
ਜਾਮਾ ਮਸਜਿਦ ਦੇ ਸ਼ਾਹੀ ਇਮਾਮ ਸਈਅਦ ਅਹਿਮਦ ਬੁਖ਼ਾਰੀ ਨੇ ਕਿਹਾ ਹੈ ਕਿ ਕੋਵਿਡ-19 ਸੰਸਾਰ ਮਹਾਮਾਰੀ ਕਾਰਨ
ਨਵੀਂ ਦਿੱਲੀ, 10 ਜੂਨ: ਜਾਮਾ ਮਸਜਿਦ ਦੇ ਸ਼ਾਹੀ ਇਮਾਮ ਸਈਅਦ ਅਹਿਮਦ ਬੁਖ਼ਾਰੀ ਨੇ ਕਿਹਾ ਹੈ ਕਿ ਕੋਵਿਡ-19 ਸੰਸਾਰ ਮਹਾਮਾਰੀ ਕਾਰਨ ਦਿੱਲੀ ਵਿਚ ਵਿਗੜਦੇ ਹਾਲਾਤ ਕਾਰਨ ਮਸਜਿਦ ਨੂੰ ਮੁੜ ਬੰਦ ਕੀਤਾ ਜਾ ਸਕਦਾ ਹੈ। ਇਹ ਕਦਮ ਤਦ ਚੁਕਿਆ ਗਿਆ ਹੈ ਜਦ ਸ਼ਾਹੀ ਇਮਾਮ ਦੇ ਸਕੱਤਰ ਅਮਾਨਤੁੱਲਾ ਦੀ ਮੰਗਲਵਾਰ ਰਾਤ ਨੂੰ ਸਫ਼ਦਰਗੰਜ ਹਸਪਤਾਲ ਵਿਚ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ।
ਦਿੱਲੀ ਵਿਚ ਮੰਗਲਵਾਰ ਨੂੰ ਕੋਵਿਡ-19 ਦੇ 1366 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਹੀ ਪੀੜਤਾਂ ਦੀ ਗਿਣਤੀ 31,309 'ਤੇ ਪਹੁੰਚ ਗਈ ਜਦਕਿ 905 ਲੋਕ ਇਸ ਬੀਮਾਰੀ ਨਾਲ ਜਾਨ ਗਵਾ ਚੁਕੇ ਹਨ। ਬੁਖ਼ਾਰੀ ਨੇ ਕਿਹਾ, 'ਅਮਾਨਤੁੱਲਾ ਪਾਜ਼ੇਟਿਵ ਨਿਕਲੇ ਸਨ ਅਤੇ ਤਿੰਨ ਜੂਨ ਨੂੰ ਉਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਸੀ ਜਿਥੇ ਕਲ ਉਨ੍ਹਾਂ ਆਖ਼ਰੀ ਸਾਹ ਲਿਆ।'
File Photo
ਸ਼ਾਹੀ ਇਮਾਮ ਨੇ ਕਿਹਾ ਕਿ ਕੌਮੀ ਰਾਜਧਾਨੀ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਵਧਣ ਕਾਰਨ ਮੁੜ ਇਤਿਹਾਸਕ ਮਸਜਿਦ ਨੂੰ ਬੰਦ ਕਰਨ ਬਾਰੇ ਲੋਕਾਂ ਦੀ ਰਾਏ ਮੰਗੀ ਗਈ ਹੈ। ਉਨ੍ਹਾਂ ਕਿਹਾ ਕਿ ਲੋਕ ਸੋਸ਼ਲ ਮੀਡੀਆ ਅਤੇ ਹੋਰ ਮੰਚਾਂ ਰਹੀਂ ਜਾਮਾ ਮਸਜਿਦ ਨੂੰ ਬੰਦ ਕਰਨ ਦੀ ਰਾਏ ਦੇ ਰਹੇ ਹਨ। ਇਕ ਦੋ ਦਿਨਾਂ ਵਿਚ ਲੋਕਾਂ ਵਾਸਤੇ ਮਸਜਿਦ ਬੰਦ ਕੀਤੀ ਜਾ ਸਕਦੀ ਹੈ ਅਤੇ ਨਮਾਜ਼ ਪੜ੍ਹਨ ਵਾਲੇ ਲੋਕਾਂ ਦੀ ਗਿਣਤੀ ਸੀਮਤ ਕੀਤੀ ਜਾ ਸਕਦੀ ਹੈ। ਬੁਖ਼ਾਰੀ ਨੇ ਕਿਹਾ ਕਿ ਲੋਕਾਂ ਨੂੰ ਘਰਾਂ ਵਿਚ ਰਹਿਣ ਅਤੇ ਮਸਜਿਦਾਂ ਦੀ ਬਜਾਏ ਘਰਾਂ ਵਿਚ ਹੀ ਨਮਾਜ਼ ਅਦਾ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। (ਏਜੰਸੀ)