
ਵਿਦਿਆਰਥੀਆਂ ਨੂੰ ਕੀਤੀ ਅਪੀਲ - ਜ਼ਿੰਦਗੀ ਵਿੱਚ ਜੋ ਮਰਜ਼ੀ ਬਣੋ ਪਰ ਆਪਣੀ ਮਾਤ ਭੂਮੀ ਨੂੰ ਕਦੇ ਨਾ ਭੁੱਲਿਓ
ਚੰਡੀਗੜ੍ਹ : ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਐਤਵਾਰ ਨੂੰ ਕਿਹਾ ਕਿ ਦੇਸ਼ ਦੀ ਤਰੱਕੀ ਨੂੰ ਹੋਰ ਹੁਲਾਰਾ ਦੇਣ ਲਈ ਤਕਨੀਕੀ ਸਿੱਖਿਆ ਸੰਸਥਾਵਾਂ ਵਿੱਚ ਵਿਦਿਆਰਥਣਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਜਾਣਾ ਚਾਹੀਦਾ ਹੈ। ਉਹ ਇੱਥੇ ਪੰਜਾਬ ਇੰਜਨੀਅਰਿੰਗ ਕਾਲਜ 'ਚ 52ਵੇਂ ਕਨਵੋਕੇਸ਼ਨ ਦੇ ਸਮਾਪਤੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।
ਰਾਸ਼ਟਰਪਤੀ ਨੇ ਸੰਸਥਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਇਸ ਨੇ ਦੇਸ਼ ਨੂੰ ਕਈ ਦਿੱਗਜ਼ ਸ਼ਖਸੀਅਤਾਂ ਦਿਤੀਆਂ ਹਨ। ਉਨ੍ਹਾਂ ਕਿਹਾ ਕਿ ਇਸ ਕਾਲਜ ਦੇ ਸਾਬਕਾ ਵਿਦਿਆਰਥੀਆਂ ਵਿੱਚੋਂ ਭਾਰਤੀ ਪੁਲਾੜ ਖੋਜ ਸੰਸਥਾ ਦੇ ਸਾਬਕਾ ਪ੍ਰਧਾਨ ਅਤੇ ਭਾਰਤ ਵਿੱਚ ਪ੍ਰਯੋਗਾਤਮਕ ਫਲੂਇਡ ਡਾਇਨਾਮਿਕਸ ਰਿਸਰਚ ਦੇ ਪਿਤਾਮਾ ਪ੍ਰੋ. ਸਤੀਸ਼ ਧਵਨ, ਉੱਘੇ ਸਿੱਖਿਆ ਸ਼ਾਸਤਰੀ ਅਤੇ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈਆਈਟੀ) ਦਿੱਲੀ ਦੇ ਸੰਸਥਾਪਕ ਨਿਰਦੇਸ਼ਕ ਪ੍ਰੋ. ਆਰ.ਐਨ.ਡੋਗਰਾ ਅਤੇ ਮਿਜ਼ਾਈਲ ਤਕਨਾਲੋਜੀ ਅਤੇ ਰਣਨੀਤਕ ਪ੍ਰਣਾਲੀਆਂ ਦੇ ਮਾਹਿਰ ਡਾ: ਸਤੀਸ਼ ਕੁਮਾਰ ਸ਼ਾਮਲ ਹਨ।
ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਸੰਸਥਾ ਦੇ ਐਰੋਨਾਟਿਕਸ ਇੰਜਨੀਅਰਿੰਗ ਵਿਭਾਗ ਦੀ ਸਾਬਕਾ ਵਿਦਿਆਰਥੀ ਕਲਪਨਾ ਚਾਵਲਾ ਭਾਰਤੀ ਮੂਲ ਦੀ ਪਹਿਲੀ ਮਹਿਲਾ ਪੁਲਾੜ ਯਾਤਰੀ ਸੀ ਅਤੇ ਉਸ ਨੇ ਵਿਗਿਆਨ ਦੇ ਉਦੇਸ਼ ਲਈ ਆਤਮ-ਬਲੀਦਾਨ ਦਾ ਇੱਕ ਪ੍ਰੇਰਨਾਦਾਇਕ ਇਤਿਹਾਸ ਰਚਿਆ। ਸੰਸਥਾ ਵਿੱਚ ਕਲਪਨਾ ਚਾਵਲਾ ਚੇਅਰ ਆਫ਼ ਜੀਓਸਪੇਸ਼ੀਅਲ ਟੈਕਨਾਲੋਜੀ ਦੇ ਗਠਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਦੀ ਤਰੱਕੀ ਨੂੰ ਹੋਰ ਹੁਲਾਰਾ ਦੇਣ ਲਈ ਤਕਨੀਕੀ ਸਿੱਖਿਆ ਸੰਸਥਾਵਾਂ ਵਿੱਚ ਵਿਦਿਆਰਥਣਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਜ਼ਿੰਦਗੀ ਵਿੱਚ ਜੋ ਮਰਜ਼ੀ ਬਣਨਾ ਚਾਹੁਣ ਪਰ ਉਹ ਆਪਣੀ ਮਾਤ ਭੂਮੀ ਨੂੰ ਨਾ ਭੁੱਲਣ ਕਿਉਂਕਿ ਉਹ ਆਉਣ ਵਾਲੇ ਭਾਰਤ ਦੇ ਨਿਰਮਾਤਾ ਹਨ। ਰਾਸ਼ਟਰਪਤੀ ਨੇ ਕਿਹਾ ਕਿ ਜਿਵੇਂ ਵਿਦਿਆਰਥੀ ਅਸੀਮਤ ਮੌਕਿਆਂ ਅਤੇ ਸੰਭਾਵਨਾਵਾਂ ਦੀ ਦੁਨੀਆ ਵਿੱਚ ਕਦਮ ਰੱਖ ਰਹੇ ਹਨ, ਉਨ੍ਹਾਂ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਉਹ ਮੌਕਿਆਂ ਨੂੰ ਸਫਲਤਾ ਅਤੇ ਸੰਭਾਵਨਾਵਾਂ ਨੂੰ ਹਕੀਕਤ ਵਿੱਚ ਬਦਲਣ ਦੇ ਸਮਰੱਥ ਹਨ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਉਹ ਪ੍ਰਾਪਤ ਕੀਤੇ ਗਿਆਨ ਨੂੰ ਮਾਨਵਤਾ ਦੀ ਸੇਵਾ ਵਿੱਚ ਵੀ ਵਰਤਣਗੇ। ਉਨ੍ਹਾਂ ਨੇ ਮਹਾਤਮਾ ਗਾਂਧੀ ਦੇ ‘ਸਰਵੋਦਿਆ’ ਦੇ ਸੰਦੇਸ਼ ਨੂੰ ਆਪਣੀਆਂ ਨਿੱਜੀ ਤਰਜੀਹਾਂ ਵਿੱਚ ਸ਼ਾਮਲ ਕਰਨ ਦੀ ਅਪੀਲ ਕੀਤੀ।