
ਨਵਰਾਤਰੀ ਦੌਰਾਨ ਮਹਿਲਾ ਸੀਐਮ ਦਾ ਸਮਾਨ ਸੁੱਟਿਆ ਗਿਆ : 'ਆਪ'
Delhi CM House Sealed : PWD ਨੇ ਬੁੱਧਵਾਰ ਨੂੰ ਸਿਵਲ ਲਾਈਨ ਸਥਿਤ 6 , ਫਲੈਗ ਸਟਾਫ ਰੋਡ 'ਤੇ ਮੁੱਖ ਮੰਤਰੀ ਨਿਵਾਸ ਨੂੰ ਸੀਲ ਕਰ ਦਿੱਤਾ ਸੀ। ਮੁੱਖ ਮੰਤਰੀ ਆਤਿਸ਼ੀ ਦਾ ਸਾਮਾਨ ਬਾਹਰ ਸੁੱਟ ਦਿੱਤਾ ਗਿਆ। ਮੁੱਖ ਮੰਤਰੀ ਨਿਵਾਸ ਨੂੰ ਸੀਲ ਕੀਤੇ ਜਾਣ ਤੋਂ ਬਾਅਦ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ। ਜਿਸ 'ਚ ਆਤਿਸ਼ੀ ਪੈਕ ਕੀਤੇ ਸਾਮਾਨ ਵਿਚਕਾਰ ਬੈਠ ਕੇ ਕੰਮ ਕਰਦੀ ਨਜ਼ਰ ਆ ਰਹੀ ਹੈ। ਮੁੱਖ ਮੰਤਰੀ ਆਪਣੀ ਨਿੱਜੀ ਰਿਹਾਇਸ਼ ਤੋਂ ਕੰਮ ਕਰਦੇ ਨਜ਼ਰ ਆ ਰਹੇ ਹਨ।
ਸੰਜੇ ਸਿੰਘ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਲਿਖਿਆ, 'ਦੇਖ ਲਵੋ ਭਾਜਪਾ ਵਾਲਿਓ! ਤੁਸੀਂ ਇੱਕ ਚੁਣੇ ਹੋਏ ਮੁੱਖ ਮੰਤਰੀ ਤੋਂ ਉਨ੍ਹਾਂ ਦਾ ਦਿੱਲੀ ਦੀ ਜਨਤਾ ਵੱਲੋਂ ਦਿੱਤਾ ਹੋਇਆ ਘਰ ਤਾਂ ਖੋਹ ਲਿਆ ਪਰ ਦਿੱਲੀ ਦੇ ਲੋਕਾਂ ਲਈ ਕੰਮ ਕਰਨ ਦੇ ਜਜ਼ਬੇ ਨੂੰ ਕਿਵੇਂ ਖੋਵੋਗੇ? ਤੁਸੀਂ ਨਵਰਾਤਰੀ ਦੌਰਾਨ ਇੱਕ ਮਹਿਲਾ ਮੁੱਖ ਮੰਤਰੀ ਦਾ ਜੋ ਘਰ ਦਾ ਸਮਾਨ ਉਨ੍ਹਾਂ ਦੇ ਘਰ ਤੋਂ ਸੁਟਵਾਇਆ ,ਉਹ ਵੀ ਦੇਖ ਲਵੋ ਅਤੇ ਦਿੱਲੀ ਦੇ ਲੋਕਾਂ ਪ੍ਰਤੀ ਉਨ੍ਹਾਂ ਦਾ ਸਮਰਪਣ ਵੀ ਦੇਖ ਲਵੋ।
ਇਹ ਕਾਰਵਾਈ ਦਿੱਲੀ ਦੇ ਲੋਕਾਂ ਦਾ ਅਪਮਾਨ ਹੈ: ਸੰਜੇ ਸਿੰਘ
ਸੰਜੇ ਸਿੰਘ ਨੇ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਇੱਕ ਚੁਣੀ ਹੋਈ ਮਹਿਲਾ ਮੁੱਖ ਮੰਤਰੀ ਦਾ ਸਮਾਨ ਭਾਜਪਾ ਦੇ ਐੱਲ.ਜੀ. ਵੱਲੋਂ ਮੁੱਖ ਮੰਤਰੀ ਨਿਵਾਸ ਤੋਂ ਸੁਟਵਾ ਦਿੱਤਾ ਗਿਆ। PWD ਵਿਭਾਗ ਨੇ ਐਤਵਾਰ ਨੂੰ ਹੀ ਮੁੱਖ ਮੰਤਰੀ ਰਿਹਾਇਸ਼ ਦੀਆਂ ਚਾਬੀਆਂ ਦੇ ਦਿੱਤੀਆਂ ਸਨ ਤਾਂ ਫਿਰ LG ਨੇ ਕਿਸ ਆਧਾਰ 'ਤੇ CM ਆਤਿਸ਼ੀ ਦਾ ਸਮਾਨ ਬਾਹਰ ਸੁਟਵਾ ਦਿੱਤਾ ? ਭਾਜਪਾ ਦਿੱਲੀ 'ਚ 27 ਸਾਲਾਂ ਤੋਂ ਬਨਵਾਸ ਝੱਲ ਰਹੀ ਹੈ ਅਤੇ ਹੁਣ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਕਬਜ਼ਾ ਕਰਨਾ ਚਾਹੁੰਦੀ ਹੈ। ਦਿੱਲੀ ਦੀ ਜਨਤਾ ਨੇ ਆਮ ਆਦਮੀ ਪਾਰਟੀ ਨੂੰ ਫਤਵਾ ਦਿੱਤਾ ਹੈ ਅਤੇ ਇਹ ਕਾਰਵਾਈ ਦਿੱਲੀ ਦੇ ਲੋਕਾਂ ਦਾ ਅਪਮਾਨ ਹੈ।
ਦੂਜੇ ਪਾਸੇ ਸੀਐਮਓ ਵੱਲੋਂ ਬੁੱਧਵਾਰ ਸ਼ਾਮ ਨੂੰ ਇੱਕ ਬਿਆਨ ਜਾਰੀ ਕੀਤਾ ਗਿਆ ਸੀ ਕਿ LG ਦੇ ਆਦੇਸ਼ਾਂ 'ਤੇ ਮੁੱਖ ਮੰਤਰੀ ਆਤਿਸ਼ੀ ਦਾ ਸਮਾਨ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਤੋਂ ਜ਼ਬਰਦਸਤੀ ਬਾਹਰ ਕੱਢ ਦਿੱਤਾ ਗਿਆ। ਦੇਸ਼ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ, ਜਦੋਂ ਜਨਤਾ ਦੁਆਰਾ ਚੁਣੇ ਗਏ ਮੁੱਖ ਮੰਤਰੀ ਨੂੰ ਸੀਐਮ ਕੈਂਪ ਆਫਿਸ ਅਤੇ ਰਿਹਾਇਸ਼ ਤੋਂ ਜ਼ਬਰਦਸਤੀ ਬੇਦਖਲ ਕਰ ਦਿੱਤਾ ਗਿਆ। ਪੀਡਬਲਯੂਡੀ ਨੇ 6 ਅਕਤੂਬਰ ਨੂੰ ਮੁੱਖ ਮੰਤਰੀ ਨਿਵਾਸ ਦੀਆਂ ਚਾਬੀਆਂ ਆਤਿਸ਼ੀ ਨੂੰ ਸੌਂਪ ਦਿੱਤੀਆਂ ਸਨ। ਇਸ ਪ੍ਰਕਿਰਿਆ ਵਿੱਚ ਵਿਭਾਗ ਨੇ ਸਾਰੇ ਨਿਯਮਾਂ ਅਤੇ ਪ੍ਰੋਟੋਕੋਲ ਦੀ ਪਾਲਣਾ ਕੀਤੀ ਹੈ।