ਪਿੰਡ ਦੇ ਕੁੱਝ ਘਰਾਂ ਨੂੰ ਵੀ ਅੱਗ ਲਾ ਦਿਤੀ ਗਈ, ਜਿਸ ਕਾਰਨ ਸਥਾਨਕ ਵਸਨੀਕਾਂ ਨੂੰ ਨੇੜਲੇ ਜੰਗਲਾਂ ’ਚ ਪਨਾਹ ਲੈਣੀ ਪਈ
Manipur Violence : ਮਨੀਪੁਰ ਦੇ ਕਾਂਗਪੋਕਪੀ ਜ਼ਿਲ੍ਹੇ ’ਚ ਦੋ ਹਥਿਆਰਬੰਦ ਸਮੂਹਾਂ ਵਿਚਾਲੇ ਝੜਪ ’ਚ ਫਸੀ 46 ਸਾਲ ਦੀ ਔਰਤ ਦੀ ਮੌਤ ਹੋ ਗਈ। ਪੁਲਿਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ।
ਉਨ੍ਹਾਂ ਨੇ ਦਸਿਆ ਕਿ ਇਹ ਘਟਨਾ ਐਤਵਾਰ ਰਾਤ ਨੂੰ ਦੂਰ-ਦੁਰਾਡੇ ਥੰਗਬੂਹ ਪਿੰਡ ’ਚ ਵਾਪਰੀ। ਉਨ੍ਹਾਂ ਦਸਿਆ ਕਿ ਪਿੰਡ ਦੇ ਕੁੱਝ ਘਰਾਂ ਨੂੰ ਵੀ ਅੱਗ ਲਾ ਦਿਤੀ ਗਈ, ਜਿਸ ਕਾਰਨ ਸਥਾਨਕ ਵਸਨੀਕਾਂ ਨੂੰ ਨੇੜਲੇ ਜੰਗਲਾਂ ’ਚ ਪਨਾਹ ਲੈਣੀ ਪਈ।
ਪੁਲਿਸ ਨੇ ਦਸਿਆ ਕਿ ਮ੍ਰਿਤਕ ਔਰਤ ਦੀ ਪਛਾਣ ਨੇਮਜਾਖੋਲ ਲਹੂੰਗਦੀਮ ਵਜੋਂ ਹੋਈ ਹੈ। ਚੂਰਾਚਾਂਦਪੁਰ ਜ਼ਿਲ੍ਹਾ ਹਸਪਤਾਲ ’ਚ ਪੋਸਟਮਾਰਟਮ ਤੋਂ ਬਾਅਦ ਔਰਤ ਦੀ ਲਾਸ਼ ਉਸ ਦੇ ਪਰਵਾਰ ਨੂੰ ਸੌਂਪ ਦਿਤੀ ਗਈ।
ਉਨ੍ਹਾਂ ਕਿਹਾ ਕਿ ਦੋਹਾਂ ਧਿਰਾਂ ਵਿਚਾਲੇ ਝੜਪਾਂ ਦੌਰਾਨ ਵੱਡੀ ਗਿਣਤੀ ਵਿਚ ਸ਼ਕਤੀਸ਼ਾਲੀ ਬੰਬਾਂ ਦੀ ਵਰਤੋਂ ਕੀਤੀ ਗਈ। ਪੁਲਿਸ ਨੇ ਦਸਿਆ ਕਿ ਉਸੇ ਰਾਤ ਅਤਿਵਾਦੀਆਂ ਅਤੇ ਨੇੜਲੇ ਸਕੂਲ ’ਚ ਤਾਇਨਾਤ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀ.ਆਰ.ਪੀ.ਐਫ.) ਦੇ ਜਵਾਨਾਂ ਦਰਮਿਆਨ ਗੋਲੀਬਾਰੀ ਵੀ ਹੋਈ। ਉਨ੍ਹਾਂ ਦਸਿਆ ਕਿ ਗੋਲੀਬਾਰੀ ’ਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ।