
ਕਾਂਗਰਸ ਨੇਤਾ ਸੈਮ ਪਿਤਰੋਦਾ ਦੇ 1984 ਸਿੱਖ ਨਸਲਕੁਸ਼ੀ ‘ਤੇ ਦਿੱਤੇ ਗਏ ਬਿਆਨ ‘ਤੇ ਬਵਾਲ ਜਾਰੀ ਹੈ।
ਨਵੀਂ ਦਿੱਲੀ: ਕਾਂਗਰਸ ਨੇਤਾ ਸੈਮ ਪਿਤਰੋਦਾ ਦੇ 1984 ਸਿੱਖ ਨਸਲਕੁਸ਼ੀ ‘ਤੇ ਦਿੱਤੇ ਗਏ ਬਿਆਨ ‘ਤੇ ਬਵਾਲ ਜਾਰੀ ਹੈ। ਇਸ ਮਾਮਲੇ ਵਿਚ ਭਾਜਪਾ ਲਗਾਤਾਰ ਕਾਂਗਰਸ ਨੂੰ ਘੇਰ ਰਹੀ ਹੈ। ਹੁਣ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਸ ਮੁੱਦੇ ‘ਤੇ ਬਿਆਨ ਜਾਰੀ ਕੀਤਾ ਹੈ। ਉਹਨਾਂ ਨੇ ਕਿਹਾ ਕਿ ਸੈਮ ਪਿਤਰੋਦਾ ਨੇ ਜੋ ਕਿਹਾ ਉਹ ਪੂਰੀ ਤਰ੍ਹਾਂ ‘ਆਊਟ ਆਫ ਲਾਈਨ’ ਸੀ ਅਤੇ ਇਸ ਲਈ ਉਹਨਾਂ ਨੂੰ ਮੁਆਫੀ ਮੰਗਣੀ ਚਾਹੀਦੀ ਹੈ।
ਰਾਹੁਲ ਨੇ ਕਿਹਾ 1984 ਸਿੱਖ ਕਤਲੇਆਮ ਇਕ ਦਰਦਨਾਕ ਹਾਦਸਾ ਸੀ ਜਿਸ ਨੇ ਬਹੁਤ ਦਰਦ ਦਿੱਤਾ ਹੈ। ਉਹਨਾਂ ਕਿਹਾ ਕਿ ਅਜੇ ਨਿਆ ਹੋਣਾ ਬਾਕੀ ਹੈ। ਉਹਨਾਂ ਕਿਹਾ ਜੋ ਲੋਕ 1984 ਦੀ ਤ੍ਰਾਸਦੀ ਲਈ ਜ਼ਿੰਮੇਵਾਰ ਹਨ ਉਹਨਾਂ ਨੂੰ ਸਜ਼ਾ ਮਿਲਣੀ ਬਾਕੀ ਹੈ। ਰਾਹੁਲ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਸੋਨੀਆ ਗਾਂਧੀ ਨੇ ਇਸ ‘ਤੇ ਮੁਆਫੀ ਵੀ ਮੰਗੀ ਹੈ। ਉਹਨਾਂ ਕਿਹਾ ਕਿ ਅਸੀਂ ਸਥਿਤੀ ਨੂੰ ਸਾਫ ਕਰ ਦਿੱਤਾ ਹੈ ਕਿ 1984 ਇਕ ਭਿਆਨਕ ਘਟਨਾ ਸੀ ਅਤੇ ਅਜਿਹਾ ਨਹੀਂ ਹੋਣਾ ਚਾਹੀਦਾ।
ਉਹਨਾਂ ਕਿਹਾ ਕਿ ਸੈਮ ਪਿਤਰੋਦਾ ਨੇ ਜੋ ਕਿਹਾ ਉਹ ਬਿਲਕੁਲ ਗਲਤ ਹੈ ਅਤੇ ਸਵੀਕਾਰਨਯੋਗ ਨਹੀਂ ਹੈ। ਉਹਨਾਂ ਨੇ ਕਿਹਾ ਕਿ ਇਸ ਟਿੱਪਣੀ ‘ਤੇ ਸੈਮ ਪਿਤਰੋਦਾ ਨੂੰ ਮੁਆਫੀ ਮੰਗਣੀ ਚਾਹੀਦੀ ਹੈ। ਹਾਲਾਂਕਿ ਹੁਣ ਉਹਨਾਂ ਨੇ ਮੁਆਫੀ ਮੰਗ ਲਈ ਹੈ ਪਰ ਭਾਜਪਾ ਆਗੂ ਲਗਾਤਾਰ ਇਸ ਬਿਆਨ ‘ਤੇ ਉਹਨਾਂ ਨੂੰ ਘੇਰ ਰਹੇ ਹਨ।ਜ਼ਿਕਰਯੋਗ ਹੈ ਕਿ ਬੀਤੇ ਵੀਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੈਮ ਪਿਤਰੋਦਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਕਰਦਿਆਂ ਇਹ ਬਿਆਨ ਦਿੱਤਾ ਸੀ।
ਉਨ੍ਹਾਂ ਕਿਹਾ ਸੀ, "ਹੁਣ ਕੀ ਹੈ 84 ਦਾ? ਤੁਸੀਂ ਕੀ ਕੀਤਾ ਪੰਜ ਸਾਲਾਂ 'ਚ ਉਸ ਦੀ ਗੱਲ ਕਰੋ। 84 'ਚ ਹੋਇਆ ਤਾਂ ਹੋਇਆ ਤੁਸੀਂ ਕੀ ਕੀਤਾ? ਤੁਸੀਂ ਰੁਜ਼ਗਾਰ ਦੇਣ ਦੇ ਵਾਅਦੇ ਕਰ ਜਨਤਾ ਤੋਂ ਵੋਟਾਂ ਮੰਗੀਆਂ ਸਨ। ਤੁਸੀਂ 200 ਸਮਾਰਟ ਸਿਟੀ ਬਣਾਉਣ ਦਾ ਲੋਕਾਂ ਨੂੰ ਸੁਪਨਾ ਵਿਖਾਇਆ ਸੀ। ਇਸ ਨੂੰ ਵੀ ਤੁਸੀਂ ਪੂਰਾ ਨਹੀਂ ਕਰ ਸਕੇ। ਤੁਸੀਂ ਕੁਝ ਵੀ ਨਹੀਂ ਕੀਤਾ ਹੈ?"