
ਉਹਨਾਂ ਨੇ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਹਰ ਵਰਗ ਦੇ ਲੋਕਾਂ ਦੀਆਂ ਮੰਗਾਂ ਸੁਣਨ ਅਤੇ ਉਹਨਾਂ ਨੂੰ ਪੂਰਾ ਕਰਨ।
ਜੰਮੂ: ਸ਼੍ਰੋਮਣੀ ਅਕਾਲੀ ਦਲ ਜੰਮੂ ਕਸ਼ਮੀਰ ਅਤੇ ਸਹਿਯੋਗੀ ਪਾਰਟੀਆਂ ਵੱਲੋਂ ਸਥਾਨਕ ਸਿੱਖਾਂ ਦੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਅਹਿਮ ਪ੍ਰੈੱਸ ਕਾਨਫਰੰਸ ਕੀਤੀ ਗਈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਹਾਲੀਆ ਦੌਰੇ ਬਾਰੇ ਜ਼ਿਕਰ ਕਰਦਿਆਂ ਪਾਰਟੀ ਆਗੂਆਂ ਨੇ ਕਿਹਾ ਕਿ ਉਹਨਾਂ ਨੇ ਕਈ ਮੰਗਾਂ ਕੇਂਦਰ ਸਰਕਾਰ ਕੋਲ ਭੇਜੀਆਂ ਪਰ ਕੋਈ ਜਵਾਬ ਨਹੀਂ ਮਿਲਿਆ। ਸਰਕਾਰ ਨੇ ਸਿੱਖਾਂ ਨਾਲ ਧੱਕਾ ਕੀਤਾ ਹੈ। ਭਾਜਪਾ ਸਰਕਾਰ ਕਿਸੇ ਹੋਰ ਪਾਰਟੀ ਦੇ ਲੋਕਾਂ ਜਾਂ ਆਮ ਲੋਕਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ। ਉਹਨਾਂ ਨੇ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਹਰ ਵਰਗ ਦੇ ਲੋਕਾਂ ਦੀਆਂ ਮੰਗਾਂ ਸੁਣਨ ਅਤੇ ਉਹਨਾਂ ਨੂੰ ਪੂਰਾ ਕਰਨ।
ਸ਼੍ਰੋਮਣੀ ਅਕਾਲੀ ਦਲ ਜੰਮੂ-ਕਸ਼ਮੀਰ ਦੇ ਪ੍ਰਧਾਨ ਨੇ ਜੰਮੂ-ਕਸ਼ਮੀਰ 'ਚ ਵਸੇ 1947 ਦੇ ਪੀਓਕੇ ਸ਼ਰਨਾਰਥੀਆਂ ਲਈ ਰਾਖਵੇਂਕਰਨ ਦੇ ਮੁੱਦੇ 'ਤੇ ਗੱਲ ਕੀਤੀ ਅਤੇ ਇਸ 'ਤੇ ਨਾਰਾਜ਼ਗੀ ਜ਼ਾਹਰ ਕੀਤੀ। ਉਹਨਾਂ ਨੇ ਸ਼ਰਨਾਰਥੀਆਂ ਲਈ ਪਹਾੜੀ ਅਤੇ ਐਸਟੀ ਦਾ ਦਰਜਾ, ਰੁਜ਼ਗਾਰ ਵਿਚ ਰਾਖਵਾਂਕਰਨ ਪੈਕੇਜ ਅਤੇ ਜੰਮੂ-ਕਸ਼ਮੀਰ ਰਾਜ ਦੀ ਬਹਾਲੀ ਦੀ ਮੰਗ ਕੀਤੀ। ਸਿੱਖ ਆਗੂਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਬਹਾਦਰੀਆਂ ਦਾ ਜ਼ਿਕਰ ਕਰਦਿਆਂ ਰਾਜੌਰੀ ਵਿਚ ਉਹਨਾਂ ਦਾ ਬੁੱਤ ਲਗਾਉਣ ਦੀ ਮੰਗ ਕੀਤੀ।
ਪੰਜਾਬੀ ਭਾਸ਼ਾ ਬਾਰੇ ਗੱਲ ਕਰਦਿਆਂ ਸਿੱਖ ਆਗੂਆਂ ਨੇ ਦੱਸਿਆ ਕਿ ਉਹਨਾਂ ਨੇ ਕਈ ਵਾਰ ਇਹ ਮੁੱਦਿਆ ਚੁੱਕਿਆ ਹੈ। 1952 ਤੋਂ ਲੈ ਇੱਥੇ ਪੰਜਾਬੀ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਲਈ ਜੰਮੂ-ਕਸ਼ਮੀਰ ਵਿਚ ਪੰਜਾਬੀ ਦਾ ਰਾਜ ਭਾਸ਼ਾ ਦਾ ਦਰਜਾ ਦਿੱਤਾ ਜਾਵੇ। ਅਜਿਹਾ ਕਰਨਾ ਕੋਈ ਅਹਿਸਾਨ ਨਹੀਂ ਹੋਵੇਗਾ, ਸਰਕਾਰ ਕੋਲੋਂ ਗਲਤੀ ਹੋਈ ਹੈ ਅਤੇ ਸਰਕਾਰ ਆਪਣੀ ਗਲਤੀ ਸੁਧਾਰੇ। ਇਸ ਦੇ ਨਾਲ ਹੀ ਸਥਾਨਕ ਸਿੱਖ ਆਗੂਆਂ ਨੇ ਫ਼ੌਜੀਆਂ ਦੀਆਂ ਮੰਗਾਂ ਹੱਲ ਕਰਨ ਦੀ ਮੰਗ ਕੀਤੀ।