
ਭਾਰਤ ਦਾ ਸਭ ਤੋਂ ਲੰਮਾ ਐਕਸਪ੍ਰੈਸਵੇਅ ਬਣਨ ਜਾ ਰਿਹਾ ਹੈ ਦਿੱਲੀ-ਮੁੰਬਈ ਐਕਸਪ੍ਰੈਸਵੇਅ
ਜੈਪੁਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਦਿੱਲੀ-ਮੁੰਬਈ ਐਕਸਪ੍ਰੈਸਵੇਅ ਦੇ ਦਿੱਲੀ-ਦੌਸਾ-ਲਾਲਸੋਤ ਸੈਕਸ਼ਨ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ।
ਇੱਕ ਅਧਿਕਾਰਤ ਬਿਆਨ ਅਨੁਸਾਰ, ਮੋਦੀ ਦੌਸਾ ਵਿੱਚ 18,100 ਕਰੋੜ ਰੁਪਏ ਦੇ ਸੜਕੀ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ।
ਬਿਆਨ ਦੇ ਅਨੁਸਾਰ, "ਨਵੇਂ ਭਾਰਤ ਵਿੱਚ ਵਿਕਾਸ, ਤਰੱਕੀ ਅਤੇ ਸੰਪਰਕ ਵਿੱਚ ਵਾਧੇ ਨੂੰ ਧਿਆਨ ਵਿੱਚ ਰੱਖਦੇ ਹੋਏ, ਪ੍ਰਧਾਨ ਮੰਤਰੀ ਦਾ ਜ਼ੋਰ ਦੇਸ਼ ਵਿੱਚ ਸ਼ਾਨਦਾਰ ਸੜਕੀ ਬੁਨਿਆਦੀ ਢਾਂਚਾ ਬਣਾਉਣ 'ਤੇ ਹੈ। ਇਸ ਦ੍ਰਿਸ਼ਟੀਕੋਣ ਨੂੰ ਹਕੀਕਤ ਵਿੱਚ ਬਦਲਣ ਲਈ ਕਈ ਵਿਸ਼ਵ ਪੱਧਰੀ ਐਕਸਪ੍ਰੈਸਵੇਅ ਬਣਾਏ ਜਾ ਰਹੇ ਹਨ। ਅਜਿਹਾ ਹੀ ਇੱਕ ਮਹੱਤਵਪੂਰਨ ਪ੍ਰੋਜੈਕਟ ਦਿੱਲੀ-ਮੁੰਬਈ ਐਕਸਪ੍ਰੈਸਵੇਅ ਹੈ, ਜਿਸ ਵਿੱਚੋਂ ਸਭ ਤੋਂ ਪਹਿਲਾਂ ਪੂਰੇ ਹੋਣ ਵਾਲੇ ਦਿੱਲੀ-ਦੌਸਾ-ਲਾਲਸੋਟ ਸੈਕਸ਼ਨ ਦਾ ਉਦਘਾਟਨ ਪ੍ਰਧਾਨ ਮੰਤਰੀ ਕਰਨਗੇ।"
ਦਿੱਲੀ-ਮੁੰਬਈ ਐਕਸਪ੍ਰੈੱਸਵੇਅ ਦਾ ਦਿੱਲੀ-ਦੌਸਾ-ਲਾਲਸੋਟ ਸੈਕਸ਼ਨ 246 ਕਿਲੋਮੀਟਰ ਲੰਬਾ ਹੈ, ਜਿਸ ਨੂੰ 12,150 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਵਿਕਸਤ ਕੀਤਾ ਗਿਆ ਹੈ। ਇਸ ਸੈਕਸ਼ਨ ਦੇ ਚਾਲੂ ਹੋਣ ਨਾਲ ਦਿੱਲੀ ਤੋਂ ਜੈਪੁਰ ਦਾ ਸਫ਼ਰ ਦਾ ਸਮਾਂ ਪੰਜ ਘੰਟੇ ਤੋਂ ਘਟ ਕੇ ਸਾਢੇ ਤਿੰਨ ਘੰਟੇ ਰਹਿ ਜਾਵੇਗਾ।
ਬਿਆਨ ਮੁਤਾਬਕ ਇਸ ਸੈਕਸ਼ਨ ਦੇ ਖੁੱਲ੍ਹਣ ਨਾਲ ਪੂਰੇ ਖੇਤਰ ਵਿੱਚ ਆਰਥਿਕ ਵਿਕਾਸ ਨੂੰ ਵੀ ਹੁਲਾਰਾ ਮਿਲੇਗਾ।
ਆਪਣੇ ਪ੍ਰੋਗਰਾਮ ਦੌਰਾਨ, ਪ੍ਰਧਾਨ ਮੰਤਰੀ 5,940 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਤ ਕੀਤੇ ਜਾਣ ਵਾਲੇ 247 ਕਿਲੋਮੀਟਰ ਲੰਬੇ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਣਗੇ।
ਧਿਆਨ ਯੋਗ ਹੈ ਕਿ ਦਿੱਲੀ-ਮੁੰਬਈ ਐਕਸਪ੍ਰੈਸਵੇਅ ਭਾਰਤ ਦਾ ਸਭ ਤੋਂ ਲੰਬਾ ਐਕਸਪ੍ਰੈਸਵੇਅ ਹੋਵੇਗਾ, ਜਿਸ ਦੀ ਕੁੱਲ ਲੰਬਾਈ 1,386 ਕਿਲੋਮੀਟਰ ਹੋਵੇਗੀ। ਇਸ ਦੇ ਪੂਰਾ ਹੋਣ ਨਾਲ ਦਿੱਲੀ ਅਤੇ ਮੁੰਬਈ ਵਿਚਕਾਰ ਦੀ ਦੂਰੀ 12 ਫ਼ੀਸਦੀ ਘਟ ਜਾਵੇਗੀ ਅਤੇ ਸੜਕ ਦੀ ਲੰਬਾਈ 1,424 ਕਿਲੋਮੀਟਰ ਤੋਂ ਘਟ ਕੇ 1,242 ਕਿਲੋਮੀਟਰ ਰਹਿ ਜਾਵੇਗੀ।
ਯਾਤਰਾ ਦੇ ਸਮੇਂ 'ਚ ਵੀ 50 ਫ਼ੀਸਦੀ ਦੀ ਕਟੌਤੀ ਹੋਵੇਗੀ। ਜਿੱਥੇ ਪਹਿਲਾਂ ਸਫਰ 'ਚ 24 ਘੰਟੇ ਲੱਗਦੇ ਸਨ, ਹੁਣ 12 ਘੰਟੇ ਲੱਗਣਗੇ। ਇਹ ਐਕਸਪ੍ਰੈਸਵੇਅ ਛੇ ਰਾਜਾਂ-ਦਿੱਲੀ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ ਅਤੇ ਮਹਾਰਾਸ਼ਟਰ ਵਿੱਚੋਂ ਲੰਘੇਗਾ ਅਤੇ ਕੋਟਾ, ਇੰਦੌਰ, ਜੈਪੁਰ, ਭੋਪਾਲ, ਵਡੋਦਰਾ ਅਤੇ ਸੂਰਤ ਵਰਗੇ ਵੱਡੇ ਸ਼ਹਿਰਾਂ ਨੂੰ ਜੋੜੇਗਾ।