
ਅਮਰੀਕਾ, ਰੂਸ, ਫਰਾਂਸ ਅਤੇ ਚੀਨ ਤੋਂ ਬਾਅਦ ਭਾਰਤ ਹੁਣ ਪੰਜਵਾਂ ਅਜਿਹਾ ਦੇਸ਼ ਹੈ ਜਿਸ ਦੇ ਕੋਲ ਇੰਟਰਕੌਂਟੀਨੇਂਟਲ ਬੈਲਿਸਟਿਕ ਮਿਜ਼ਾਇਲ ਦੀ ਸਮਰਥਾ ਹੈ।
ਨਵੀਂ ਦਿੱਲੀ, ( ਭਾਸ਼ਾ ) : ਭਾਰਤ ਦਿਨੋ ਦਿਨ ਪੁਲਾੜ ਦੀ ਦੁਨੀਆ ਵਿਚ ਉਪਲਬਧੀਆਂ ਹਾਸਲ ਕਰ ਰਿਹਾ ਹੈ। ਇਸੇ ਲੜੀ ਅਧੀਨ ਬੈਲਿਸਟਿਕ ਅਗਨੀ-5 ਦਾ ਸਫਲ ਪ੍ਰਯੋਗ ਕੀਤਾ। ਇਸ ਮਿਜ਼ਾਇਲ ਦਾ ਇਹ ਸੱਤਵਾਂ ਪ੍ਰਯੋਗ ਹੈ। 5500 ਕਿਲੋਮੀਟਰ ਤੱਕ ਮਾਰ ਕਰਨ ਵਾਲੀ ਅਗਨੀ-5 ਮਿਜ਼ਾਇਲ ਦਾ ਇਹ ਪ੍ਰਯੋਗ ਓਡੀਸ਼ਾ ਦੇ ਸਮੁੰਦਰੀ ਤੱਟ 'ਤੇ ਕੀਤਾ ਗਿਆ। ਅਗਨੀ-5 ਦੀ ਰੇਂਜ 5500 ਕਿਲੋ ਮੀਟਰ ਤੋਂ ਵੀ ਵੱਧ ਹੈ।
Agni-5-DRDO
ਅਗਨੀ-5 ਤਕਨੀਕ ਦੇ ਮਾਮਲੇ ਵਿਚ ਸੱਭ ਤੋਂ ਅਡਵਾਂਸ ਮਿਜ਼ਾਇਲ ਹੈ। ਇਸ ਵਿਚ ਨੇਵੀਗੇਸ਼ਨ, ਮਾਰਗਦਰਸ਼ਨ, ਵਾਰਹੈੱਡ ਅਤੇ ਇੰਜਣ ਦੀਆਂ ਅਤਿਆਧੁਨਿਕ ਸਹੂਲਤਾਂ ਹਨ। ਉਥੇ ਹੀ ਅਮਰੀਕਾ, ਰੂਸ, ਫਰਾਂਸ ਅਤੇ ਚੀਨ ਤੋਂ ਬਾਅਦ ਭਾਰਤ ਹੁਣ ਪੰਜਵਾਂ ਅਜਿਹਾ ਦੇਸ਼ ਹੈ ਜਿਸ ਦੇ ਕੋਲ ਇੰਟਰਕੌਂਟੀਨੇਂਟਲ ਬੈਲਿਸਟਿਕ ਮਿਜ਼ਾਇਲ ਦੀ ਸਮਰਥਾ ਹੈ। ਇਹ ਇਕ ਮਹਾਂਦੀਪ ਤੋਂ ਦੂਜੇ ਮਹਾਂਦੀਪ ਤੱਕ 5000 ਕਿਲੋ ਮੀਟਰ ਤੋਂ ਵੱਧ ਦੀ ਮਾਰ ਸਮਰਥਾ ਰੱਖਣ ਵਾਲੀ ਮਿਜ਼ਾਇਲ ਹੈ।
Abdul Kalam Island
ਰੱਖਿਆ ਸੂਤਰਾਂ ਮੁਤਾਹਬਕ ਇਸ ਮਿਜ਼ਾਇਲ ਦਾ ਪ੍ਰਯੋਗ ਬੰਗਾਲ ਦੀ ਖਾੜੀ ਦੇ ਡਾ.ਅਬਦੁਲ ਕਲਾਮ ਦੀਪ 'ਤੇ ਇੰਟੈਗਰੇਟਿਡ ਟੈਸਟ ਰੇਂਜ (ਆਈਟੀਆਰ ) ਦੇ ਲਾਂਚ ਪੈਡ ਗਿਣਤੀ-4 ਤੋਂ ਇਕ ਮੋਬਾਈਲ ਲਾਂਚਰ ਰਾਹੀ ਕੀਤਾ ਗਿਆ। ਦੱਸ ਦਈਏ ਕਿ 17.5 ਮੀਟਰ ਲੰਮੀ, 2 ਮੀਟਰ ਚੌੜੀ ਅਤੇ 50 ਟਨ ਭਾਰ ਵਾਲੀ ਇਹ ਮਿਜ਼ਾਇਲ ਡੇਢ ਟਨ ਵਿਸਫੋਟਕ ਢੋਣ ਦੀ ਤਾਕਤ ਰੱਖਦੀ ਹੈ।
DRDO
ਇਸ ਦੀ ਰਫਤਾਰ ਅਵਾਜ਼ ਦੀ ਰਫਤਾਰ ਨਾਲੋਂ 24 ਗੁਣਾ ਵੱਧ ਹੈ। ਰੱਖਿਆ ਖੋਜ ਅਤੇ ਵਿਕਾਸ ਸੰਸਥਾ( ਡੀਆਰਡੀਓ) ਦੇ ਅਧਿਕਾਰੀਆਂ ਮੁਤਾਬਕ ਇਸ ਮਿਜ਼ਾਇਲ ਨੂੰ ਸਟੀਕਤਾ ਨਾਲ ਨਿਸ਼ਾਨਾ ਲਗਾਉਣ ਲਈ ਤਿਆਰ ਕੀਤਾ ਗਿਆ ਹੈ। ਇਹ ਮਿਜ਼ਾਇਲ ਇਸ ਵਿਚ ਲੱਗੇ ਕੰਪਿਊਟਰ ਤੋਂ ਨਿਰਦੇਸ਼ ਪ੍ਰਾਪਤ ਕਰੇਗੀ ।
ਇਸ ਤੋਂ ਪਹਿਲਾਂ ਅਗਨੀ-5 ਦਾ ਸਫਲ ਪ੍ਰਯੋਗ ਸਾਲ 2012 ਵਿਚ , ਦੂਜਾ 2013, ਤੀਜਾ 2015, ਚੌਥਾ 2016, ਪੰਜਵਾਂ ਜਨਵਰੀ 2018, ਛੇਵਾਂ ਜੂਨ 2018 ਅਤੇ ਸੱਤਵਾਂ ਅੱਜ ਕੀਤਾ ਗਿਆ ਹੈ।