
ਸਾਰੇ ਹਸਪਤਾਲ 'ਚ ਭਰਤੀ, ਹਾਲਤ ਖ਼ਤਰੇ ਤੋਂ ਬਾਹਰ
ਭੋਪਾਲ - ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ ਕਥਿਤ ਤੌਰ 'ਤੇ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਇੱਕ ਪਰਿਵਾਰ ਦੇ 6 ਮੈਂਬਰਾਂ ਨੇ ਬੁੱਧਵਾਰ ਸਵੇਰੇ ਜ਼ਹਿਰ ਖਾ ਲਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਰਿਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਖਜੂਰੀ ਥਾਣਾ ਇੰਚਾਰਜ ਸੰਧਿਆ ਮਿਸ਼ਰਾ ਨੇ ਦੱਸਿਆ ਕਿ ਪਿੰਡ ਬੈਰਾਗੜ੍ਹ ਕਲਾਂ ਦਾ ਰਹਿਣ ਵਾਲਾ ਕਿਸ਼ੋਰ ਜਾਟਵ (40) ਮਕਾਨ ਬਣਾਉਣ ਦਾ ਛੋਟਾ ਜਿਹਾ ਠੇਕੇਦਾਰੀ ਦਾ ਕੰਮ ਕਰਦਾ ਹੈ। ਉਸ ਦੀ ਆਰਥਿਕ ਹਾਲਤ ਠੀਕ ਨਹੀਂ ਚੱਲ ਰਹੀ ਸੀ।
ਉਨ੍ਹਾਂ ਦੱਸਿਆ ਕਿ ਆਰਥਿਕ ਤੰਗੀ ਕਾਰਨ ਜਾਟਵ, ਉਸ ਦੀ ਪਤਨੀ ਸੀਤਾ ਜਾਟਵ (35), ਤਿੰਨ ਧੀਆਂ ਕੰਚਨ (15), ਅਨੂੰ (10), ਪੂਰਵਾ (8) ਅਤੇ ਇੱਕ ਪੁੱਤਰ ਅਭੈ (12) ਨੇ ਅੱਜ ਸਵੇਰੇ ਆਪਣੇ ਘਰ ਵਿੱਚ ਕਥਿਤ ਤੌਰ ’ਤੇ ਜ਼ਹਿਰ ਪੀ ਲਿਆ।
ਮਿਸ਼ਰਾ ਨੇ ਦੱਸਿਆ ਕਿ ਜ਼ਹਿਰ ਖਾਣ ਤੋਂ ਬਾਅਦ ਉਸ ਨੇ ਸਵੇਰੇ 6:10 ਵਜੇ ਆਪਣੇ ਭਤੀਜੇ ਨਾਲ ਫ਼ੋਨ 'ਤੇ ਗੱਲ ਕੀਤੀ ਅਤੇ ਉਸ ਨੂੰ ਇਸ ਬਾਰੇ ਦੱਸਿਆ। ਇਸ ਤੋਂ ਬਾਅਦ ਉਸ ਦਾ ਭਤੀਜਾ ਉਸ ਦੇ ਘਰ ਗਿਆ ਅਤੇ ਪਰਿਵਾਰ ਦੇ ਸਾਰੇ 6 ਮੈਂਬਰਾਂ ਨੂੰ ਸਰਕਾਰੀ ਹਮੀਦੀਆ ਹਸਪਤਾਲ ਵਿਖੇ ਦਾਖਲ ਕਰਵਾਇਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਾਰੇ ਛੇ ਮੈਂਬਰਾਂ ਦੀ ਹਾਲਤ ਹੁਣ ਖ਼ਤਰੇ ਤੋਂ ਬਾਹਰ ਹੈ।
ਮਿਸ਼ਰਾ ਨੇ ਕਿਹਾ ਕਿ ਮਾਮਲੇ ਦੀ ਵਿਸਥਾਰਤ ਜਾਂਚ ਕੀਤੀ ਜਾ ਰਹੀ ਹੈ।