ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਬੋਹੜ ਸਿੰਘ ਵਜੋਂ ਹੋਈ
ਖੇਮਕਰਨ: ਸਾਂਝੀ ਵੱਟ ਦੇ ਵਿਵਾਦ ਨੂੰ ਲੈ ਕੇ ਜ਼ਿਲ੍ਹਾ ਤਰਨ ਤਾਰਨ ਅਧੀਨ ਆਉਂਦੇ ਪਿੰਡ ਵਰਨਾਲਾ ਵਿਖੇ ਗੁਆਂਢੀ ਵੱਲੋਂ ਚਾਕੂ ਮਾਰ ਕੇ 35 ਸਾਲਾਂ ਨੌਜਵਾਨ ਦਾ ਕਤਲ ਕਰ ਦੇਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਬੋਹੜ ਸਿੰਘ ਵਾਸੀ ਪਿੰਡ ਵਰਨਾਲਾ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਸਾਂਝੀ ਵੱਟ ਦੇ ਵਿਵਾਦ ਨੂੰ ਲੈ ਕੇ ਗੁਰਪ੍ਰੀਤ ਸਿੰਘ ਦਾ ਆਪਣੇ ਗੁਆਂਢੀ ਨਾਲ ਮਮੂਲੀ ਵਿਵਾਦ ਨੂੰ ਲੈ ਕੇ ਤੂੰ ਤੂੰ ਮੈਂ ਮੈਂ ਹੋ ਗਈ, ਜਿਸ ਤੋਂ ਬਾਅਦ ਗੁਆਂਢੀ ਵੱਲੋਂ ਖੌਫਨਾਕ ਕਦਮ ਚੁੱਕਦਿਆਂ ਗੁਰਪ੍ਰੀਤ ਸਿੰਘ ਉੱਪਰ ਚਾਕੂ ਨਾਲ ਵਾਰ ਕੀਤਾ, ਜੋ ਕਿ ਗੁਰਪ੍ਰੀਤ ਸਿੰਘ ਦੇ ਗਲੇ ’ਤੇ ਲੱਗਣ ਕਾਰਨ ਉਸਦੀ ਸਾਹ ਰਗ ਕੱਟੀ ਗਈ। ਜਦੋਂ ਉਸ ਨੂੰ ਇਲਾਜ ਲਈ ਹਸਪਤਾਲ ਲਜਾਇਆ ਜਾ ਰਿਹਾ ਸੀ, ਤਾਂ ਰਸਤੇ ਵਿੱਚ ਹੀ ਗੁਰਪ੍ਰੀਤ ਸਿੰਘ ਨੇ ਦਮ ਤੋੜ ਦਿੱਤਾ।
ਉਧਰ ਇਸ ਮਾਮਲੇ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਪਤਨੀ ਅਤੇ ਮਾਂ ਨੇ ਦੱਸਿਆ ਕਿ ਉਸਦੇ ਗਵਾਂਢੀ ਵੱਲੋਂ ਲਗਾਤਾਰ ਹੀ ਗੁਰਪ੍ਰੀਤ ਸਿੰਘ ਨਾਲ ਵੱਟ ਦੀ ਰੰਜਿਸ਼ ਨੂੰ ਲੈ ਲੜਾਈ ਝਗੜਾ ਕੀਤਾ ਜਾਂਦਾ ਸੀ। ਅੱਜ ਉਹਨਾਂ ਦੇ ਗਵਾਂਢੀ ਵੱਲੋਂ ਗੁਰਪ੍ਰੀਤ ਸਿੰਘ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਕਤਲ ਦੇ ਮੁਲਜ਼ਮ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਕੇ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਉੱਥੇ ਹੀ ਇਸ ਮਾਮਲੇ ਸੰਬੰਧੀ ਜਦ ਥਾਣਾ ਸਦਰ ਪੱਟੀ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਵੀਆਈਪੀ ਡਿਊਟੀ ਤੇ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਹੋਣ ਕਰਕੇ ਕਿਸੇ ਵੀ ਮੁਲਾਜ਼ਮ ਦਾ ਪੱਖ ਨਹੀਂ ਮਿਲ ਸਕਿਆ। ਜ਼ਿਕਰਯੋਗ ਹੈ ਕਿ ਮ੍ਰਿਤਕ ਗੁਰਪ੍ਰੀਤ ਸਿੰਘ ਜੋ ਕਿ ਵਿਆਹਿਆ ਹੋਇਆ ਸੀ ਅਤੇ ਦੋ ਬੱਚਿਆਂ ਦਾ ਪਿਤਾ ਸੀ। ਮ੍ਰਿਤਕ ਗੁਰਪ੍ਰੀਤ ਸਿੰਘ ਦੀ ਪਤਨੀ ਵੱਲੋਂ ਆਪਣੇ ਬੱਚਿਆਂ ਦੀ ਦੁਹਾਈ ਦਿੰਦਿਆਂ ਮੁਲਜ਼ਮ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।
                    
                