
ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪੀਐਮ ਨਰਿੰਦਰ ਮੋਦੀ ਨਾਲ ਫੋਨ ‘ਤੇ ਕੀਤੀ ਗੱਲਬਾਤ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਭਰੋਸਾ ਦਿੱਤਾ ਕਿ ਭਾਰਤ ਕੈਨੇਡਾ ਦੀ ਟੀਕਾਕਰਣ ਮੁਹਿੰਮ ਵਿਚ ਪੂਰਾ ਯੋਗਦਾਨ ਦੇਵੇਗਾ। ਕੈਨੇਡੀਅਨ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਨੂੰ ਫੋਨ ਜ਼ਰੀਏ ਅਪਣੇ ਦੇਸ਼ ਵਿਚ ਕੋਵਿਡ-19 ਵੈਕਸੀਨ ਦੀਆਂ ਜ਼ਰੂਰਤਾਂ ਸਬੰਧੀ ਦੱਸਿਆ।
Justin Trudeau
ਪ੍ਰਧਾਨ ਮੰਤਰੀ ਦੇ ਦਫ਼ਤਰ ਤੋਂ ਜਾਰੀ ਬਿਆਨ ਮੁਤਾਬਕ ਪੀਐਮ ਮੋਦੀ ਨੇ ਜਸਟਿਨ ਟਰੂਡੋ ਨੂੰ ਕਿਹਾ, ‘ਭਾਰਤ ਨੇ ਜਿਸ ਤਰ੍ਹਾਂ ਹੋਰ ਦੇਸ਼ਾਂ ਲਈ ਕੀਤਾ, ਠੀਕ ਉਸੇ ਤਰ੍ਹਾਂ ਕੈਨੇਡਾ ਦੇ ਟੀਕਾਕਰਣ ਦੇ ਯਤਨਾਂ ਨੂੰ ਸਹਿਯੋਗ ਦੇਣ ਲਈ ਅਪਣੇ ਵੱਲੋਂ ਪੂਰਾ ਯਤਨ ਕਰੇਗਾ’।
PM Modi
ਜਾਰੀ ਬਿਆਨ ਮੁਤਾਬਕ ਟਰੂਡੋ ਨੇ ਇਸ ਮੌਕੇ ਕਿਹਾ ਕਿ ਕੋਵਿਡ-19 ਖਿਲਾਫ਼ ਲੜਾਈ ਵਿਚ ਭਾਰਤ ਦੀ ਬੇਮਿਸਾਲ ਮੈਡੀਕਲ ਸਮਰੱਥਾ ਦਾ ਮਹੱਤਵਪੂਰਨ ਯੋਗਦਾਨ ਹੋਵੇਗਾ। ਭਾਰਤ ਦੀ ਇਸ ਸਮਰੱਥਾ ਨੂੰ ਵਿਸ਼ਵ ਨਾਲ ਸਾਂਝਾ ਕਰਨ ਲਈ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੀ ਸ਼ਲਾਘਾ ਕੀਤੀ। ਟਰੂਡੋ ਨੇ ਪੀਐਮ ਮੋਦੀ ਦਾ ਧੰਨਵਾਦ ਕੀਤਾ।
Justin Trudeau and PM Modi
ਖ਼ਬਰਾਂ ਮੁਤਾਬਕ ਦੋਵੇਂ ਨੇਤਾਵਾਂ ਨੇ ਮੌਸਮੀ ਤਬਦੀਲੀ ਅਤੇ ਕੋਰੋਨਾ ਮਹਾਂਮਾਰੀ ਦੇ ਆਰਥਕ ਮਾੜੇ ਪ੍ਰਭਾਵਾਂ ਸਮੇਤ ਕਈ ਹੋਰ ਮਹੱਤਵਪੂਰਨ ਮੁੱਦਿਆਂ 'ਤੇ ਕਰੀਬੀ ਭਾਈਵਾਲੀ ਨੂੰ ਜਾਰੀ ਰੱਖਣ ’ਤੇ ਸਹਿਮਤੀ ਜਤਾਈ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ ਕਿ ਭਾਰਤ ਕੈਨੇਡਾ ਵੱਲੋਂ ਕੋਵਿਡ -19 ਟੀਕਿਆਂ ਦੀ ਮੰਗ ਅਨੁਸਾਰ ਸਪਲਾਈ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰੇਗਾ।