
ਪੱਛਮੀ ਬੰਗਾਲ ਦੇ ਨਾਦੀਆ ਜ਼ਿਲ੍ਹੇ ਵਿਚ ਤ੍ਰਿਣਮੂਲ ਕਾਂਗਰਸ ਦੇ ਵਿਧਾਇਕ ਸੱਤਿਆਜੀਤ ਬਿਸਵਾਸ ਕਤਲ ਮਾਮਲੇ ਵਿਚ ਐਤਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਨੇਤਾ.....
ਕੋਲਕਾਤਾ : ਪੱਛਮੀ ਬੰਗਾਲ ਦੇ ਨਾਦੀਆ ਜ਼ਿਲ੍ਹੇ ਵਿਚ ਤ੍ਰਿਣਮੂਲ ਕਾਂਗਰਸ ਦੇ ਵਿਧਾਇਕ ਸੱਤਿਆਜੀਤ ਬਿਸਵਾਸ ਕਤਲ ਮਾਮਲੇ ਵਿਚ ਐਤਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਨੇਤਾ ਮੁਕੁਲ ਰਾਏ ਸਣੇ ਚਾਰ ਵਿਅਕਤੀਆਂ ਵਿਰੁਧ ਮਾਮਲਾ ਦਰਜ ਕਰ ਲਿਆ ਗਿਆ ਹੈ। ਪਛਮੀ ਬੰਗਾਲ ਪੁਲਿਸ ਦੇ ਇਕ ਅਧਿਕਾਰ ਨੇ ਦਸਿਆ ਕਿ ਐਫ਼.ਆਈ.ਆਰ. ਵਿਚ ਤਿੰਨ ਲੋਕਾਂ ਦਾ ਨਾਂ ਹੈ ਜਿਸ ਵਿਚੋਂ ਦੋ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸੂਬਾ ਵਿਧਾਨ ਸਭਾ ਦੀ ਕਿਸ਼ਨਗੰਜ ਵਿਧਾਨ ਸਭਾ ਹਲਕੇ ਦੀ ਅਗਵਾਈ ਕਰਨ ਵਾਲੇ ਬਿਸਵਾਸ (41) ਦੀ ਸਨਿਚਰਵਾਰ ਸ਼ਾਮ
ਜ਼ਿਲ੍ਹੇ ਦੇ ਫੂਲਵਾੜੀ ਇਲਾਕੇ ਵਿਚ ਇਕ ਸਰਸਵਤੀ ਪੂਜਾ ਪੰਡਾਲ ਵਿਚ ਅਣਪਛਾਤੇ ਹਮਲਾਵਰਾਂ ਨੇ ਨੇੜੇ ਤੋਂ ਗੋਲੀ ਮਾਰ ਕੇ ਕਤਲ ਕਰ ਦਿਤਾ ਸੀ। ਅਧਿਕਾਰੀ ਨੇ ਦਸਿਆ ਕਿ ਇਸ ਮਾਮਲੇ ਵਿਚ ਮੁਲਜ਼ਮਾਂ ਵਿਚੋਂ ਦੋ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ ਅਤੇ ਤਿੰਨ ਹੋਰ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਵਿਧਾਇਕ ਨੂੰ ਗੋਲੀ ਮਾਰਨ ਲਈ ਵਰਤਿਆ ਦੇਸੀ ਪਿਸਤੌਲ ਵੀ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਕਿਹਾ, ''ਨਾਦੀਆ ਦੀ ਸੀਮਾਂ ਬੰਗਲਾਦੇਸ਼ ਨਾਲ ਲਗਦੀ ਹੈ ਅਤੇ ਇਸ ਦਾ ਸ਼ੱਕ ਹੈ ਕਿ ਉਹ (ਹਮਲਾਵਰ) ਗੁਆਂਢੀ ਦੇਸ਼ ਭੱਜਣ ਦੀ ਕੋਸ਼ਿਸ਼ ਕਰ ਸਕਦੇ ਹਨ।
ਸੀਮਾ 'ਤੇ ਆਵਾਜਾਈ 'ਤੇ ਨਜ਼ਰ ਰੱਖਣ ਲਈ ਪੁਲਿਸ ਹਾਈ ਅਲਰਟ 'ਤੇ ਹੈ। '' ਤ੍ਰਿਣਮੂਲ ਕਾਂਗਰਸ ਦੇ ਜਨਰਲ ਸਕੱਤਰ ਪਾਰਥਾ ਚੈਟਰਜੀ ਨੇ ਹਮਲੇ ਨੂੰ ਭਾਜਪਾ ਦੀ ਸਾਜ਼ਸ਼ ਕਰਾਰ ਦਿੰਦਿਆਂ ਕਿਹਾ ਕਿ ਪੂਰੀ ਜਾਂਚ ਮਗਰੋਂ ਹਤਿਆ 'ਚ ਸ਼ਾਮਲ ਲੋਕਾਂ ਨੂੰ ਸਜ਼ਾ ਦਿਤੀ ਜਾਏਗੀ। ਰਾਏ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਦਲੀਪ ਘੋਸ਼ ਨੇ ਦੋਸ਼ਾਂ ਨੂੰ ''ਨਿਰਆਧਾਰ' ਕਰਾਰ ਦਿਤਾ ਸੀ। (ਪੀਟੀਆਈ)