠਾ ਅਤੇ ਗੁਮਰਾਹਕੁੰਨ’ ਕਰਾਰ ਦਿਤਾ ਅਤੇ ਕਿਹਾ ਕਿ ਉਸ ਨੇ ਕਦੇ ਵੀ ਸੇਬੀ ਨੂੰ ਤਰਜੀਹੀ ਵਿਵਹਾਰ ਦੀ ਬੇਨਤੀ ਨਹੀਂ ਕੀਤੀ ਅਤੇ ਧਵਲ ਬੁਚ ਦੀਆਂ ਸੇਵਾਵਾਂ ਸਿਰਫ ਸਪਲਾਈ ਚੇਨ ਲਈ ਰੱਖੀਆਂ ਗਈਆਂ ਸਨ ਕਿਉਂਕਿ ਉਨ੍ਹਾਂ ਦੇ ਵਿਸ਼ਵਵਿਆਪੀ ਤਜਰਬੇ ਸਨ।
ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਪੁਛਿਆ ਕਿ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਾਧਵੀ ਦੀ ਹਿੱਸੇਦਾਰੀ ਬਾਰੇ ਪਤਾ ਸੀ
ਰਮੇਸ਼ ਨੇ ‘ਐਕਸ’ ’ਤੇ ਪੋਸਟ ਕੀਤਾ, ‘‘ਨਿੱਜੀ ਲਾਭ ਤੋਂ ਪ੍ਰੇਰਿਤ ਫੈਸਲਿਆਂ ਦੇ ਮਾਮਲੇ ’ਚ, ਇਹ ਸਾਡੇ ਤਾਜ਼ਾ ਖੁਲਾਸੇ ਹਨ ਜਿਸ ’ਚ ਅਡਾਨੀ ਸਮੂਹ ਵਲੋਂ ਸਕਿਓਰਿਟੀਜ਼ ਕਾਨੂੰਨਾਂ ਦੀ ਉਲੰਘਣਾ ਦੀ ਜਾਂਚ ਕਰ ਰਹੇ ਸੇਬੀ ਮੁਖੀ ਸਵਾਲਾਂ ਦੇ ਘੇਰੇ ’ਚ ਹਨ।’’
ਉਨ੍ਹਾਂ ਕਿਹਾ, ‘‘ਸਾਡੇ ਸਵਾਲ ਸਪੱਸ਼ਟ ਤੌਰ ’ਤੇ ਗੈਰ-ਜੈਵਿਕ ਪ੍ਰਧਾਨ ਮੰਤਰੀ ਨਾਲ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਸੇਬੀ ਦੇ ਸਰਵਉੱਚ ਅਹੁਦੇ ’ਤੇ ਨਿਯੁਕਤ ਕੀਤਾ ਸੀ।’’
ਰਮੇਸ਼ ਨੇ ਸਵਾਲ ਕੀਤਾ, ‘‘ਕੀ ਪ੍ਰਧਾਨ ਮੰਤਰੀ ਨੂੰ ਪਤਾ ਹੈ ਕਿ ਅਗੋਰਾ ਐਡਵਾਇਜ਼ਰੀ ਪ੍ਰਾਈਵੇਟ ਲਿਮਟਿਡ ’ਚ ਮਾਧਵੀ ਪੀ. ਬੁਚ ਦੀ 99 ਫੀ ਸਦੀ ਹਿੱਸੇਦਾਰੀ ਹੈ ਅਤੇ ਉਹ ਮਹਿੰਦਰਾ ਐਂਡ ਮਹਿੰਦਰਾ ਸਮੇਤ ਸੂਚੀਬੱਧ ਕੰਪਨੀਆਂ ਤੋਂ ਭਾਰੀ ਟੈਰਿਫ ਲੈ ਰਹੇ ਹਨ, ਕੀ ਪ੍ਰਧਾਨ ਮੰਤਰੀ ਨੂੰ ਮਾਧਵੀ ਪੀ. ਬੁਚ ਦੇ ਇਸ ਵਿਵਾਦਿਤ ਇਕਾਈ ਨਾਲ ਸਬੰਧਾਂ ਦੀ ਜਾਣਕਾਰੀ ਹੈ?’’
ਉਨ੍ਹਾਂ ਇਹ ਵੀ ਕਿਹਾ, ‘‘ਕੀ ਪ੍ਰਧਾਨ ਮੰਤਰੀ ਨੂੰ ਪਤਾ ਹੈ ਕਿ ਮਾਧਵੀ ਪੀ. ਬੁਚ ਦੇ ਪਤੀ ਨੂੰ ਰਿਟਾਇਰਮੈਂਟ ਤੋਂ ਬਾਅਦ ਮਹਿੰਦਰਾ ਐਂਡ ਮਹਿੰਦਰਾ ਲਿਮਟਿਡ ਤੋਂ ਕਾਫ਼ੀ ਆਮਦਨ ਹੋ ਰਹੀ ਹੈ?’’
ਉਨ੍ਹਾਂ ਕਿਹਾ, ‘‘7 ਮਈ 2013 ਨੂੰ ਦਰਜ ਕੀਤੀ ਗਈ ਹਿੰਡਨਬਰਗ ਦੀ ਰੀਪੋਰਟ ’ਚ ਇਕ ਕੰਪਨੀ ਅਗੋਰਾ ਐਡਵਾਈਜ਼ਰੀ ਪ੍ਰਾਈਵੇਟ ਲਿਮਟਿਡ ਦਾ ਨਾਂ ਆਇਆ ਸੀ। ਇਹ ਕੰਪਨੀ ਮਾਧਵੀ ਪੁਰੀ ਬੁਚ ਅਤੇ ਉਸ ਦੇ ਪਤੀ ਦੀ ਹੈ, ਪਰ ਮਾਧਵੀ ਹਿੰਡਨਬਰਗ ਦੀ ਰੀਪੋਰਟ ਆਉਣ ਤੋਂ ਬਾਅਦ ਇਸ ਤੋਂ ਇਨਕਾਰ ਕੀਤਾ। ’’
ਕਾਂਗਰਸ ਦੇ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਮਹਿੰਦਰਾ ਐਂਡ ਮਹਿੰਦਰਾ ਨੇ ਇਕ ਬਿਆਨ ’ਚ ਕਿਹਾ, ‘‘ਯੂਨੀਲੀਵਰ ਦੇ ਗਲੋਬਲ ਮੁੱਖ ਖਰੀਦ ਅਧਿਕਾਰੀ ਦੇ ਅਹੁਦੇ ਤੋਂ ਸੇਵਾਮੁਕਤ ਹੋਣ ਤੋਂ ਤੁਰਤ ਬਾਅਦ ਮਹਿੰਦਰਾ ਸਮੂਹ ਨੇ 2019 ’ਚ ਧਵਲ ਬੁਚ ਨੂੰ ਵਿਸ਼ੇਸ਼ ਤੌਰ ’ਤੇ ਸਪਲਾਈ ਚੇਨ ’ਚ ਉਨ੍ਹਾਂ ਦੀ ਮੁਹਾਰਤ ਕਾਰਨ ਨਿਯੁਕਤ ਕੀਤਾ ਸੀ। ਉਸ ਨੇ ਅਪਣਾ ਜ਼ਿਆਦਾਤਰ ਸਮਾਂ ‘ਬ੍ਰਿਸਟਲਕਨ’ ਵਿਖੇ ਬਿਤਾਇਆ ਹੈ ਜੋ ਇਕ ਸਪਲਾਈ ਚੇਨ ਸਲਾਹਕਾਰ ਕੰਪਨੀ ਹੈ। ਬੁਚ ਇਸ ਸਮੇਂ ਬ੍ਰਿਸਟਲਕਨ ਦੇ ਬੋਰਡ ’ਚ ਹੈ।’’ ਕੰਪਨੀ ਨੇ ਕਿਹਾ, ‘‘ਧਵਲ ਬੁਚ ਮਾਧਬੀ ਪੁਰੀ ਬੁਚ ਨੂੰ ਸੇਬੀ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ ਤੋਂ ਲਗਭਗ ਤਿੰਨ ਸਾਲ ਪਹਿਲਾਂ ਮਹਿੰਦਰਾ ਗਰੁੱਪ ’ਚ ਸ਼ਾਮਲ ਹੋਏ ਸਨ।’’
ਉਨ੍ਹਾਂ ਦਾ ਕਹਿਣਾ ਹੈ ਕਿ ਯੂਨੀਲੀਵਰ ’ਚ ਧਵਲ ਬੁਚ ਦਾ ਵਿਸ਼ਵਵਿਆਪੀ ਤਜਰਬਾ ਸਪਲਾਈ ਚੇਨ ਮੁਹਾਰਤ ਅਤੇ ਪ੍ਰਬੰਧਨ ਹੁਨਰਾਂ ਲਈ ਉਸ ਦੀਆਂ ਸੇਵਾਵਾਂ ’ਤੇ ਅਧਾਰਤ ਸੀ। ਉਨ੍ਹਾਂ ਕਿਹਾ, ‘‘ਅਸੀਂ ਸਪੱਸ਼ਟ ਤੌਰ ’ਤੇ ਦਸਣਾ ਚਾਹੁੰਦੇ ਹਾਂ ਕਿ ਅਸੀਂ ਕਦੇ ਵੀ ਸੇਬੀ ਨੂੰ ਤਰਜੀਹੀ ਵਿਵਹਾਰ ਲਈ ਬੇਨਤੀ ਨਹੀਂ ਕੀਤੀ। ਅਸੀਂ ਕਾਰਪੋਰੇਟ ਸ਼ਾਸਨ ਦੇ ਸੱਭ ਤੋਂ ਉੱਚੇ ਮਿਆਰਾਂ ਨੂੰ ਕਾਇਮ ਰਖਦੇ ਹਾਂ। ਅਸੀਂ ਇਨ੍ਹਾਂ ਦੋਸ਼ਾਂ ਨੂੰ ਝੂਠਾ ਅਤੇ ਗੁਮਰਾਹ ਕੁੰਨ ਮੰਨਦੇ ਹਾਂ।’’