
ਹਰਿਆਣਾ ਸਰਕਾਰ ਵਿਚ ਤੈਨਾਤ 28 ਸਾਲਾ ਆਈਏਐਸ ਅਧਿਕਾਰੀ ਨੇ ਅਧਿਕਾਰਤ ਫ਼ਾਈਲਾਂ ਬਾਰੇ ਉਲਟ ਟਿਪਣੀ ਲਿਖਣ 'ਤੇ ਅਪਣੇ ਸੀਨੀਅਰ ਅਫ਼ਸਰ
ਚੰਡੀਗੜ੍ਹ, ਹਰਿਆਣਾ ਸਰਕਾਰ ਵਿਚ ਤੈਨਾਤ 28 ਸਾਲਾ ਆਈਏਐਸ ਅਧਿਕਾਰੀ ਨੇ ਅਧਿਕਾਰਤ ਫ਼ਾਈਲਾਂ ਬਾਰੇ ਉਲਟ ਟਿਪਣੀ ਲਿਖਣ 'ਤੇ ਅਪਣੇ ਸੀਨੀਅਰ ਅਫ਼ਸਰ ਵਿਰੁਧ ਉਸ ਦਾ ਜਿਸਮਾਨੀ ਸ਼ੋਸ਼ਣ ਕਰਨ ਦਾ ਦੋਸ਼ ਲਾਇਆ ਹੈ। ਉਧਰ, ਸੀਨੀਅਰ ਅਧਿਕਾਰੀ ਨੇ ਦੋਸ਼ਾਂ ਦਾ ਖੰਡਨ ਕਰਦਿਆਂ ਦਾਅਵਾ ਕੀਤਾ ਕਿ ਮਹਿਲਾ ਅਧਿਕਾਰੀ ਨੂੰ ਸਲਾਹ ਦਿਤੀ ਗਈ ਸੀ ਕਿ ਹੋਰ ਅਧਿਕਾਰੀਆਂ ਦੁਆਰਾ ਜ਼ਰੂਰੀ ਪ੍ਰਵਾਨਗੀ ਹਾਸਲ ਕਰ ਚੁਕੀਆਂ ਫ਼ਾਈਲਾਂ ਵਿਚ ਗ਼ਲਤੀਆਂ ਨਾ ਕੱਢੇ।
Physical Abuseਮਹਿਲਾ ਅਧਿਕਾਰੀ ਨੇ ਘਟਨਾ ਦਾ ਵੇਰਵਾ ਦਿੰਦਿਆਂ ਫ਼ੇਸਬੁਕ 'ਤੇ ਪੋਸਟ ਲਿਖੀ ਹੈ। ਉਸ ਨੇ ਲਿਖਿਆ ਕਿ ਉਸ ਦੇ ਬੌਸ ਨੇ ਉਸ ਨੂੰ 22 ਮਈ ਨੂੰ ਅਪਣੇ ਦਫ਼ਤਰ ਵਿਚ ਬੁਲਾਇਆ ਅਤੇ ਧਮਕੀ ਦਿਤੀ। ਉਸ ਨੇ ਲਿਖਿਆ, ਉਨ੍ਹਾਂ ਮੈਨੂੰ ਸਵਾਲ ਕੀਤਾ ਕਿ ਮੈਂ ਫ਼ਾਈਲਾਂ 'ਤੇ ਇਹ ਕਿਉਂ ਲਿਖ ਰਹੀ ਹਾਂ ਕਿ ਵਿਭਾਗ ਨੇ ਗ਼ਲਤ ਕੀਤਾ ਹੈ। ਅਧਿਕਾਰੀ ਨੇ ਮੈਨੂੰ ਧਮਕਾਇਆ ਕਿ ਜੇ ਮੈਂ ਅਧਿਕਾਰਤ ਫ਼ਾਈਲਾਂ 'ਤੇ ਟਿਪਣੀਆਂ ਲਿਖਣੀਆਂ ਬੰਦ ਨਾ ਕੀਤੀਆਂ ਤਾਂ ਮੇਰੀ ਏਸੀਆਰ ਖ਼ਰਾਬ ਕਰ ਦਿਤੀ ਜਾਵੇਗੀ।
Physical Abuse ਉਸ ਨੇ ਮੈਨੂੰ 31 ਮਈ ਨੂੰ ਬੁਲਾਇਆ ਅਤੇ ਫਿਰ ਉਸ ਨੇ ਕਿਸੇ ਨੂੰ ਉਸ ਦੇ ਕਮਰੇ ਵਿਚ ਨਾ ਆਉਣ ਦੇਣ ਲਈ ਅਪਣੇ ਸਟਾਫ਼ ਨੂੰ ਹਦਾਇਤ ਕੀਤੀ।' ਉਸ ਨੇ ਦੋਸ਼ ਲਾਇਆ, ਉਨ੍ਹਾਂ ਮੈਨੂੰ ਪੁਛਿਆ ਕਿ ਮੈਂ ਕਿਸ ਤਰ੍ਹਾਂ ਦਾ ਕੰਮ ਕਰਨਾ ਚਾਹੁੰਦੀ ਹਾਂ। ਉਨ੍ਹਾਂ ਕਿਹਾ ਕਿ ਮੈਨੂੰ ਸੱਜਰੀ ਵਿਆਹੀ ਕੁੜੀ ਵਾਂਗ ਸੱਭ ਕੁੱਝ ਸਮਝਣਾ ਪਵੇਗਾ ਅਤੇ ਉਹ ਮੈਨੂੰ ਉਸੇ ਤਰ੍ਹਾਂ ਸਮਝਾ ਰਹੇ ਹਨ। ਮੈਨੂੰ ਉਨ੍ਹਾਂ ਦਾ ਵਿਹਾਰ ਚੰਗਾ ਨਾ ਲੱਗਾ।' ਉਸ ਨੇ ਦਾਅਵਾ ਕੀਤਾ ਕਿ ਛੇ ਜੂਨ ਨੂੰ ਸੀਨੀਅਰ ਅਧਿਕਾਰੀ ਨੇ ਪੰਜ ਵਜੇ ਅਪਣੇ ਦਫ਼ਤਰ ਵਿਚ ਬੁਲਾਇਆ ਅਤੇ ਸ਼ਾਮ 7.39 ਵਜੇ ਤਕ ਰਹਿਣ ਲਈ ਕਿਹਾ।
Physical Abuseਉਸ ਨੇ ਕਿਹਾ, 'ਮੈਂ ਮੇਜ਼ ਦੇ ਦੂਜੇ ਪਾਸੇ ਉਸ ਦੇ ਸਾਹਮਣੇ ਬੈਠੀ ਸੀ। ਉਨ੍ਹਾਂ ਮੈਨੂੰ ਕਿਹਾ ਕਿ ਉਸ ਦੀ ਕੁਰਸੀ ਦੇ ਨੇੜੇ ਆਵਾਂ। ਜਦ ਮੈਂ ਮੇਜ਼ ਦੇ ਦੂਜੇ ਪਾਸੇ ਪਹੁੰਚੀ ਤਾਂ ਉਨ੍ਹਾਂ ਮੈਨੂੰ ਕੰਪਿਊਟਰ ਚਲਾਉਣਾ ਸਿਖਾਉਣ ਦਾ ਵਿਖਾਵਾ ਕੀਤਾ। ਮੈਂ ਅਪਣੀ ਕੁਰਸੀ 'ਤੇ ਵਾਪਸ ਚਲੀ ਗਈ। ਕੁੱਝ ਦੇਰ ਬਾਅਦ ਉਹ ਮੇਰੀ ਕੁਰਸੀ ਲਾਗੇ ਆ ਗਏ ਅਤੇ ਕੁਰਸੀ ਨੂੰ ਧੱਕਾ ਦੇ ਦਿਤਾ।' ਉਸ ਨੇ ਦੋਸ਼ ਲਾਇਆ ਕਿ ਸੀਨੀਅਰ ਅਧਿਕਾਰੀ ਅਤੇ ਉਸ ਦੇ ਸਾਥੀ ਉਸ ਨੂੰ ਧਮਕਾ ਰਹੇ ਹਨ। ਉਸ ਨੇ ਇਹ ਵੀ ਲਿਖਿਆ ਕਿ ਉਸ ਦੀ ਪੁਲਿਸ ਸੁਰੱਖਿਆ ਵਾਪਸ ਲੈ ਲਈ ਗਈ ਹੈ। (ਏਜੰਸੀ)