
ਰਣਨੀਤਕ ਸਬੰਧਾਂ ਦੇ ਵਿਸਥਾਰ, ਪਛਮੀ ਏਸ਼ੀਆ ਦੀ ਸਥਿਤੀ ’ਤੇ ਹੋਈਆਂ ਵਿਚਾਰਾਂ
US-India 2+2 Summit : ਭਾਰਤ ਅਤੇ ਅਮਰੀਕਾ ਨੇ ਰਖਿਆ ਉਤਪਾਦਨ, ਅਹਿਮ ਖਣਿਜਾਂ ਅਤੇ ਉੱਚ ਤਕਨਾਲੋਜੀ ਦੇ ਖੇਤਰਾਂ ਵਿਚ ਸਹਿਯੋਗ ਵਧਾ ਕੇ ਅਪਣੀ ਕੌਮਾਂਤਰੀ ਰਣਨੀਤਕ ਭਾਈਵਾਲੀ ’ਚ ਵਿਸਤਾਰ ਕਰਨ ਲਈ ਵਿਆਪਕ ਗੱਲਬਾਤ ਕੀਤੀ, ਜਿਸ ’ਚ ਇਜ਼ਰਾਈਲ-ਹਮਾਸ ਸੰਘਰਸ਼ ਤੋਂ ਪੈਦਾ ਹੋ ਰਹੀ ਸਥਿਤੀ ਅਤੇ ਹਿੰਦ-ਪ੍ਰਸ਼ਾਂਤ ’ਚ ਚੀਨ ਦੀ ਫੌਜੀ ਤਾਕਤ ਦੇ ਪ੍ਰਦਰਸ਼ਨ ’ਤੇ ਧਿਆਨ ਕੇਂਦਰਿਤ ਕੀਤਾ ਗਿਆ।
ਭਾਰਤ-ਅਮਰੀਕਾ ‘ਟੂ ਪਲੱਸ ਟੂ’ ਵਿਦੇਸ਼ ਅਤੇ ਰਖਿਆ ਮੰਤਰੀ ਪੱਧਰੀ ਗੱਲਬਾਤ ਰੂਸ-ਯੂਕਰੇਨ ਜੰਗ ਅਤੇ ਪਛਮੀ ਏਸ਼ੀਆ ’ਚ ਹਮਾਸ ਅਤੇ ਇਜ਼ਰਾਈਲ ਦਰਮਿਆਨ ਵਧਦੇ ਸੰਘਰਸ਼ ਕਾਰਨ ਵਧ ਰਹੀ ਭੂ-ਰਾਜਨੀਤਿਕ ਉਥਲ-ਪੁਥਲ ਦੇ ਵਿਚਕਾਰ ਹੋਈ। ‘ਟੂ ਪਲੱਸ ਟੂ’ ਮੰਤਰੀ ਪੱਧਰੀ ਗੱਲਬਾਤ ’ਚ ਅਮਰੀਕੀ ਵਫ਼ਦ ਦੀ ਅਗਵਾਈ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਅਮਰੀਕੀ ਰਖਿਆ ਸਕੱਤਰ ਲੋਇਡ ਆਸਟਿਨ ਨੇ ਕੀਤੀ। ਭਾਰਤੀ ਵਫ਼ਦ ਦੀ ਅਗਵਾਈ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਰਖਿਆ ਮੰਤਰੀ ਰਾਜਨਾਥ ਸਿੰਘ ਨੇ ਕੀਤੀ।
ਗੱਲਬਾਤ ਦੇ ਅੰਤ ’ਚ ਜੈਸ਼ੰਕਰ ਨੇ ਇਸ ਗੱਲਬਾਤ ਨੂੰ ‘ਠੋਸ’ ਦਸਿਆ। ਉਸ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਲਿਖਿਆ, ‘‘ਸਾਡੇ ਏਜੰਡੇ ’ਚ ਸਾਡੀ ਰਣਨੀਤਕ ਭਾਈਵਾਲੀ ਨੂੰ ਅੱਗੇ ਵਧਾਉਣ ਬਾਰੇ ਚਰਚਾ ਕੀਤੀ ਗਈ। ਇਸ ’ਚ ਸਾਡੇ ਰਖਿਆ ਸਬੰਧਾਂ ਨੂੰ ਮਜ਼ਬੂਤ ਕਰਨ, ਪੁਲਾੜ ਅਤੇ ਤਕਨਾਲੋਜੀ ’ਚ ਤਰੱਕੀ, ਭਵਿੱਖ ’ਚ ਲੌਜਿਸਟਿਕ ਸਹਿਯੋਗ ਅਤੇ ਲੋਕਾਂ ਤੋਂ ਲੋਕਾਂ ਦੇ ਸਬੰਧਾਂ ਬਾਰੇ ਚਰਚਾ ਕੀਤੀ ਗਈ।’’
ਉਨ੍ਹਾਂ ਕਿਹਾ, ‘‘ਹਿੰਦ-ਪ੍ਰਸ਼ਾਂਤ, ਦਖਣੀ ਏਸ਼ੀਆ, ਪਛਮੀ ਏਸ਼ੀਆ ਅਤੇ ਯੂਕਰੇਨ ਸੰਘਰਸ਼ ਬਾਰੇ ਵੀ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ। ਬਹੁ-ਪੱਖੀ ਖੇਤਰ ’ਚ ਸਾਡੇ ਸਹਿਯੋਗ ਅਤੇ ਗਲੋਬਲ ਸਾਊਥ ਨੂੰ ਸ਼ਾਮਲ ਕਰਨ ਦੀ ਸਾਡੀ ਵਚਨਬੱਧਤਾ ਦੀ ਮੁੜ ਪੁਸ਼ਟੀ ਹੋਈ।’’ ‘ਗਲੋਬਲ ਸਾਊਥ’ ਸ਼ਬਦ ਦੀ ਵਰਤੋਂ ਆਮ ਤੌਰ ’ਤੇ ਆਰਥਕ ਤੌਰ ’ਤੇ ਘੱਟ ਵਿਕਸਤ ਦੇਸ਼ਾਂ ਲਈ ਕੀਤੀ ਜਾਂਦੀ ਹੈ। ਜੈਸ਼ੰਕਰ ਨੇ ਟੈਲੀਵਿਜ਼ਨ ’ਤੇ ਪ੍ਰਸਾਰਿਤ ਟਿਪਣੀਆਂ ’ਚ ਕਿਹਾ ਕਿ ਇਹ ਗੱਲਬਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਅਗਾਂਹਵਧੂ ਸਾਂਝੇਦਾਰੀ ਅਤੇ ਸਾਂਝੇ ਗਲੋਬਲ ਏਜੰਡੇ ਦੇ ਨਿਰਮਾਣ ਦੇ ਨਜ਼ਰੀਏ ਨੂੰ ਅੱਗੇ ਲਿਜਾਣ ਦਾ ਇਕ ਮੌਕਾ ਹੋਵੇਗੀ।
ਬਲਿੰਕਨ ਨੇ ਕਿਹਾ ਕਿ ਅਮਰੀਕਾ ਅਤੇ ਭਾਰਤ ਦੀ ਮਜ਼ਬੂਤ ਸਾਂਝੇਦਾਰੀ ਹੈ ਅਤੇ ਦੋਵੇਂ ਧਿਰਾਂ ਭਵਿੱਖ ਨੂੰ ਪ੍ਰਭਾਵਤ ਕਰਨ ਵਾਲੇ ਮੁੱਦਿਆਂ ’ਤੇ ਚਰਚਾ ਕਰ ਰਹੀਆਂ ਹਨ। ਉਨ੍ਹਾਂ ਕਿਹਾ, ‘‘ਅਸੀਂ ਕੌਮਾਂਤਰੀ ਸ਼ਾਂਤੀ ਅਤੇ ਸੁਰੱਖਿਆ ਦੇ ਖੇਤਰ ’ਚ ਸਾਂਝੇਦਾਰੀ ਨੂੰ ਮਜ਼ਬੂਤ ਕਰ ਰਹੇ ਹਾਂ ਅਤੇ ਖਾਸ ਤੌਰ ’ਤੇ ਪ੍ਰਭੂਸੱਤਾ, ਖੇਤਰੀ ਅਖੰਡਤਾ ਅਤੇ ਸੁਤੰਤਰਤਾ ਦੇ ਸਿਧਾਂਤਾਂ ਨੂੰ ਬਰਕਰਾਰ ਰੱਖਦੇ ਹੋਏ ਨਿਯਮਾਂ-ਅਧਾਰਿਤ ਵਿਵਸਥਾ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰ ਰਹੇ ਹਾਂ। ਰੱਖਿਆ ਖੇਤਰ ’ਚ ਸਾਡਾ ਸਹਿਯੋਗ ਇਸ ਕੰਮ ਦਾ ਇੱਕ ਮਹੱਤਵਪੂਰਨ ਥੰਮ੍ਹ ਹੈ।’’
ਬਲਿੰਕੇਨ ਨੇ ਕਿਹਾ, ‘‘ਅਸੀਂ ਕਈ ਕਦਮ ਚੁਕ ਕੇ ਇਕ ਆਜ਼ਾਦ ਅਤੇ ਖੁੱਲ੍ਹੇ, ਖੁਸ਼ਹਾਲ, ਸੁਰੱਖਿਅਤ ਅਤੇ ਲਚਕੀਲੇ ਇੰਡੋ-ਪੈਸੀਫਿਕ ਨੂੰ ਉਤਸ਼ਾਹਿਤ ਕਰ ਰਹੇ ਹਾਂ, ਜਿਸ ’ਚ ‘ਕਵਾਡ’ (ਚਤੁਰਭੁਜ ਸੁਰੱਖਿਆ ਗੱਲਬਾਤ) ਰਾਹੀਂ ਜਾਪਾਨ ਅਤੇ ਆਸਟ੍ਰੇਲੀਆ ਨਾਲ ਸਾਡੀ ਭਾਈਵਾਲੀ ਨੂੰ ਮਜ਼ਬੂਤ ਕਰਨਾ ਸ਼ਾਮਲ ਹੈ।’’ ਜੈਸ਼ੰਕਰ ਨੇ ਕਿਹਾ ਕਿ ਦੋਵੇਂ ਧਿਰਾਂ ਨਾਜ਼ੁਕ ਤਕਨਾਲੋਜੀਆਂ, ਸਿਵਲ ਬਾਹਰੀ ਪੁਲਾੜ ਖੇਤਰ ਅਤੇ ਨਾਜ਼ੁਕ ਖਣਿਜਾਂ ਵਰਗੇ ਨਵੇਂ ਖੇਤਰਾਂ ’ਚ ਸਹਿਯੋਗ ਦੀਆਂ ਸੰਭਾਵਨਾਵਾਂ ਦਾ ਪਤਾ ਲਗਾ ਰਹੀਆਂ ਹਨ ਅਤੇ ਸਥਾਪਿਤ ਖੇਤਰਾਂ ’ਚ ਅਪਣੇ ਸਹਿਯੋਗ ਦਾ ਵਿਸਥਾਰ ਕਰ ਰਹੀਆਂ ਹਨ। ਜੈਸ਼ੰਕਰ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਦੇ ਸਬੰਧਾਂ ’ਚ ਮਹੱਤਵਪੂਰਨ ਤਰੱਕੀ ਹੋ ਰਹੀ ਹੈ।
ਅਮਰੀਕੀ ਰਖਿਆ ਮੰਤਰੀ ਆਸਟਿਨ ਨੇ ਕਿਹਾ ਕਿ ਤਤਕਾਲੀ ਚੁਨੌਤੀਆਂ ਨੂੰ ਵੇਖਦੇ ਹੋਏ, ਇਹ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਹੱਤਵਪੂਰਨ ਹੈ ਕਿ ਦੁਨੀਆ ਦੇ ਦੋ ਸਭ ਤੋਂ ਵੱਡੇ ਲੋਕਤੰਤਰ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ, ਸਾਂਝੇ ਟੀਚਿਆਂ ਦੀ ਭਾਲ ਕਰਨ ਅਤੇ ‘ਸਾਡੇ ਲੋਕਾਂ ਲਈ ਕੰਮ ਕਰਨ।’
ਭਾਰਤ ਅਤੇ ਅਮਰੀਕਾ ਮਿਲ ਕੇ ਬਖਤਰਬੰਦ ਗੱਡੀਆਂ ਦਾ ਨਿਰਮਾਣ ਕਰਨਗੇ: ਅਮਰੀਕੀ ਰੱਖਿਆ ਮੰਤਰੀ ਆਸਟਿਨ
ਨਵੀਂ ਦਿੱਲੀ: ਅਮਰੀਕਾ ਦੇ ਰਖਿਆ ਮੰਤਰੀ ਲੋਇਡ ਆਸਟਿਨ ਨੇ ਕਿਹਾ ਹੈ ਕਿ ਭਾਰਤ ਅਤੇ ਅਮਰੀਕਾ ਰੱਖਿਆ ਉਦਯੋਗਿਕ ਸਹਿਯੋਗ ਦੇ ਤਹਿਤ ਲੜਾਕੂ ਗੱਡੀਆਂ ਦਾ ਸਹਿ-ਉਤਪਾਦਨ ਕਰਨਗੇ। ਆਸਟਿਨ ਦਿੱਲੀ ’ਚ ‘ਟੂ ਪਲੱਸ ਟੂ’ ਰਖਿਆ ਅਤੇ ਵਿਦੇਸ਼ ਮੰਤਰੀ ਪੱਧਰੀ ਚਰਚਾ ਤੋਂ ਬਾਅਦ ਕੁਝ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਅਮਰੀਕੀ ਵਫ਼ਦ ’ਚ ਆਸਟਿਨ ਤੋਂ ਇਲਾਵਾ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਵੀ ਸ਼ਾਮਲ ਸਨ। ਭਾਰਤੀ ਪੱਖ ਦੀ ਅਗਵਾਈ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਅਤੇ ਰਖਿਆ ਮੰਤਰੀ ਰਾਜਨਾਥ ਸਿੰਘ ਨੇ ਕੀਤੀ।
ਔਸਟਿਨ ਨੇ ਕਿਹਾ, ‘‘ਅਸੀਂ ਬਖਤਰਬੰਦ ਵਾਹਨਾਂ ਦੇ ਸਹਿ-ਉਤਪਾਦਨ ਲਈ ਮਿਲ ਕੇ ਕੰਮ ਕਰ ਰਹੇ ਹਾਂ ਅਤੇ ਇਹ ਬਹੁਤ ਮਹੱਤਵਪੂਰਨ ਹੈ।’’ ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਬੈਠਕ ਦੌਰਾਨ ਚੀਨ ਤੋਂ ਵਧਦੀਆਂ ਸੁਰੱਖਿਆ ਚੁਨੌਤੀਆਂ ਸਮੇਤ ਕਈ ਮੁੱਦਿਆਂ ’ਤੇ ਚਰਚਾ ਕੀਤੀ ਗਈ। ਉਨ੍ਹਾਂ ਇਹ ਵੀ ਕਿਹਾ ਕਿ ਅਮਰੀਕਾ-ਭਾਰਤ ਸਬੰਧ ਸਿਰਫ਼ ਚੀਨ ਵਲੋਂ ਦਰਪੇਸ਼ ਚੁਨੌਤੀਆਂ ’ਤੇ ਆਧਾਰਤ ਨਹੀਂ ਹਨ, ਸਗੋਂ ਦੋਵਾਂ ਦੇਸ਼ਾਂ ਦੀਆਂ ਸਾਂਝੀਆਂ ਕਦਰਾਂ-ਕੀਮਤਾਂ ’ਤੇ ਆਧਾਰਤ ਹਨ। ਅਮਰੀਕਾ ਤੋਂ 31 ਐਮ.ਕਿਊ.-9ਬੀ ਡਰੋਨ ਖਰੀਦਣ ਦੇ ਭਾਰਤ ਦੇ ਪ੍ਰਾਜੈਕਟ ਬਾਰੇ ਪੁੱਛੇ ਜਾਣ ’ਤੇ ਆਸਟਿਨ ਨੇ ਕਿਹਾ ਕਿ ਇਸ ਦਾ ਐਲਾਨ ਢੁਕਵੇਂ ਸਮੇਂ ’ਤੇ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸਰਕਾਰੀ ਅਧਿਕਾਰੀ ਇਹ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ ਕਿ ਭਾਰਤ ਨੂੰ ਇਹ ਸਮਰੱਥਾ ਜਲਦੀ ਤੋਂ ਜਲਦੀ ਮਿਲੇ। ਆਸਟਿਨ ਨੇ ਕਿਹਾ, ‘‘ਅਸੀਂ ਪੁਲਾੜ ਤੋਂ ਲੈ ਕੇ ਸਮੁੰਦਰ ਦੇ ਹੇਠਾਂ ਤਕ ਵੱਖ-ਵੱਖ ਖੇਤਰਾਂ ’ਚ ਅਮਰੀਕਾ-ਭਾਰਤ ਰਖਿਆ ਸਹਿਯੋਗ ਦਾ ਵਿਸਥਾਰ ਕਰ ਰਹੇ ਹਾਂ।’’ ਅਮਰੀਕੀ ਰਖਿਆ ਮੰਤਰੀ ਨੇ ਕਿਹਾ ਕਿ ਮੌਜੂਦਾ ਅਮਰੀਕਾ-ਭਾਰਤ ਸਹਿਯੋਗ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ ਹੈ।
ਕੈਨੇਡਾ ’ਚ ਗਰਮਖਿਆਲੀ ਗਤੀਵਿਧੀਆਂ ਨੂੰ ਲੈ ਕੇ ਚਿੰਤਾਵਾਂ ਤੋਂ ਜਾਣੂ ਕਰਵਾਇਆ
ਨਵੀਂ ਦਿੱਲੀ: ਭਾਰਤ ਨੇ ਸ਼ੁਕਰਵਾਰ ਨੂੰ ਕੈਨੇਡਾ ਵਿਚ ਗਰਮਖਿਆਲੀ ਪੱਖੀ ਤੱਤਾਂ ਦੀਆਂ ਵਧਦੀਆਂ ਗਤੀਵਿਧੀਆਂ ਨੂੰ ਲੈ ਕੇ ਅਮਰੀਕਾ ਨੂੰ ਅਪਣੀਆਂ ਗੰਭੀਰ ਚਿੰਤਾਵਾਂ ਤੋਂ ਜਾਣੂ ਕਰਵਾਇਆ ਹੈ। ਭਾਰਤ ਨੇ ‘ਟੂ ਪਲੱਸ ਟੂ’ ਵਿਦੇਸ਼ ਅਤੇ ਰਖਿਆ ਮੰਤਰੀ ਪਧਰੀ ਮੀਟਿੰਗ ’ਚ ਅਪਣੀਆਂ ਚਿੰਤਾਵਾਂ ਨੂੰ ਰੇਖਾਂਕਿਤ ਕੀਤਾ। ਵਿਦੇਸ਼ ਸਕੱਤਰ ਵਿਨੈ ਕਵਾਤਰਾ ਨੇ ਇਕ ਪ੍ਰੈੱਸ ਕਾਨਫ਼ਰੰਸ ’ਚ ਕਿਹਾ, ‘‘ਅਸੀਂ ਅਪਣੀਆਂ ਚਿੰਤਾਵਾਂ ਨੂੰ ਸਪੱਸ਼ਟ ਕਰ ਦਿਤਾ ਹੈ।’’ ‘ਟੂ ਪਲੱਸ ਟੂ’ ਮੰਤਰੀ ਪਧਰੀ ਵਾਰਤਾ ’ਚ ਅਮਰੀਕੀ ਵਫ਼ਦ ਦੀ ਅਗਵਾਈ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਅਮਰੀਕੀ ਰਖਿਆ ਸਕੱਤਰ ਲੋਇਡ ਆਸਟਿਨ ਨੇ ਕੀਤੀ, ਜਦਕਿ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਅਤੇ ਰਖਿਆ ਮੰਤਰੀ ਰਾਜਨਾਥ ਸਿੰਘ ਨੇ ਭਾਰਤੀ ਪੱਖ ਦੀ ਅਗਵਾਈ ਕੀਤੀ।
ਕਵਾਤਰਾ ਨੇ ਕਿਹਾ, ‘‘ਸਾਡੀ ਮੁੱਖ ਚਿੰਤਾ ਸੁਰੱਖਿਆ ਨੂੰ ਲੈ ਕੇ ਹੈ ਅਤੇ ਮੈਨੂੰ ਯਕੀਨ ਹੈ ਕਿ ਤੁਸੀਂ ਸਾਰੇ ਇਕ ਅਜਿਹੇ ਵਿਅਕਤੀ ਦੇ, ਸਾਹਮਣੇ ਆਏ ਵੀਡੀਉ ਤੋਂ ਜਾਣੂ ਹੋਵੋਗੇ।’’ ਉਨ੍ਹਾਂ ਕਿਹਾ ਕਿ ਅਮਰੀਕੀ ਧਿਰ ਨਵੀਂ ਦਿੱਲੀ ਦੀਆਂ ਚਿੰਤਾਵਾਂ ਨੂੰ ਸਮਝਦਾ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਪਿਛਲੇ ਜੂਨ ਮਹੀਨੇ ਕੈਨੇਡਾ ਦੇ ਸ਼ਹਿਰ ਸਰੀ ’ਚ ਖਾਲਿਸਤਾਨੀ ਵਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਲੈ ਕੇ ਸਤੰਬਰ ’ਚ ਦੋਸ਼ ਲਾਏ ਜਾਣ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਸਬੰਧਾਂ ’ਚ ਭਾਰੀ ਤਣਾਅ ਆ ਗਿਆ ਸੀ।
ਟਰੂਡੋ ਦੇ ਦੋਸ਼ਾਂ ਤੋਂ ਕੁਝ ਦਿਨ ਬਾਅਦ, ਭਾਰਤ ਨੇ ਕੈਨੇਡੀਅਨ ਨਾਗਰਿਕਾਂ ਨੂੰ ਵੀਜ਼ਾ ਜਾਰੀ ਕਰਨਾ ਅਸਥਾਈ ਤੌਰ ’ਤੇ ਮੁਅੱਤਲ ਕਰ ਦਿਤਾ ਅਤੇ ਓਟਾਵਾ ਨੂੰ ਸਮਾਨਤਾ ਨੂੰ ਯਕੀਨੀ ਬਣਾਉਣ ਲਈ ਦੇਸ਼ ’ਚ ਅਪਣੀ ਕੂਟਨੀਤਕ ਮੌਜੂਦਗੀ ਨੂੰ ਘਟਾਉਣ ਲਈ ਕਿਹਾ। ਕੈਨੇਡਾ ਨੇ ਪਹਿਲਾਂ ਹੀ ਭਾਰਤ ਤੋਂ 41 ਸਫ਼ੀਰਾਂ ਅਤੇ ਉਨ੍ਹਾਂ ਦੇ ਪ੍ਰਵਾਰਕ ਜੀਆਂ ਨੂੰ ਵਾਪਸ ਬੁਲਾ ਚੁਕਾ ਹੈ। ਭਾਰਤ ਕੱੁਝ ਵੀਜ਼ਾ ਸੇਵਾਵਾਂ ਬਹਾਲ ਕਰ ਚੁਕਾ ਹੈ।
(For more news apart from US-India 2+2 Summit, stay tuned to Rozana Spokesman)