
ਮਸ਼ੀਨ ਵਿਚ ਹੋ ਸਕਦੀ ਹੈ ਕਰੀਬ 16 ਲੱਖ ਦੀ ਨਕਦੀ
ਲਾਲੜੂ, 10 ਜੂਨ (ਰਵਿੰਦਰ ਵੈਸਨਵ): ਦੱਪਰ ਦੇ ਪੰਜਾਬ ਨੈਸ਼ਨਲ ਬੈਂਕ ਦੇ ਏਟੀਐਮ ਵਾਲੇ ਕਮਰੇ ਦਾ ਸਟਰ ਤੋੜ ਕੇ ਲੁਟੇਰੇ ਏਟੀਐਮ ਮਸ਼ੀਨ ਨਾਲ ਹੀ ਲੈ ਗਏ। ਏਟੀਐਮ ਵਿਚ ਕਰੀਬ 16 ਲੱਖ ਰੁਪਏ ਦੀ ਨਕਦੀ ਦੱਸੀ ਜਾਂਦੀ ਹੈ। ਇਹ ਵਾਰਦਾਤ ਰਾਤ ਸਵਾ 2 ਵਜੇ ਤੜਕੇ ਦੀ ਹੈ। ਏ.ਟੀਐਮ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿਚ ਦਿਖਾਈ ਦੇ ਰਿਹਾ ਹੈ ਕਿ ਇਕ ਮਹਿੰਦਰਾ ਗੱਡੀ ਤੋਂ ਉਤਰ ਕੇ ਮੂੰਹ ਢੱਕੇ ਦੋ ਨੌਜਾਵਾਨਾਂ ਨੇ ਆਉਂਦਿਆਂ ਹੀ ਪਹਿਲਾਂ ਕੈਮਰਾ ਤੋੜਿਆ, ਫਿਰ ਸੱਬਲ ਜਾਂ ਕਿਸੇ ਜੈਕ ਦੀ ਮਦਦ ਨਾਲ ਬੰਦ ਤਾਲੇ ਸਮੇਤ ਸਟਰ ਉੱਠਾ ਦਿਤਾ।
File Photo
ਲੁਟੇਰਿਆਂ ਨੇ ਅੰਦਰ ਵੜ ਕੇ ਮੋਟੇ ਰੱਸੇ ਨਾਲ ਮਸ਼ੀਨ ਨੂੰ ਜੀਪ ਨਾਲ ਬੰਨ ਕੇ ਝਟਕਾ ਮਾਰ ਕੇ ਮਸ਼ੀਨ ਨੂੰ ਪੁੱਟ ਲਿਆ। ਬਾਅਦ ਵਿਚ ਲੁਟੇਰੇ ਮਸ਼ੀਨ ਨੂੰ ਮਹਿੰਦਰਾ ਜੀਪ ਵਿਚ ਲੱਦ ਕੇ ਅਪਣੇ ਨਾਲ ਲੈ ਗਏ। ਦੱਪਰ ਵਿਚ ਪੰਜਾਬ ਨੈਸ਼ਨਲ ਬੈਂਕ ਦਾ ਏਟੀਐਮ ਬੈਂਕ ਬਿਲਡਿੰਗ ਦੇ ਨਾਲ ਹੀ ਇਕ ਦੁਕਾਨ ਵਿਚ ਹੈ। ਏਟੀਐਮ ਮਸ਼ੀਨ ਤੋੜਨ ਤੋਂ ਬਾਅਦ ਇਥੇ ਦਾ ਸਾਇਰਨ ਕਾਫ਼ੀ ਦੇਰ ਬਾਅਦ ਵੱਜਿਆ, ਇਸ ਤੋਂ ਪਹਿਲਾਂ ਮਸ਼ੀਨ ਦੇ ਇਲੈਕਟ੍ਰਾਨਿਕ ਉਪਕਰਨ ਡੈਮੇਜ ਹੋਣ ਕਾਰਨ ਇਸ ਦਾ ਅਲਰਟ ਸੱਭ ਪਹਿਲਾਂ ਮੁੰਬਈ ਹੈਡਕੁਆਟਰ ਵਿਚ ਵੱਜ ਗਿਆ ਸੀ। ਮੁੰਬਈ ਵਾਲਿਆਂ ਨੇ ਦੱਪਰ ਦੀ ਬਰਾਂਚ ਦੇ ਬੈਂਕ ਅਫ਼ਸਰਾਂ ਨੂੰ ਸੂਚਿਤ ਕੀਤਾ। ਬੈਂਕ ਮੈਨੇਜਰ ਅਸ਼ੀਸ ਅਧਿਕਾਰੀ ਅਨੁਸਾਰ ਉਨ੍ਹਾਂ ਨੂੰ ਵਾਰਦਾਤ ਦਾ ਪਤਾ ਤੜਕੇ ਸਵਾ 3 ਵਜੇ ਲੱਗਿਆ ।
ਲਾਲੜੂ ਥਾਣਾ ਮੁਖੀ ਗੁਰਚਰਨ ਸਿੰਘ ਵੀ ਮੌਕੇ ਉਤੇ ਪੁੱਜੇ। ਉਨ੍ਹਾਂ ਦਸਿਆ ਕਿ ਮਸ਼ੀਨ ਵਿਚ ਕਰੀਬ 16 ਲੱਖ ਰੁਪਏ ਦੀ ਨਕਦੀ ਹੋ ਸਕਦੀ ਹੈ , ਜਿਸ ਦੀ ਸਹੀ ਗਿਣਤੀ ਬਾਅਦ ਵਿਚ ਪਤਾ ਲੱਗੇਗੀ। ਉਨ੍ਹਾਂ ਦਸਿਆ ਕਿ ਏਟੀਐਮ ਮਸ਼ੀਨ ਰੱਸੇ ਨਾਲ ਬੰਨ ਕੇ ਜੀਪ ਰਾਹੀ ਝਟਕਾ ਮਾਰ ਕੇ ਪੁੱਟ ਗਈ ਹੈ, ਲੁਟੇਰੇ ਜੀਪ ਵਿਚ ਹੀ ਮਸ਼ੀਨ ਲੱਦੇ ਕੇ ਫ਼ਰਾਰ ਹੋ ਗਏ, ਜਿਸ ਦਾ ਪਤਾ ਲਗਾਉਣ ਦੇ ਲਈ ਨੇੜੇ-ਤੇੜੇ ਦੇ ਥਾਣਿਆਂ ਵਿਚ ਅਲਰਟ ਜਾਰੀ ਕਰ ਦਿਤਾ ਗਿਆ ਹੈ। ਪੁਲਿਸ ਨੇ ਫਿਲਹਾਲ ਅਣਪਛਾਤੇ ਲੁਟੇਰਿਆ ਵਿਰੁਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ।