
ਪ੍ਰਸ਼ਾਸਨ ਨੇ ਇਸ ‘ਸ਼ਰਮਨਾਕ’ ਘਟਨਾ ਦੀ ਜਾਂਚ ਸ਼ੁਰੂ ਕਰ ਦਿਤੀ ਹੈ
ਧਨਬਾਦ : ਝਾਰਖੰਡ ਦੇ ਧਨਬਾਦ ਜ਼ਿਲ੍ਹੇ ਦੇ ਇਕ ਨਿੱਜੀ ਸਕੂਲ ਦੇ ਪ੍ਰਿੰਸੀਪਲ ’ਤੇ ਦੋਸ਼ ਹੈ ਕਿ ਉਸ ਨੇ 10ਵੀਂ ਜਮਾਤ ਦੀਆਂ 80 ਵਿਦਿਆਰਥਣਾਂ ਨੂੰ ਇਕ-ਦੂਜੇ ਦੀ ਕਮੀਜ਼ ’ਤੇ ਸੰਦੇਸ਼ ਲਿਖਣ ਨੂੰ ਲੈ ਕੇ ਉਨ੍ਹਾਂ ਨੂੰ ਕਮੀਜ਼ ਉਤਾਰਨ ਦਾ ਹੁਕਮ ਦਿਤਾ। ਪ੍ਰਸ਼ਾਸਨ ਨੇ ਇਸ ‘ਸ਼ਰਮਨਾਕ’ ਘਟਨਾ ਦੀ ਜਾਂਚ ਸ਼ੁਰੂ ਕਰ ਦਿਤੀ ਹੈ।
ਇਹ ਵੀ ਦੋਸ਼ ਹੈ ਕਿ ਕੁੜੀਆਂ ਨੂੰ ਬਿਨਾਂ ਕਮੀਜ਼ਾਂ ਤੋਂ ਬਲੇਜ਼ਰ ’ਚ ਹੀ ’ਚ ਘਰ ਵਾਪਸ ਆਉਣ ਲਈ ਮਜਬੂਰ ਕੀਤਾ ਗਿਆ ਸੀ। ਧਨਬਾਦ ਦੀ ਡਿਪਟੀ ਕਮਿਸ਼ਨਰ ਮਾਧਵੀ ਮਿਸ਼ਰਾ ਨੇ ਦਸਿਆ ਕਿ ਇਹ ਘਟਨਾ ਸ਼ੁਕਰਵਾਰ ਨੂੰ ਜੋੜਾ ਪੋਖਰ ਥਾਣਾ ਖੇਤਰ ਦੇ ਦਿਗਵਾਡੀਹ ਦੇ ਇਕ ਨਾਮਵਰ ਸਕੂਲ ’ਚ ਵਾਪਰੀ।
ਮਾਪਿਆਂ ਨੇ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਕਿ 10ਵੀਂ ਜਮਾਤ ਦੀਆਂ ਵਿਦਿਆਰਥਣਾਂ ਇਮਤਿਹਾਨ ਖਤਮ ਹੋਣ ਤੋਂ ਬਾਅਦ ਇਕ-ਦੂਜੇ ਦੀਆਂ ਕਮੀਜ਼ਾਂ ’ਤੇ ਸੰਦੇਸ਼ ਲਿਖ ਕੇ ‘ਕਲਮ ਦਿਵਸ’ ਮਨਾ ਰਹੀਆਂ ਹਨ। ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਦਸਿਆ ਕਿ ਪ੍ਰਿੰਸੀਪਲ ਨੇ ਇਸ ਤਰ੍ਹਾਂ ਕਲਮ ਦਿਵਸ ਮਨਾਉਣ ’ਤੇ ਇਤਰਾਜ਼ ਪ੍ਰਗਟਾਇਆ ਅਤੇ ਵਿਦਿਆਰਥਣਾਂ ਨੂੰ ਅਪਣੀਆਂ ਕਮੀਜ਼ਾਂ ਉਤਾਰਨ ਲਈ ਕਿਹਾ, ਹਾਲਾਂਕਿ ਵਿਦਿਆਰਥੀਆਂ ਨੇ ਮੁਆਫੀ ਮੰਗ ਲਈ ਸੀ।
ਮਾਪਿਆਂ ਨੇ ਡਿਪਟੀ ਕਮਿਸ਼ਨਰ ਨੂੰ ਦਸਿਆ ਕਿ ਸਾਰੇ ਵਿਦਿਆਰਥਣਾਂ ਨੂੰ ਬਿਨਾਂ ਕਮੀਜ਼ਾਂ ਤੋਂ ਬਲੇਜ਼ਰਾਂ ’ਚ ਘਰ ਵਾਪਸ ਭੇਜ ਦਿਤਾ ਗਿਆ ਸੀ। ਉਨ੍ਹਾਂ ਕਿਹਾ, ‘‘ਕਈ ਮਾਪਿਆਂ ਨੇ ਪ੍ਰਿੰਸੀਪਲ ਵਿਰੁਧ ਸ਼ਿਕਾਇਤਾਂ ਦਰਜ ਕਰਵਾਈਆਂ ਹਨ। ਅਸੀਂ ਕੁੱਝ ਪੀੜਤਾਂ ਨਾਲ ਵੀ ਗੱਲ ਕੀਤੀ ਹੈ। ਪ੍ਰਸ਼ਾਸਨ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ। ਇਸ ਮਾਮਲੇ ਦੀ ਜਾਂਚ ਲਈ ਇਕ ਕਮੇਟੀ ਦਾ ਗਠਨ ਕੀਤਾ ਗਿਆ ਹੈ।’’
ਇਸ ਕਮੇਟੀ ’ਚ ਸਬ-ਡਵੀਜ਼ਨਲ ਅਫਸਰ (ਐਸ.ਡੀ.ਐਮ.), ਜ਼ਿਲ੍ਹਾ ਸਿੱਖਿਆ ਅਫਸਰ, ਜ਼ਿਲ੍ਹਾ ਸਮਾਜ ਭਲਾਈ ਅਫਸਰ ਅਤੇ ਡਿਪਟੀ ਸੁਪਰਡੈਂਟ ਆਫ ਪੁਲਿਸ ਸ਼ਾਮਲ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਾਂਚ ਕਮੇਟੀ ਦੀ ਰੀਪੋਰਟ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ। ਝਰੀਆ ਤੋਂ ਵਿਧਾਇਕ ਰਾਗਿਨੀ ਸਿੰਘ ਵੀ ਸਨਿਚਰਵਾਰ ਨੂੰ ਅਪਣੇ ਮਾਪਿਆਂ ਨਾਲ ਡਿਪਟੀ ਕਮਿਸ਼ਨਰ ਦਫ਼ਤਰ ਗਈ, ਜਿੱਥੇ ਉਸ ਨੇ ਪ੍ਰਿੰਸੀਪਲ ਵਿਰੁਧ ਸ਼ਿਕਾਇਤ ਦਰਜ ਕਰਵਾਈ। ਉਨ੍ਹਾਂ ਨੇ ਇਸ ਘਟਨਾ ਨੂੰ ਸ਼ਰਮਨਾਕ ਅਤੇ ਮੰਦਭਾਗਾ ਦਸਿਆ।