
ਅਸਾਮ ਵਿਚ ਅਫ਼ਰੀਕੀ ਸਵਾਈਨ ਫ਼ਲੂ (ਏਐਸਐਫ਼) ਮਹਾਮਾਰੀ ਦਾ ਰੂਪ ਧਾਰਨ ਕਰ ਰਿਹਾ ਹੈ
ਗੁਹਾਟੀ, 10 ਮਈ: ਅਸਾਮ ਵਿਚ ਅਫ਼ਰੀਕੀ ਸਵਾਈਨ ਫ਼ਲੂ (ਏਐਸਐਫ਼) ਮਹਾਮਾਰੀ ਦਾ ਰੂਪ ਧਾਰਨ ਕਰ ਰਿਹਾ ਹੈ। ਇਸ ਕਾਰਨ ਰਾਜ ਵਿਚ ਪਿਛਲੇ ਕੁੱਝ ਦਿਨਾਂ 'ਚ 13 ਹਜ਼ਾਰ ਤੋਂ ਜ਼ਿਆਦਾ ਸੂਰਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਦੇ ਸਾਹਮਣੇ ਜ਼ਿੰਦਗੀ ਦੀ ਚੁਣੌਤੀ ਖੜ੍ਹੀ ਹੋ ਗਈ ਹੈ ਜੋ ਪਸ਼ੂ ਪਾਲਣ 'ਤੇ ਨਿਰਭਰ ਹਨ। ਰਾਜ ਦੇ ਪਸ਼ੂ ਪਾਲਣ ਅਤੇ ਪਸ਼ੂ ਹਸਪਤਾਲ ਵਿਭਾਗ ਅਨੁਸਾਰ ਤਿੰਨ ਹੋਰ ਜ਼ਿਲ੍ਹਿਆਂ ਵਿਚ ਇਹ ਇਨਫ਼ੈਕਸ਼ਨ ਫੈਲ ਚੁੱਕਾ ਹੈ। ਇਨ੍ਹਾਂ ਵਿਚ ਮਾਜੁਲੀ, ਗੋਲਾਘਾਟ ਅਤੇ ਕਾਮਰੂਪ ਸ਼ਾਮਲ ਹਨ। ਇਸ ਤਰ੍ਹਾਂ ਇਹ ਇਨਫੈਕਸ਼ਨ ਹੁਣ ਤਕ ਨੌਂ ਜ਼ਿਲ੍ਹਿਆਂ ਵਿਚ ਫੈਲ ਚੁੱਕਾ ਹੈ। ਅਸਾਮ ਦੇ ਰਸਤੇ ਇਹ ਇਨਫ਼ੈਕਸ਼ਨ ਦੇਸ਼ ਵਿਚ ਪਹਿਲੀ ਵਾਰ ਫ਼ਰਵਰੀ ਵਿਚ ਸਾਹਮਣੇ ਆਇਆ ਸੀ ਅਤੇ ਪਿਛਲੇ ਕੁੱਝ ਦਿਨਾਂ ਵਿਚ ਇਸ ਨੇ 13,013 ਸੂਰਾਂ ਨੂੰ ਮਾਰ ਦਿਤਾ ਹੈ।
ਅਸਾਮ ਦੇ ਪਸ਼ੂ ਪਾਲਣ ਅਤੇ ਪਸ਼ੂ ਹਸਪਤਾਲ ਮੰਤਰੀ ਅਤੁਲ ਬੋਰਾ ਨੇ ਸ਼ਨਿਚਰਵਾਰ ਨੂੰ ਕਾਜੀਰੰਗਾ ਕੌਮੀ ਰਖ ਦਾ ਦੌਰਾ ਕੀਤਾ ਅਤੇ ਜੰਗਲੀ ਸੂਰਾਂ ਨੂੰ ਬਚਾਉਣ ਲਈ ਕੀਤੇ ਜਾ ਰਹੇ ਯਤਨਾਂ ਦਾ ਜਾਇਜ਼ਾ ਲਿਆ। ਅਗੋਰਾਤੋਲੀ ਵਣ ਖੇਤਰ ਅੰਦਰ ਛੇ ਫ਼ੁੱਟ ਡੂੰਘਾ ਅਤੇ ਦੋ ਕਿਲੋਮੀਟਰ ਲੰਮਾ ਨਾਲਾ ਬਣਾਇਆ ਗਿਆ ਹੈ ਤਾਂਕਿ ਜੰਗਲੀ ਸੂਰ ਪਿੰਡਾਂ ਵਲ ਨਾ ਜਾਣ ਅਤੇ ਪਾਲਤੂ ਸੂਰ ਜੰਗਲ ਵਲ ਨਾ ਜਾਣ।
ਬੋਰਾ ਨੇ ਦਸਿਆ ਕਿ ਰਾਜ ਸਰਕਾਰ ਹਾਲਾਤ ਤੋਂ ਕੇਂਦਰ ਨੂੰ ਰੋਜ਼ਾਨਾ ਜਾਣੂ ਕਰਵਾ ਰਹੀ ਹੈ। ਦਸਣਯੋਗ ਹੈ ਕਿ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਪਸ਼ੂ ਹਸਪਤਾਲਾਂ ਅਤੇ ਵਣ ਵਿਭਾਗ ਨੂੰ ਕੌਮੀ ਸੂਰ ਖੋਜ ਕੇਂਦਰ (ਐਨਪੀਆਰਸੀ) ਅਤੇ ਭਾਰਤੀ ਖੇਤੀ ਖੋਜ ਪ੍ਰੀਸ਼ਦ (ਆਈਸੀਏਆਰ) ਨਾਲ ਮਿਲ ਕੇ ਪਸ਼ੂਆਂ ਨੂੰ ਰੋਗਾਂ ਤੋਂ ਬਚਾਉਣ ਲਈ ਕੰਮ ਕਰਨ ਦੇ ਨਿਰਦੇਸ਼ ਦੇ ਚੁੱਕੇ ਹਨ। ਸਾਲ 2019 ਦੀ ਗਣਨਾ ਵਿਚ ਰਾਜ ਵਿਚ ਸੂਰਾਂ ਦੀ ਗਿਣਤੀ 21 ਲੱਖ ਸੀ ਜੋ ਵੱਧ ਕੇ 30 ਲੱਖ ਹੋ ਚੁੱਕੀ ਹੈ।
ਕੇਂਦਰ ਸਰਕਾਰ ਤੋਂ ਸੂਰਾਂ ਨੂੰ ਮਾਰਨ ਦੀ ਇਜਾਜ਼ਤ ਮਿਲਣ ਦੇ ਬਾਵਜੂਦ ਰਾਜ ਸਰਕਾਰ ਉਨ੍ਹਾਂ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। (ਪੀਟੀਆਈ)