
ਯੂ.ਜੀ.ਸੀ. ਵਲੋਂ ਗਠਤ ਮਾਹਰਾਂ ਦੀ ਕਮੇਟੀ ਨੇ ਇਮਤਿਹਾਨ ਦੀ ਸਮੀਖਿਆ ਲਈ ਕਈ ਤਬਦੀਲੀਆਂ ਦਾ ਪ੍ਰਸਤਾਵ ਦਿਤਾ
ਨਵੀਂ ਦਿੱਲੀ : ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ.ਜੀ.ਸੀ.) ਦੇ ਚੇਅਰਮੈਨ ਜਗਦੀਸ਼ ਕੁਮਾਰ ਨੇ ਕਿਹਾ ਹੈ ਕਿ 2025 ਤੋਂ ਯੂਨੀਵਰਸਿਟੀ ਕਾਮਨ ਐਂਟਰੈਂਸ ਟੈਸਟ-ਗ੍ਰੈਜੂਏਟ (CUET-UG) ਸਿਰਫ ਕੰਪਿਊਟਰ ਅਧਾਰਤ ਟੈਸਟ ਵਜੋਂ ਲਿਆ ਜਾਵੇਗਾ ਅਤੇ ਵਿਦਿਆਰਥੀਆਂ ਨੂੰ ਕਿਸੇ ਵੀ ਵਿਸ਼ੇ ਲਈ ਬੈਠਣ ਦੀ ਇਜਾਜ਼ਤ ਦਿਤੀ ਜਾਏਗੀ ਭਾਵੇਂ ਉਨ੍ਹਾਂ ਨੇ ਬਾਰ੍ਹਵੀਂ ਜਮਾਤ ’ਚ ਉਸ ਵਿਸ਼ੇ ਦੀ ਪੜ੍ਹਾਈ ਨਾ ਹੀ ਕੀਤੀ ਹੋਵੇ।
ਕੁਮਾਰ ਨੇ ਕਿਹਾ ਕਿ ਕਮਿਸ਼ਨ ਵਲੋਂ ਗਠਤ ਮਾਹਰਾਂ ਦੀ ਕਮੇਟੀ ਨੇ ਇਮਤਿਹਾਨ ਦੀ ਸਮੀਖਿਆ ਕੀਤੀ ਹੈ ਅਤੇ ਕਈ ਤਬਦੀਲੀਆਂ ਦਾ ਪ੍ਰਸਤਾਵ ਦਿਤਾ ਹੈ। ਉਨ੍ਹਾਂ ਕਿਹਾ, ‘‘ਕਮੇਟੀ ਨੇ ਇਮਤਿਹਾਨ ਦੇ ਵੱਖ-ਵੱਖ ਪਹਿਲੂਆਂ ਜਿਵੇਂ ਕਿ ਇਸ ਦਾ ਫਾਰਮੈਟ, ਪ੍ਰਸ਼ਨ ਪੱਤਰਾਂ ਦੀ ਗਿਣਤੀ, ਇਮਤਿਹਾਨ ਦੀ ਮਿਆਦ, ਸਿਲੇਬਸ ਅਤੇ ਸੰਚਾਲਨ ਦੀ ਜਾਂਚ ਕੀਤੀ। ਇਸ ਵਲੋਂ ਸੁਝਾਈਆਂ ਤਬਦੀਲੀਆਂ ਨੂੰ ਕਮਿਸ਼ਨ ਨੇ ਹਾਲ ਹੀ ’ਚ ਇਕ ਮੀਟਿੰਗ ’ਚ ਮਨਜ਼ੂਰੀ ਦਿਤੀ ਸੀ।’’
ਉਨ੍ਹਾਂ ਕਿਹਾ, ‘‘ਇਹ ਇਮਤਿਹਾਨ 2025 ਤੋਂ ਸਿਰਫ ਕੰਪਿਊਟਰ ਅਧਾਰਤ ਫਾਰਮੈਟ ’ਚ ਲਿਆ ਜਾਵੇਗਾ। ਅਸੀਂ ਪਿਛਲੇ ਸਾਲ ਹਾਈਬ੍ਰਿਡ ਫਾਰਮੈਟ ਵਿਚ ਇਮਤਿਹਾਨ ਲਏ ਸਨ ਪਰ ਹੁਣ ਕੰਪਿਊਟਰ ਅਧਾਰਤ ਫਾਰਮੈਟ ਵਲ ਵਧਾਂਗੇ ਕਿਉਂਕਿ ਇਹ ਇਮਤਿਹਾਨ ਦੇ ਹੋਰ ਫਾਰਮੈਟਾਂ ਨਾਲੋਂ ਵਧੇਰੇ ਭਰੋਸੇਮੰਦ ਅਤੇ ਸੁਰੱਖਿਅਤ ਹੈ।’’
ਉਨ੍ਹਾਂ ਕਿਹਾ, ‘‘ਉਮੀਦਵਾਰਾਂ ਨੂੰ CUET-UG ’ਚ ਉਨ੍ਹਾਂ ਵਿਸ਼ਿਆਂ ਦੀ ਚੋਣ ਕਰਨ ਦੀ ਇਜਾਜ਼ਤ ਦਿਤੀ ਜਾਵੇਗੀ ਜਿਨ੍ਹਾਂ ਦੀ ਉਨ੍ਹਾਂ ਨੇ 12ਵੀਂ ਜਮਾਤ ’ਚ ਪੜ੍ਹਾਈ ਨਹੀਂ ਕੀਤੀ ਹੈ, ਤਾਂ ਜੋ ਵਿਦਿਆਰਥੀਆਂ ਨੂੰ ਉੱਚ ਸਿੱਖਿਆ ’ਚ ਕਿਸੇ ਵੀ ਵਿਸ਼ੇ ਦੀ ਚੋਣ ਕਰਨ ਦਾ ਮੌਕਾ ਮਿਲ ਸਕੇ।’’ ਉਨ੍ਹਾਂ ਕਿਹਾ, ‘‘ਅਸੀਂ ਵਿਸ਼ਿਆਂ ਦੀ ਗਿਣਤੀ 63 ਤੋਂ ਘਟਾ ਕੇ 37 ਕਰ ਦਿਤੀ ਹੈ ਅਤੇ ਬਾਹਰ ਰੱਖੇ ਗਏ ਵਿਸ਼ਿਆਂ ਲਈ ਦਾਖਲਾ ਕਾਮਨ ਐਲੀਜੀਬਿਲਟੀ ਟੈਸਟ (ਜੀ.ਏ.ਟੀ.) ’ਚ ਪ੍ਰਾਪਤ ਅੰਕਾਂ ਦੇ ਆਧਾਰ ’ਤੇ ਦਿਤਾ ਜਾਵੇਗਾ।’’
33 ਭਾਸ਼ਾਵਾਂ ਲਈ ਵੱਖ-ਵੱਖ ਇਮਤਿਹਾਨ ਦੀ ਬਜਾਏ, ਇਮਤਿਹਾਨ ਸਿਰਫ 13 ਭਾਸ਼ਾਵਾਂ ਲਈ ਲਏ ਜਾਣਗੇ, ਜਿਨ੍ਹਾਂ ’ਚ ਅਸਾਮੀ, ਬੰਗਾਲੀ, ਅੰਗਰੇਜ਼ੀ, ਗੁਜਰਾਤੀ, ਹਿੰਦੀ, ਕੰਨੜ, ਮਲਿਆਲਮ, ਮਰਾਠੀ, ਪੰਜਾਬੀ, ਉੜੀਆ, ਤਾਮਿਲ, ਤੇਲਗੂ ਅਤੇ ਉਰਦੂ ਸ਼ਾਮਲ ਹਨ।
ਖੇਤਰ-ਵਿਸ਼ੇਸ਼ ਵਿਸ਼ਿਆਂ ਦੀ ਗਿਣਤੀ 29 ਤੋਂ ਘਟਾ ਕੇ 23 ਕਰ ਦਿਤੀ ਗਈ ਹੈ। ਹਟਾਏ ਗਏ ਪੇਪਰਾਂ ’ਚ ਉੱਦਮਤਾ, ਅਧਿਆਪਨ ਯੋਗਤਾ, ਫੈਸ਼ਨ ਸਟੱਡੀਜ਼, ਸੈਰ-ਸਪਾਟਾ, ਕਾਨੂੰਨੀ ਅਧਿਐਨ ਅਤੇ ਇੰਜੀਨੀਅਰਿੰਗ ਗ੍ਰਾਫਿਕਸ ਸ਼ਾਮਲ ਹਨ। ਇਮਤਿਹਾਨ ਦੇ 2025 ਐਡੀਸ਼ਨ ’ਚ ਕੀਤੇ ਗਏ ਬਦਲਾਵਾਂ ਬਾਰੇ ਗੱਲ ਕਰਦਿਆਂ ਕੁਮਾਰ ਨੇ ਕਿਹਾ ਕਿ ਵਿਦਿਆਰਥੀ ਹੁਣ ਛੇ ਵਿਸ਼ਿਆਂ ਦੀ ਬਜਾਏ ਵੱਧ ਤੋਂ ਵੱਧ ਪੰਜ ਵਿਸ਼ਿਆਂ ’ਚ CUET-UG ਦੇ ਸਕਣਗੇ।
ਇਸੇ ਤਰ੍ਹਾਂ ਇਮਤਿਹਾਨ ਦੀ ਮਿਆਦ, ਜੋ ਵਿਸ਼ਿਆਂ ਦੇ ਆਧਾਰ ’ਤੇ 45 ਮਿੰਟ ਤੋਂ 60 ਮਿੰਟ ਹੁੰਦੀ ਸੀ, ਨੂੰ ਹੁਣ 60 ਮਿੰਟ ਕਰ ਦਿਤਾ ਗਿਆ ਹੈ। ਇਮਤਿਹਾਨ ’ਚ ਵਿਕਲਪਕ ਪ੍ਰਸ਼ਨਾਂ ਦੀ ਧਾਰਨਾ ਨੂੰ ਵੀ ਖਤਮ ਕਰ ਦਿਤਾ ਗਿਆ ਹੈ ਅਤੇ ਹੁਣ ਸਾਰੇ ਪ੍ਰਸ਼ਨ ਲਾਜ਼ਮੀ ਹੋਣਗੇ। CUET-UG ਦੀ ਮਿਆਦ 105 ਮਿੰਟ ਤੋਂ ਘਟਾ ਕੇ 90 ਮਿੰਟ ਕਰ ਦਿਤੀ ਗਈ ਹੈ।
ਕੁਮਾਰ ਨੇ ਕਿਹਾ, ‘‘ਪ੍ਰਵਾਨਿਤ ਤਬਦੀਲੀਆਂ ਨੂੰ ਹਿੱਸੇਦਾਰਾਂ ਤੋਂ ਫੀਡਬੈਕ ਲਈ ਜਨਤਕ ਕੀਤਾ ਜਾਵੇਗਾ ਅਤੇ ਫੀਡਬੈਕ ਦੀ ਜਾਂਚ ਕਰਨ ਤੋਂ ਬਾਅਦ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ।’’