ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਮੋਰੀਆ ਦਾ ਰਹਿਣ ਵਾਲਾ ਸੀ ਮ੍ਰਿਤਕ ਸਾਹਿਬ ਸਿੰਘ
ਹੁਸ਼ਿਆਰਪੁਰ : ਅਮਰੀਕਾ ਤੋਂ ਇਕ ਬੇਹੱਦਮੰਦਭਾਗੀ ਖ਼ਬਰ ਸਾਹਮਣੇ ਆਏ ਹੈ ਜਿੱਥੇ ਗੁਆਟੇਮਾਲਾ ’ਚ ਪੰਜਾਬੀ ਨੌਜਵਾਨ ਸਾਹਿਬ ਸਿੰਘ ਦਾ ਡੌਂਕਰਾਂ ਨੇ ਪੈਸੇ ਨਾ ਮਿਲਣ ਕਰਕੇ ਹੱਤਿਆ ਕਰ ਦਿੱਤੀ। ਮ੍ਰਿਤਕ ਨੌਜਵਾਨ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਮੋਰੀਆ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸਾਹਿਬ ਸਿੰਘ ਆਪਣੇ ਚੰਗੇ ਭਵਿੱਖ ਲਈ ਪਿਛਲੇ ਅਕਤੂਬਰ ਮਹੀਨੇ ਹੀ ਅਮਰੀਕਾ ਲਈ ਰਵਾਨਾ ਹੋਇਆ ਸੀ। ਸਾਹਿਬ ਦੇ ਪਿਤਾ ਨੇ ਉਸ ਨੂੰ ਅਮਰੀਕਾ ਭੇਜਣ ਲਈ ਆਪਣੀ ਸਾਰੀ ਜ਼ਮੀਨ, ਪਸ਼ੂ ਅਤੇ ਗਹਿਣੇ ਵੇਚ ਦਿੱਤੇ ਸਨ।
ਮ੍ਰਿਤਕ ਸਾਹਿਬ ਸਿੰਘ ਦੇ ਜੀਜੇ ਗੁਰਦੀਪ ਸਿੰਘ ਨੇ ਦੱਸਿਆ ਕਿ ਜਦੋਂ ਉਹ ਗੁਆਟੇਮਾਲਾ ਨੇੇੜੇ ਪਹੁੰਚਿਆ ਤਾਂ ਉਸ ਨੂੰ ਮਨੁੱਖੀ ਤਸਕਰਾਂ ਨੇ ਫੜ ਲਿਆ ਅਤੇ ਉਸ ਦੀ ਕੁੱਟਮਾਰ ਦੀ ਵੀਡੀਓ ਬਣਾਈ ਅਤੇ 20 ਹਜ਼ਾਰ ਡਾਲਰ ਫਿਰੌਤੀ ਵਸੂਲਣ ਲਈ ਸਾਨੂੰ ਭਜ ਦਿੱਤੀ। ਪੈਸੇ ਨਾ ਮਿਲਣ ਕਰਕੇ ਉਨ੍ਹਾਂ ਨੇ ਸਾਹਿਬ ਸਿੰਘ ਦਾ ਕਤਲ ਕਰ ਦਿੱਤਾ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਅਸੀਂ ਏਜੰਟ ਨੂੰ ਕੁੱਲ 45 ਲੱਖ ਰੁੁਪਏ ਦਿੱਤੇ ਸਨ। ਪਰ ਏਜੰਟ ਨੇ ਸਾਨੂੰ ਧੋਖਾ ਦਿੱਤਾ ਕਿਉਂਕਿ ਏਜੰਟਾਂ ਨੇ ਸਾਨੂੰ ਕਿਹਾ ਕਿ ਸੀ ਉਹ ਸਾਹਿਬ ਸਿੰਘ ਨੂੰ ਇਕ ਨੰਬਰ ਵਿਚ ਅਮਰੀਕਾ ਪਹੁੰਚਾਉਣਗੇ। ਪਰਿਵਾਰ ਨੇ ਇਨਸਾਫ ਦੀ ਗੁਹਾਰ ਲਗਾਉਂਦੇ ਹੋਏ ਏਜੰਟ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
