
ਖਿੱਚ ਦਾ ਕੇਂਦਰ ਬਣੀ ਕਾਰ, ਲੋਕ ਕਾਰ ਨਾਲ ਖਿੱਚ ਰਹੇ ਨੇ ਸੈਲਫੀਆਂ
ਨਵੀਂ ਦਿੱਲੀ (ਲੰਕੇਸ਼ ਤ੍ਰਿਖਾ) : ਦਿੱਲੀ ਵਿਖੇ ਚੱਲ ਰਿਹਾ ਕਿਸਾਨੀ ਸੰਘਰਸ਼ ਦਾ ਜਨੂੰਨ ਨੌਜਵਾਨਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ। ਨੌਜਵਾਨ ਗੇੜੀ-ਰੂਟ ਦੀ ਥਾਂ ਹੁਣ ਦਿੱਲੀ ਵੱਲ ਜਾਣਾ ਪਸੰਦ ਕਰਦੇ ਹਨ। ਦਿੱਲੀ ਧਰਨੇ ’ਚ ਪਹੁੰਚੇ ਇਕ ਨੌਜਵਾਨ ਨੇ ਅਪਣੀ ਕਾਰ ’ਤੇ ਪੇਟ ਨਾਲ ‘ਕਿਸਾਨ ਮਜਦੂਰ ਏਕਤਾ ਜਿੰਦਾਬਾਦ’ ਦਾ ਨਾਅਰਾ ਲਿਖ ਕੇ ਵਿਲੱਖਣ ਮਿਸਾਲ ਪੈਦਾ ਕੀਤੀ ਹੈ।
Delhi Dharna
ਨੌਜਵਾਨ ਮੁਤਾਬਕ ਉਹ ਧਰਨੇ ’ਚ ਸ਼ਾਮਲ ਹੋਣ ਲਈ ਦਿੱਲੀ ਰਵਾਨਾ ਹੋਣ ਵੇਲੇ ਕਿਸਾਨ ਯੂਨੀਅਨ ਦੇ ਝੰਡੇ ਜਾਂ ਸਟਿੱਕਰ ਦੀ ਭਾਲ ਵਿਚ ਸੀ ਜੋ ਉਸ ਨੂੰ ਕੋਸ਼ਿਸ਼ਾਂ ਕਰਨ ’ਤੇ ਵੀ ਮਿਲ ਨਹੀਂ ਸਕਿਆ। ਇਸ ਤੋਂ ਬਾਅਦ ਉਸ ਦੇ ਦਿਮਾਗ਼ ਵਿਚ ਪੇਟ ਨਾਲ ਗੱਡੀ ’ਤੇ ਨਾਅਰਾ ਲਿਖਣ ਦਾ ਫੁਰਨਾ ਫੁਰਿਆ। ਪਿਛਲੇ 8 ਦਿਨਾਂ ਤੋਂ ਧਰਨੇ ’ਚ ਪਹੁੰਚੇ ਇਸ ਨੌਜਵਾਨ ਮੁਤਾਬਕ ਉਸ ਨੂੰ ਇਸ ਲਈ ਪਿਤਾ ਦੀਆਂ ਝਿੜਕਾਂ ਵੀ ਸਹਿਣੀਆਂ ਪਈਆਂ ਪਰ ਹੁਣ ਜਦੋਂ ਲੋਕ ਉਸ ਦੀ ਗੱਡੀ ਨਾਲ ਸੈਲਫ਼ੀਆਂ ਖਿੱਚਦੇ ਹਨ ਤਾਂ ਉਸ ਨੂੰ ਬਹੁਤ ਚੰਗਾ ਲੱਗਦਾ ਹੈ।
Delhi Dharna
ਕਾਬਲੇਗੌਰ ਹੈ ਕਿ ਪੰਜਾਬ ਦੇ ਨੌਜਵਾਨਾਂ ਅੰਦਰ ਦਿੱਲੀ ਵਿਖੇ ਚੱਲ ਰਹੇ ਧਰਨੇ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਨੌਜਵਾਨ ਵੱਡੀ ਗਿਣਤੀ ’ਚ ਧਰਨੇ ’ਚ ਪਹੁੰਚ ਕੇ ਲੰਗਰ ਸਮੇਤ ਹੋਰ ਸੇਵਾਵਾਂ ’ਚ ਸੇਵਾ ਨਿਭਾਅ ਰਹੇ ਹਨ। ਕਿਸਾਨੀ ਸੰਘਰਸ਼ ਨੇ ਪੰਜਾਬੀਆਂ ਅੰਦਰ ਭਾਈਚਾਰਕ ਸਾਂਝ ਨੂੰ ਵਧਾਉਣ ਦਾ ਕੰਮ ਕੀਤਾ ਹੈ। ਖ਼ਬਰਾਂ ਮੁਤਾਬਕ ਦਿੱਲੀ ਧਰਨੇ ’ਚ ਜਾਣ ਵੇਲੇ ਲੋਕ ਰਸਦਾਂ ਭੇਜਣ ਸਮੇਤ ਹੋਰ ਚੀਜ਼ਾਂ-ਵਸਤਾਂ ਵੀ ਸਾਂਝੀਆਂ ਕਰ ਰਹੇ ਹਨ।
Delhi Dharna
ਮੀਡੀਆ ਰਿਪੋਰਟ ਮੁਤਾਬਕ ਇਕ ਕਿਸਾਨ ਆਗੂ ਅਪਣੇ ਮੋਟਰ ਸਾਈਕਲ ’ਤੇ ਦਿੱਲੀ ਰਿਹਾ ਸੀ। ਪਿੰਡ ਦੇ ਕਿਸਾਨ ਨੇ ਦਿੱਲੀ ਜਾਣ ਲਈ ਅਪਣੀ ਬਲੈਰੋ ਗੱਡੀ ਦੀਆਂ ਚਾਬੀਆਂ ਉਸ ਆਗੂ ਨੂੰ ਸੌਂਪ ਕੇ ਧਰਨੇ ’ਚ ਯੋਗਦਾਨ ਪਾਇਆ। ਪਿੰਡਾਂ ਵਿਚੋਂ ਨੌਜਵਾਨ ਰਸਦ ਸਮੇਤ ਦੂਜੀਆਂ ਵਸਤਾਂ ਨਾਲ ਦਿੱਲੀ ਵੱਲ ਕੂਚ ਕਰ ਰਹੇ ਹਨ। ਪਿੰਡਾਂ ਵਿਚ ਲੋਕਾਂ ਵਲੋਂ ਆਮ ਮੁਹਾਰੇ ਪੈਸੇ ਇਕੱਠੇ ਕਰ ਕੇ ਧਰਨੇ ’ਚ ਮਦਦ ਲਈ ਭੇਜੀ ਜਾ ਰਹੇ ਹਨ। ਧਰਨੇ ’ਚ ਤਿਲ-ਫੁਲ ਭੇਂਟਾ ਦੇ ਕੇ ਲੋਕ ਧੰਨ-ਭਾਗ ਸਮਝ ਰਹੇ ਹਨ।