
ਉਧਵ ਠਾਕਰੇ ਨੇ ਕਿਹਾ, ਸਾਰੇ ਤੱਥ ਸਪੱਸ਼ਟ ਹੋਣ ਤਕ ਬਿੱਲ ਦਾ ਸਮਰਥਨ ਨਹੀਂ ਕਰਾਂਗੇ
ਨਵੀਂ ਦਿੱਲੀ : ਨਾਗਰਿਕਤਾ ਸੋਧ ਬਿੱਲ ਸੋਮਵਾਰ ਨੂੰ ਲੋਕ ਸਭਾ ਵਿਚ ਪਾਸ ਹੋ ਗਿਆ। ਇਸ ਵਿਚ ਅਫ਼ਗਾਨਿਸਤਾਨ, ਬੰਗਲਾਦੇਸ਼ ਅਤੇ ਪਾਕਿਸਤਾਨ ਤੋਂ ਧਾਰਮਿਕ ਅਧਾਰ 'ਤੇ ਸਤਾਏ ਹਿੰਦੂ, ਸਿੱਖ, ਬੋਧੀ, ਜੈਨ, ਪਾਰਸੀ ਅਤੇ ਈਸਾਈਆਂ ਭਾਈਚਾਰੇ ਦੇ ਲੋਕਾਂ ਨੂੰ ਭਾਰਤੀ ਨਾਗਰਿਕਤਾ ਲਈ ਅਰਜ਼ੀ ਦੇਣ ਦਾ ਹੱਕਦਾਰ ਬਣਾਉਣ ਦੀ ਵਿਵਸਥਾ ਕੀਤੀ ਗਈ ਹੈ।
file photo
ਨਾਗਰਿਕਤਾ ਸੋਧ ਬਿੱਲ ਦਾ ਪਹਿਲਾ ਵਿਰੋਧ ਤੇ ਫਿਰ ਸਮਰਥਨ ਕਰਨ ਵਾਲੀ ਸ਼ਿਵ ਸੈਨਾ ਇਕ ਵਾਰ ਫਿਰ ਪਲਟੀ ਮਾਰ ਗਈ ਹੈ। ਮੰਗਲਵਾਰ ਨੂੰ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼ਿਵ ਸੈਨਾ ਮੁਖੀ ਉਧਵ ਠਾਕਰੇ ਨੇ ਕਿਹਾ ਕਿ ਜਦੋਂ ਤਕ ਬਿੱਲ ਬਾਰੇ ਸਾਰੇ ਸ਼ੰਕੇ ਦੂਰ ਨਹੀਂ ਹੋ ਜਾਂਦੇ ਅਸੀਂ ਇਸ ਦਾ ਸਮਰਥਨ ਨਹੀਂ ਕਰਾਂਗੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨਾਗਰਿਕ ਨੂੰ ਇਸ ਬਿੱਲ 'ਤੇ ਸ਼ੱਕ ਕਾਰਨ ਡਰ ਮਹਿਸੂਸ ਹੋ ਰਿਹਾ ਹੈ ਤਾਂ ਪਹਿਲਾਂ ਉਸ ਦਾ ਸ਼ੱਕ ਦੂਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਹਰ ਨਾਗਰਿਕ ਦੇ ਸਵਾਲ ਦਾ ਜਵਾਬ ਦੇਣਾ ਚਾਹੀਦਾ ਹੈ।
file photo
ਕਾਬਲੇਗੌਰ ਹੈ ਕਿ ਬਿੱਲ ਪਾਸ ਹੋਣ ਤੋਂ ਪਹਿਲਾਂ ਸ਼ਿਵ ਸੈਨਾ ਨੇ ਇਸ ਦਾ ਵਿਰੋਧ ਕੀਤਾ ਸੀ ਪਰ ਲੋਕ ਸਭਾ ਵਿਚ ਵੋਟਿੰਗ ਦੌਰਾਨ ਇਸ ਦੇ ਸੰਸਦ ਮੈਂਬਰ ਬਿੱਲ ਦੇ ਹੱਕ 'ਚ ਭੁਗਤੇ ਸਨ। ਦੱਸ ਦਈਏ ਕਿ ਨਾਗਰਿਕਤਾ ਸੋਧ ਬਿੱਲ ਸੰਸਦ 'ਚ ਪੇਸ਼ ਹੋਣ ਤੋਂ ਪਹਿਲਾਂ ਸ਼ਿਵ ਸੈਨਾ ਨੇ ਆਪਣੇ ਅਖ਼ਬਾਰ 'ਸਾਮਨਾ' ਵਿਚ ਵੀ ਇਸ ਬਿੱਲ ਦੀ ਭਰਪੂਰ ਨਿੰਦਾ ਕਰਦਿਆਂ ਸਵਾਲ ਉਠਾਏ ਸਨ ਕਿ ਕੀ ਨਾਜਾਇਜ਼ ਹਿੰਦੂ ਸ਼ਰਨਾਰਥੀਆਂ ਦੀ 'ਚੋਣਵੀਂ ਪ੍ਰਵਾਨਗੀ' ਦੇਸ਼ ਅੰਦਰ ਧਾਰਮਿਕ ਲੜਾਈ ਛੇੜਣ ਦਾ ਕੰਮ ਨਹੀਂ ਕਰੇਗੀ। ਉਨ੍ਹਾਂ ਨੇ ਕੇਂਦਰ 'ਤੇ ਬਿੱਲ ਨੂੰ ਲੈ ਕੇ ਹਿੰਦੂਆਂ ਅਤੇ ਮੁਸਲਮਾਨਾਂ ਵਿਚਾਲੇ 'ਅਦਿੱਖ ਵੰਡ' ਕਰਨ ਦਾ ਦੋਸ਼ ਵੀ ਲਾਇਆ ਸੀ।
file photoਉਧਵ ਠਾਕਰੇ ਦੀ ਅਗਵਾਈ ਵਾਲੀ ਪਾਰਟੀ ਦਾ ਕਹਿਣਾ ਹੈ ਕਿ ਬਿੱਲ ਦੀ ਆੜ ਵਿਚ ਵੋਟ ਬੈਂਕ ਦੀ ਰਾਜਨੀਤੀ ਕਰਨਾ ਦੇਸ਼ ਵਿਚ ਹਿੱਤ ਵਿਚ ਨਹੀਂ ਹੈ, ਪਰ ਬਾਅਦ ਵਿਚ ਸ਼ਿਵ ਸੈਨਾ ਨੇ ਲੋਕ ਸਭਾ ਵਿਚ ਬਿੱਲ ਦਾ ਸਮਰਥਨ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ।