ਰਾਜਧਾਨੀ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਦੇ ਸ਼ੁਰੂਆਤੀ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ।
ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਦੇ ਸ਼ੁਰੂਆਤੀ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ। 8 ਫਰਵਰੀ ਨੂੰ ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ ‘ਤੇ ਹੋਈਆਂ ਵੋਟਾਂ ਦੀ ਗਿਣਤੀ ਜਾਰੀ ਹੈ। ਸਵੇਰ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਸ਼ੁਰੂਆਤੀ ਰੁਝਾਨਾਂ ਵਿਚ ਆਮ ਆਦਮੀ ਪਾਰਟੀ ਨੂੰ ਬਹੁਮਤ ਮਿਲਦੀ ਦਿਖਾਈ ਦੇ ਰਹੀ ਹੈ।
ਖ਼ਬਰ ਲਿਖੇ ਜਾਣ ਤੱਕ 37 ਸੀਟਾਂ ‘ਤੇ ਆਮ ਆਦਮੀ ਪਾਰਟੀ ਅੱਗੇ ਹੈ। ਇਸ ਦੇ ਨਾਲ ਹੀ ਭਾਜਪਾ ਦੇ ਹੱਕ ਵਿਚ 16 ਸੀਟਾਂ ਆ ਰਹੀਆਂ ਹਨ। ਜਦਕਿ ਕਾਂਗਰਸ ਦਾ ਹਾਲੇ ਤੱਕ ਖਾਤਾ ਵੀ ਨਹੀਂ ਖੁੱਲ੍ਹਿਆ ਹੈ। ਵੋਟਾਂ ਦੀ ਗਿਣਤੀ ਲਈ ਕੇਂਦਰਾਂ ਦੀ ਸਖ਼ਤ ਸੁਰੱਖਿਆ ਦਾ ਧਿਆਨ ਰੱਖਿਆ ਜਾ ਰਿਹਾ ਹੈ। ਦੱਸ ਦਈਏ ਕਿ ਦਿੱਲੀ ਵਿਚ ਕੁੱਲ 70 ਵਿਧਾਨ ਸਭਾ ਸੀਟਾਂ ਹਨ।
ਇਹਨਾਂ ਚੋਣਾਂ ਵਿਚ ਕੁਲ 672 ਉਮੀਦਵਾਰ ਚੋਣ ਮੈਦਾਨ ਵਿਚ ਹਨ, ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਅੱਜ ਹੋਵੇਗਾ। ਚੋਣਾਂ ਵਿਚ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਅਤੇ ਭਾਜਪਾ ਵਿਚ ਦੇਖਿਆ ਜਾ ਰਿਹਾ ਹੈ। ਦੱਸ ਦਈਏ ਕਿ ਇਹ ਚੋਣਾਂ ਦੋ ਮੁੱਖ ਪਾਰਟੀਆਂ ਆਮ ਆਦਮੀ ਪਾਰਟੀ ਤੇ ਭਾਜਪਾ ਲਈ ਮੁੱਛ ਦਾ ਸਵਾਲ ਬਣੀਆਂ ਹੋਈਆਂ ਹਨ।
ਜਦਕਿ ਚੋਣ ਸਰਵੇਖਣਾਂ ਮੁਤਾਬਕ ਹਾਸ਼ੀਏ 'ਤੇ ਗਈ ਕਾਂਗਰਸ ਪਾਰਟੀ ਦੂਰ ਖੜ੍ਹੀ ਤਮਾਸ਼ਾ ਵੇਖਣ ਦੀ ਮੁਦਰਾ 'ਚ ਹੈ। ਐਗਜ਼ਿਟ ਪੋਲਾਂ ਵਲੋਂ ਅਪਣੇ ਹੱਕ ਵਿਚ 'ਫਤਵਾਂ' ਦਿਤੇ ਜਾਣ ਦੇ ਬਾਵਜੂਦ ਵੀ ਜਿੱਥੇ ਆਮ ਆਦਮੀ ਪਾਰਟੀ ਨੂੰ ਅੰਦਰਖਾਤੇ 'ਹਾਰ' ਦਾ ਡਰ ਸਤਾ ਰਿਹੈ, ਉਥੇ ਹੀ ਭਾਜਪਾ ਵੀ ਐਗਜ਼ਿਟ ਪੋਲਾਂ 'ਤੇ ਵਿਸ਼ਵਾਸ ਕਰਨ ਨੂੰ ਤਿਆਰ ਨਹੀਂ ਹੈ। ਇੰਨਾ ਹੀ ਨਹੀਂ, ਇਨ੍ਹਾਂ ਚੋਣਾਂ ਨੇ ਤਾਂ ਭਾਜਪਾ ਨੂੰ ਪੂਰੀ ਤਰ੍ਹਾਂ ਪੜ੍ਹਨੇ ਪਾਇਆ ਹੋਇਆ ਹੈ।
ਐਗਜ਼ਿਟ ਪੋਲ ਦੇਖ ਕੇ ਆਮ ਆਦਮੀ ਪਾਰਟੀ ਦੇ ਵਰਕਰ ਵੀ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਇਸੇ ਦੌਰਾਨ ਸੀਐਮ ਕੇਜਰੀਵਾਲ ਨੇ ਸੋਮਵਾਰ ਨੂੰ ਅਪੀਲ ਕੀਤੀ ਸੀ ਕਿ ਕੋਈ ਵੀ ਵਰਕਰ ਜਿੱਤ ਦੇ ਜਸ਼ਨ ਵਿਚ ਪਟਾਕੇ ਨਾ ਜਲਾਵੇ। ਕਾਬਲੇਗੌਰ ਹੈ ਕਿ ਵੱਖ-ਵੱਖ ਐਗਜ਼ਿਟ ਪੋਲਾਂ ਵਲੋਂ ਦਿੱਲੀ ਵਿਚ ਆਮ ਆਦਮੀ ਪਾਰਟੀ ਨੂੰ ਪੂਰਨ ਬਹੁਮੱਤ ਮਿਲਦਾ ਵਿਖਾਇਆ ਗਿਆ ਸੀ।
ਐਗਜ਼ਿਟ ਪੋਲਾਂ ਦੇ ਸਾਹਮਣੇ ਆਉਣ ਤੋਂ ਬਾਅਦ ਜਿੱਥੇ ਆਮ ਆਦਮੀ ਪਾਰਟੀ ਖੁਦ ਦੀ ਜਿੱਤ ਲਈ ਆਸ਼ਵੰਦ ਹੈ ਉਥੇ ਭਾਜਪਾ ਨੇ ਵੀ ਉਮੀਦਾਂ ਦਾ ਪੱਲਾ ਨਹੀਂ ਛੱਡਿਆ। ਸੂਤਰਾ ਅਨੁਸਾਰ ਇਸੇ ਆਸ ਤਹਿਤ ਭਾਜਪਾ ਨੇ ਦੇਰ ਰਾਤ ਤਕ ਮੀਟਿੰਗ ਕਰ ਕੇ ਅਪਣੀ ਜਿੱਤ ਸਬੰਧੀ ਗੁਣਾਂ-ਘਟਾਓ ਕੀਤਾ ਹੈ। ਭਾਜਪਾ ਵਲੋਂ ਹੁਣ ਉਸੇ ਦੀ ਸਰਕਾਰ ਬਣਨ ਦੇ ਦਾਅਵੇ ਤਕ ਕੀਤੇ ਜਾਣ ਲੱਗੇ ਹਨ। ਜਦਕਿ ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਚੋਣ ਨਤੀਜਿਆਂ 'ਚ ਧਾਂਦਲੀ ਦੀਆਂ ਸ਼ੰਕਾਵਾਂ ਵੀ ਜ਼ਾਹਰ ਕੀਤੀਆਂ ਜਾ ਰਹੀਆਂ ਹਨ।