
Kanpur News: ਖ਼ੁਦਕੁਸ਼ੀ ਨੋਟ ’ਚ ਲਿਖਿਆ ਮੇਰੀ ਮੌਤ ਲਈ ਕਿਸੇ ਨੂੰ ਵੀ ਜ਼ਿੰਮੇਵਾਰ ਨਾ ਠਹਿਰਾਇਆ ਜਾਵੇ
Kanpur News: ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈਆਈਟੀ) ਕਾਨਪੁਰ ਵਿਚ ਕੈਮਿਸਟਰੀ ਦੇ ਇਕ ਪੀਐਚਡੀ ਵਿਦਿਆਰਥੀ ਨੇ ਸੋਮਵਾਰ ਨੂੰ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਸੂਚਨਾ ਮਿਲਦੇ ਹੀ ਆਈਆਈਟੀ ਪ੍ਰਸ਼ਾਸਨ ਅਤੇ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿਤੀ। ਵਿਦਿਆਰਥੀ ਦੇ ਕਮਰੇ ’ਚੋਂ ਇਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ, ਜਿਸ ’ਚ ਉਸ ਨੇ ਅਪਣੀ ਮੌਤ ਲਈ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਹੈ ਅਤੇ ਪ੍ਰਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿਤਾ ਹੈ, ਜੋ ਨੋਇਡਾ ਤੋਂ ਕਾਨਪੁਰ ਲਈ ਰਵਾਨਾ ਹੋ ਗਏ ਹਨ।
24 ਸਾਲਾ ਅੰਕਿਤ ਯਾਦਵ ਮੂਲ ਰੂਪ ਤੋਂ ਨੋਇਡਾ ਸੈਕਟਰ-71 ਦਾ ਰਹਿਣ ਵਾਲਾ ਹੈ ਅਤੇ ਆਈਆਈਟੀ ਕਾਨਪੁਰ ਵਿਚ ਕੈਮਿਸਟਰੀ ਵਿਚ ਪੀਐਚਡੀ ਕਰ ਰਿਹਾ ਸੀ। ਇਹ ਉਸਦਾ ਪਹਿਲਾ ਸਾਲ ਸੀ। ਸਹਿਪਾਠੀਆਂ ਮੁਤਾਬਕ ਸੋਮਵਾਰ ਨੂੰ ਜਦੋਂ ਕਾਫ਼ੀ ਦੇਰ ਤਕ ਅੰਕਿਤ ਦਾ ਫ਼ੋਨ ਨਹੀਂ ਆਇਆ ਤਾਂ ਸਾਥੀ ਵਿਦਿਆਰਥੀ ਉਸ ਦੇ ਹੋਸਟਲ ਪਹੁੰਚੇ। ਦਰਵਾਜ਼ਾ ਖੜਕਾਉਣ ’ਤੇ ਵੀ ਕੋਈ ਜਵਾਬ ਨਹੀਂ ਆਇਆ, ਜਿਸ ਕਾਰਨ ਸ਼ੱਕ ਪੈਦਾ ਹੋ ਗਿਆ ਅਤੇ ਤੁਰਤ ਪੁਲਿਸ ਨੂੰ ਸੂਚਨਾ ਦਿਤੀ ਗਈ।
ਸੂਚਨਾ ਮਿਲਦੇ ਹੀ ਪੁਲਿਸ ਐਚ-103 ਹੋਸਟਲ ’ਤੇ ਪੁੱਜ ਗਈ। ਜਦੋਂ ਦਰਵਾਜ਼ਾ ਤੋੜਿਆ ਗਿਆ ਤਾਂ ਅੰਕਿਤ ਦੀ ਲਾਸ਼ ਫਾਹੇ ਨਾਲ ਲਟਕਦੀ ਮਿਲੀ। ਮੌਕੇ ’ਤੇ ਮਿਲੇ ਸੁਸਾਈਡ ਨੋਟ ’ਚ ਉਸ ਨੇ ਖ਼ੁਦਕੁਸ਼ੀ ਦਾ ਕਾਰਨ ਨਹੀਂ ਦਸਿਆ ਅਤੇ ਨਾ ਹੀ ਕਿਸੇ ’ਤੇ ਦੋਸ਼ ਲਗਾਇਆ ਹੈ।
ਆਈਆਈਟੀ ਪ੍ਰਸ਼ਾਸਨ ਨੇ ਵਿਦਿਆਰਥੀ ਦੀ ਬੇਵਕਤੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸੰਸਥਾ ਨੇ ਕਿਹਾ ਕਿ ਅੰਕਿਤ ਇਕ ਪ੍ਰਤਿਭਾਸ਼ਾਲੀ ਖੋਜਕਰਤਾ ਸੀ ਜੋ ਜੁਲਾਈ 2024 ਵਿਚ ਆਈਆਈਟੀ ਕਾਨਪੁਰ ਵਿਚ ਯੂਜੀਸੀ ਫੈਲੋਸ਼ਿਪ ਨਾਲ ਸ਼ਾਮਲ ਹੋਇਆ ਸੀ।
ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲਿਸ (ਪਛਮੀ) ਵਿਜੇਂਦਰ ਦਿਵੇਦੀ ਨੇ ਦਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਗਿਆ ਹੈ ਅਤੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਖ਼ੁਦਕੁਸ਼ੀ ਦੇ ਪਿੱਛੇ ਕੋਈ ਨਿਜੀ, ਵਿਦਿਅਕ ਜਾਂ ਮਾਨਸਿਕ ਦਬਾਅ ਸੀ।