ਭਤੀਜੇ ਆਕਾਸ਼ ਆਨੰਦ ਨੂੰ ਸੌਂਪੀ ਵਿਰਾਸਤ
Mayawati: ਬਹੁਜਨ ਸਮਾਜ ਪਾਰਟੀ (ਬਸਪਾ) ਦੀ ਪ੍ਰਧਾਨ ਮਾਇਆਵਤੀ ਨੇ ਐਤਵਾਰ ਨੂੰ ਆਪਣੇ ਭਤੀਜੇ ਆਕਾਸ਼ ਆਨੰਦ ਨੂੰ ਆਪਣਾ ਉਤਰਾਧਿਕਾਰੀ ਐਲਾਨ ਦਿੱਤਾ ਹੈ। ਪਾਰਟੀ ਦੇ ਇਕ ਨੇਤਾ ਨੇ ਇਹ ਜਾਣਕਾਰੀ ਦਿੱਤੀ। ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਸਬੰਧ ਵਿਚ ਮਾਇਆਵਤੀ ਵੱਲੋਂ ਬੁਲਾਈ ਗਈ ਪਾਰਟੀ ਅਧਿਕਾਰੀਆਂ ਦੀ ਮੀਟਿੰਗ ਵਿਚ ਸ਼ਾਮਲ ਹੋਣ ਲਈ ਪੁੱਜੇ ਬਸਪਾ ਦੀ ਸ਼ਾਹਜਹਾਨਪੁਰ ਇਕਾਈ ਦੇ ਜ਼ਿਲ੍ਹਾ ਪ੍ਰਧਾਨ ਉਦੈਵੀਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬਸਪਾ ਪ੍ਰਧਾਨ ਨੇ ਆਪਣੇ ਭਤੀਜੇ ਆਕਾਸ਼ ਆਨੰਦ ਨੂੰ ਆਪਣਾ ਉਤਰਾਧਿਕਾਰੀ ਐਲਾਨਿਆ ਹੈ।
ਉਨ੍ਹਾਂ ਦੱਸਿਆ ਕਿ ਮਾਇਆਵਤੀ ਨੇ ਇਹ ਐਲਾਨ ਇੱਥੇ ਬਸਪਾ ਦਫ਼ਤਰ ਵਿਚ ਹੋਈ ਦੇਸ਼ ਭਰ ਦੇ ਪਾਰਟੀ ਆਗੂਆਂ ਦੀ ਮੀਟਿੰਗ ਵਿਚ ਕੀਤਾ। ਮਾਇਆਵਤੀ ਦੁਆਰਾ ਕੀਤੇ ਗਏ ਐਲਾਨ ਬਾਰੇ ਵਿਸ਼ੇਸ਼ ਤੌਰ 'ਤੇ ਪੁੱਛੇ ਜਾਣ 'ਤੇ ਸਿੰਘ ਨੇ ਕਿਹਾ, "ਉਸ (ਮਾਇਆਵਤੀ) ਨੇ ਕਿਹਾ ਕਿ ਉਹ (ਆਕਾਸ਼) ਉਨ੍ਹਾਂ ਦੀ ਥਾਂ ਲੈਣਗੇ।"
ਸਿੰਘ ਨੇ ਕਿਹਾ, "ਉਨ੍ਹਾਂ (ਆਕਾਸ਼) ਨੂੰ ਉੱਤਰ ਪ੍ਰਦੇਸ਼ ਨੂੰ ਛੱਡ ਕੇ ਪੂਰੇ ਦੇਸ਼ ਵਿੱਚ ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।"
ਹਾਲਾਂਕਿ ਪਾਰਟੀ ਦੇ ਅਧਿਕਾਰਤ ਬਿਆਨ 'ਚ ਅਜਿਹੇ ਕਿਸੇ ਐਲਾਨ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ।
ਓਧਰ ਵਿਰੋਧੀਆਂ ਨੇ ਮਾਇਆਵਤੀ ਦੇ ਇਸ ਐਲਾਨ ਚੋਂ ਬਾਅਦ ਤੰਜ਼ ਕੱਸਣਾ ਸ਼ੁਰੂ ਕਰ ਦਿੱਤਾ ਹੈ। ਵਿਰੋਧੀਆਂ ਦਾ ਕਹਿਣਾ ਹੈ ਕਿ ਜੋ ਮਾਇਆਵਤੀ ਪਹਿਲਾਂ ਹੀ ਪਰਿਵਾਰਵਾਦ ਦੇ ਖਿਲਾਫ਼ ਸੀ ਅੱਜ ਉਸ ਨੇ ਖ਼ੁਦ ਹੀ ਅਪਣੇ ਪਰਿਵਾਰ ਵਿਚੋਂ ਅਪਣਾ ਉੱਤਰਾਧਿਕਾਰੀ ਐਲਾਨਿਆ ਹੈ।