
ਪੱਤਰਕਾਰ ਨੇ ਯੋਗੀ ਨਾਲ ਜੁੜਿਆ ਕੀਤਾ ਸੀ ਟਵੀਟ
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨਾਲ ਜੁੜੇ ਟਵੀਟ ਕਰਨ ਦੇ ਮਾਮਲੇ ਵਿਚ ਗ੍ਰਿਫ਼ਤਾਰ ਪੱਤਰਕਾਰ ਪ੍ਰਸ਼ਾਂਤ ਕਨੌਜਿਆ ਨੂੰ ਤੁਰੰਤ ਜ਼ਮਾਨਤ 'ਤੇ ਰਿਹਾਅ ਕਰਨ ਦਾ ਆਦੇਸ਼ ਦਿੱਤਾ ਹੈ। ਕੋਰਟ ਨੇ ਕਿਹਾ ਕਿ ਸਿਰਫ਼ ਇਕ ਸੋਸ਼ਲ ਮੀਡੀਆ 'ਤੇ ਪੋਸਟ ਲਈ ਕਿਸੇ ਵਿਅਕਤੀ ਨੂੰ ਲੰਬੇ ਸਮੇਂ ਤਕ ਨਿਆਂਇਕ ਹਿਰਾਸਤ ਵਿਚ ਨਹੀਂ ਭੇਜਿਆ ਜਾ ਸਕਦਾ।
Yogi Adityanath
ਕੋਰਟ ਨੇ ਕਿਹਾ ਕਿ ਉਹ ਪ੍ਰਸ਼ਾਂਤ ਦੇ ਟਵੀਟ ਦਾ ਸਮਰਥਨ ਨਹੀਂ ਕਰਦਾ ਪਰ ਉਹਨਾਂ ਦੀ 22 ਜੂਨ ਤਕ ਦਾ ਨਿਆਂਇਕ ਆਦੇਸ਼ ਉਚਿਤ ਨਹੀਂ ਹੈ। ਦਸ ਦਈਏ ਪ੍ਰਸ਼ਾਂਤ ਦੀ ਗ੍ਰਿਫ਼ਤਾਰੀ ਦੇ ਵਿਰੁਧ ਉਹਨਾਂ ਦੀ ਪਤਨੀ ਜਗੀਸ਼ਾ ਨੇ ਸੁਪਰੀਮ ਕੋਰਟ ਦਾ ਰੁਖ ਅਖ਼ਤਿਆਰ ਕੀਤਾ ਸੀ। ਇਸ ਪਟੀਸ਼ਨ 'ਤੇ ਜਸਟਿਸ ਇੰਦਿਰਾ ਬੈਨਰਜੀ ਅਤੇ ਜਸਟਿਸ ਅਜੇ ਰਸਤੋਗੀ ਦੀ ਬੈਂਚ ਨੇ ਸੋਮਵਾਰ ਨੂੰ ਸੁਣਵਾਈ ਸ਼ੁਰੂ ਕੀਤੀ ਸੀ।
Prashant Kanojia
ਇਸ ਮਾਮਲੇ ਵਿਚ ਉਤਰ ਪ੍ਰਦੇਸ਼ ਸਰਕਾਰ ਵੱਲੋਂ ਕੋਰਟ ਵਿਚ ਪੇਸ਼ ਹੋਏ ਵਕੀਲ ਨੇ ਕਿਹਾ ਸੀ ਕਿ ਯੋਗੀ ਨਾਲ ਜੁੜਿਆ ਟਵੀਟ ਕਾਫ਼ੀ ਗੰਭੀਰ ਹੈ, ਅਜਿਹੇ ਵਿਚ ਸੰਦੇਸ਼ ਜਾਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਦੀ ਗੱਲ ਨਾ ਹੀ ਕੀਤੀ ਜਾਵੇ। ਉਹਨਾਂ ਦੇ ਜਵਾਬ ਵਿਚ ਜਸਟਿਸ ਇੰਦਿਰਾ ਬੈਨਰਜੀ ਨੇ ਕਿਹਾ ਕਿ ਪ੍ਰਸ਼ਾਂਤ ਕਨੌਜਿਆ ਦੀ ਰਿਹਾਈ ਦੇ ਆਦੇਸ਼ ਦਾ ਮਤਲਬ ਉਹਨਾਂ ਦੇ ਟਵੀਟ ਦਾ ਸਮਰਥਨ ਨਹੀਂ ਹੈ।
ਇਸ ਮਾਮਲੇ 'ਤੇ ਪੁਲਿਸ ਨੇ ਦਸਿਆ ਸੀ ਕਿ ਯੋਗੀ ਆਦਿਤਿਆਨਾਥ ਦੇ ਵਿਰੁਧ ਅਪਮਾਨਜਨਿਕ ਸੋਸ਼ਲ ਮੀਡੀਆ ਪੋਸਟ ਨੂੰ ਸ਼ੇਅਰ ਕਰਨ ਅਤੇ ਉਹਨਾਂ ਦੀ ਇਮੇਜ ਨੂੰ ਖ਼ਰਾਬ ਹੋਣ ਦੇ ਅਰੋਪ ਵਿਚ ਇਕ ਪੱਤਰਕਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪ੍ਰਸ਼ਾਂਤ ਨੇ ਹੇਮਾ ਨਾਮ ਦੀ ਇਕ ਔਰਤ ਦੀ ਵੀਡੀਉ ਸ਼ੇਅਰ ਕੀਤੀ ਸੀ। ਵੀਡੀਉ ਨੂੰ ਸ਼ੇਅਰ ਕਰਦੇ ਹੋਏ ਪ੍ਰਸ਼ਾਂਤ ਨੇ ਇਕ ਟਵੀਟ ਵੀ ਕੀਤਾ ਸੀ। ਪੂਰਾ ਵਿਵਾਦ ਇਸ ਪੋਸਟ ਨਾਲ ਜੁੜਿਆ ਹੋਇਆ ਸੀ।
ਵੀਡੀਉ ਵਿਚ ਔਰਤ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਯੋਗੀ ਆਦਿਤਿਆਨਾਥ ਨਾਲ ਪਿਆਰ ਸਬੰਧੀ ਦਾਅਵੇ ਕਰ ਰਹੀ ਸੀ। ਔਰਤ ਨੇ ਦਾਅਵਾ ਕੀਤਾ ਸੀ ਕਿ ਉਹ ਪਿਛਲੇ ਸਾਲ ਤੋਂ ਯੋਗੀ ਆਦਿਤਿਆਨਾਥ ਨਾਲ ਵੀਡੀਉ ਕਾਨਫਰੰਸਿੰਗ ਦੇ ਜ਼ਰੀਏ ਜੁੜੀ ਹੋਈ ਹੈ। ਔਰਤ ਦਾ ਕਹਿਣਾ ਸੀ ਕਿ ਉਹ ਪੂਰੀ ਘਟਨਾ ਦੌਰਾਨ ਤਣਾਅ ਵਿਚ ਹੈ ਅਤੇ ਯੋਗੀ ਆਦਿਤਿਆਨਾਥ ਨਾਲ ਗੱਲਬਾਤ ਕਰਨਾ ਚਾਹੁੰਦੀ ਹੈ।