ਰਿਆਸੀ ’ਚ ਅਤਿਵਾਦੀ ਹਮਲੇ ਦੇ ਬਾਵਜੂਦ ਸ਼ਰਧਾਲੂ ਸ਼ਿਵ ਖੋਰੀ ਮੰਦਰ ’ਚ ਜਾ ਰਹੇ ਹਨ, ਤਲਾਸ਼ ਮੁਹਿੰਮ ਦੂਜੇ ਦਿਨ ਵੀ ਜਾਰੀ
Published : Jun 11, 2024, 9:38 pm IST
Updated : Jun 11, 2024, 9:38 pm IST
SHARE ARTICLE
File Photo
File Photo

ਬਜਰੰਗ ਦਲ ਦੇਸ਼ ਵਿਆਪੀ ਪ੍ਰਦਰਸ਼ਨ ਕਰੇਗਾ 

ਰਿਆਸੀ (ਜੰਮੂ-ਕਸ਼ਮੀਰ) : ਜੰਮੂ-ਕਸ਼ਮੀਰ ’ਚ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਬੱਸ ’ਤੇ ਹੋਏ ਅਤਿਵਾਦੀ ਹਮਲੇ ’ਚ 9 ਲੋਕਾਂ ਦੇ ਮਾਰੇ ਜਾਣ ਤੋਂ ਬਾਅਦ ਵੀ ਸ਼ਰਧਾਲੂ ਡਰੇ ਹੋਏ ਨਹੀਂ ਹਨ ਅਤੇ ਸੁਰੱਖਿਆ ਬਲਾਂ ਅਤੇ ਭਗਵਾਨ ’ਚ ਵਿਸ਼ਵਾਸ ਨਾਲ ਸ਼ਿਵ ਖੋਰੀ ਮੰਦਰ ਜਾ ਰਹੇ ਹਨ। ਸ਼ਰਧਾਲੂ ਮੰਗਲਵਾਰ ਨੂੰ ਪੋਨੀ ਖੇਤਰ ਦੇ ਤੇਰਾਯਾਥ ਪਿੰਡ ਨੇੜੇ ਸਥਾਨ ’ਤੇ ਥੋੜ੍ਹੇ ਸਮੇਂ ਲਈ ਰੁਕੇ ਅਤੇ ‘ਭਾਰਤ ਮਾਤਾ ਕੀ ਜੈ’ ਅਤੇ ‘ਭਾਰਤੀ ਫੌਜ ਜ਼ਿੰਦਾਬਾਦ’ ਵਰਗੇ ਨਾਅਰੇ ਲਗਾਏ ਅਤੇ ਪੀੜਤਾਂ ਲਈ ਪ੍ਰਾਰਥਨਾ ਕੀਤੀ। 

ਮਹਾਰਾਸ਼ਟਰ ਤੋਂ ਆਏ 20 ਮੈਂਬਰੀ ਗਰੁੱਪ ਦੀ ਮੈਂਬਰ ਪ੍ਰਮਿਲਾ ਬਜਾਜ ਨੇ ਕਿਹਾ, ‘‘ਸਾਨੂੰ ਅਤਿਵਾਦੀ ਹਮਲੇ ਬਾਰੇ ਖ਼ਬਰਾਂ ਤੋਂ ਪਤਾ ਲੱਗਿਆ ਪਰ ਅਸੀਂ ਮਾਤਾ ਰਾਣੀ (ਵੈਸ਼ਨੋ ਦੇਵੀ) ਦੇ ਦਰਸ਼ਨ ਕਰਨ ਲਈ ਅਪਣੀ ਯਾਤਰਾ ਜਾਰੀ ਰੱਖਣ ਦਾ ਫੈਸਲਾ ਕੀਤਾ।’’ ਇਹ ਸਮੂਹ ਮਾਤਾ ਵੈਸ਼ਨੋ ਦੇਵੀ ਮੰਦਰ ਦੇ ਦਰਸ਼ਨ ਕਰਨ ਤੋਂ ਬਾਅਦ ਸ਼ਿਵ ਖੋਰੀ ਮੰਦਰ ਜਾਂਦੇ ਸਮੇਂ ਮੌਕੇ ’ਤੇ ਰੁਕਿਆ ਅਤੇ ਉਸ ਜਗ੍ਹਾ ਨੂੰ ਵੇਖਿਆ ਜਿੱਥੇ ਬੱਸ ਅਜੇ ਵੀ ਖੱਡ ’ਚ ਪਈ ਸੀ। ਬੱਸ ’ਤੇ ਐਤਵਾਰ ਸ਼ਾਮ ਨੂੰ ਹਮਲਾ ਕੀਤਾ ਗਿਆ ਸੀ। 

ਬਜਾਜ ਨੇ ਕਿਹਾ, ‘‘ਜੋ ਹੋਇਆ ਉਹ ਭਿਆਨਕ ਸੀ। ਮ੍ਰਿਤਕਾਂ ’ਚ ਇਕ ਦੋ ਸਾਲ ਦਾ ਬੱਚਾ ਅਤੇ ਉਸ ਦੀ ਮਾਂ ਵੀ ਸ਼ਾਮਲ ਹਨ। ਅਸੀਂ ਵਿਛੜੀਆਂ ਰੂਹਾਂ ਲਈ ਪ੍ਰਾਰਥਨਾ ਕਰਦੇ ਹਾਂ।’’ ਅਤਿਵਾਦੀਆਂ ਨੇ ਐਤਵਾਰ ਨੂੰ ਪੋਨੀ ਇਲਾਕੇ ਦੇ ਤੇਰਾਯਥ ਪਿੰਡ ਨੇੜੇ ਕਟੜਾ ’ਚ ਸ਼ਿਵ ਖੋਰੀ ਮੰਦਰ ਤੋਂ ਮਾਤਾ ਵੈਸ਼ਨੋ ਦੇਵੀ ਮੰਦਰ ਜਾ ਰਹੀ 53 ਸੀਟਾਂ ਵਾਲੀ ਬੱਸ ’ਤੇ ਗੋਲੀਬਾਰੀ ਕੀਤੀ। ਹਮਲੇ ਤੋਂ ਬਾਅਦ ਬੱਸ ਖੱਡ ’ਚ ਡਿੱਗ ਗਈ। ਇਹ ਗੱਡੀ ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਦਿੱਲੀ ਦੇ ਸ਼ਰਧਾਲੂਆਂ ਨੂੰ ਲੈ ਕੇ ਜਾ ਰਿਹਾ ਸੀ। ਇਸ ਹਾਦਸੇ ’ਚ 9 ਲੋਕਾਂ ਦੀ ਮੌਤ ਹੋ ਗਈ ਅਤੇ 41 ਹੋਰ ਜ਼ਖਮੀ ਹੋ ਗਏ। 

ਮਹਾਰਾਸ਼ਟਰ ਦੀ ਰਹਿਣ ਵਾਲੀ ਮੰਗਲਾ ਮਹਾਜਨ ਨੇ ਕਿਹਾ, ‘‘ਡਰ ਕੁਦਰਤੀ ਹੈ ਪਰ ਸਾਨੂੰ ਅਪਣੇ ਸੁਰੱਖਿਆ ਬਲਾਂ ’ਤੇ ਪੂਰਾ ਭਰੋਸਾ ਹੈ ਜੋ ਅਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਸਾਡੇ ਦੇਸ਼ ਦੀ ਰੱਖਿਆ ਕਰਦੇ ਹਨ। ਸਾਨੂੰ ਅਪਣੇ ਪਰਮੇਸ਼ੁਰ ’ਤੇ ਪੂਰਾ ਭਰੋਸਾ ਹੈ।’’ ਮਹਾਜਨ ਨੇ ਕਿਹਾ ਕਿ ਸਾਨੂੰ ਪੂਰਾ ਭਰੋਸਾ ਹੈ ਕਿ ਸਾਡੀ ਫੌਜ ਅਤਿਵਾਦੀਆਂ ਨੂੰ ਫੜੇਗੀ ਅਤੇ ਉਨ੍ਹਾਂ ਨੂੰ ਸਜ਼ਾ ਦੇਵੇਗੀ। 

ਉਨ੍ਹਾਂ ਕਿਹਾ, ‘‘ਅਸੀਂ ਵੈਸ਼ਨੋ ਦੇਵੀ ਦੇ ਦਰਸ਼ਨ ਕੀਤੇ ਅਤੇ ਹੁਣ ਸ਼ਿਵ ਖੋਰੀ ਵਲ ਜਾ ਰਹੇ ਹਾਂ। ਹਮਲਾਵਰਾਂ ਨੂੰ ਸਜ਼ਾ ਦਿਤੀ ਜਾਵੇਗੀ ਕਿਉਂਕਿ ਸਾਡੀ ਫੌਜ ਉਨ੍ਹਾਂ ਦੀ ਭਾਲ ਲਈ ਵੱਡੇ ਪੱਧਰ ’ਤੇ ਤਲਾਸ਼ੀ ਮੁਹਿੰਮ ਚਲਾ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਦੁਸ਼ਮਣ ਦੇ ਕੈਂਪ ਨੂੰ ਚੰਗੀ ਸਮਝ ਦਿਤੀ ਜਾਵੇ ਨਹੀਂ ਤਾਂ ਸਾਡੀ ਫੌਜ ਉਨ੍ਹਾਂ ਦਾ ਸਫਾਇਆ ਕਰ ਦੇਵੇਗੀ।’’

ਸ਼ਰਧਾਲੂਆਂ ਦੀ ਬੱਸ ’ਤੇ ਹਮਲੇ ’ਚ ਸ਼ਾਮਲ ਅਤਿਵਾਦੀਆਂ ਨੂੰ ਲੱਭਣ ਲਈ ਵੱਡੇ ਪੱਧਰ ’ਤੇ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਪੁਲਿਸ, ਫੌਜ ਅਤੇ ਸੀ.ਆਰ.ਪੀ.ਐਫ. ਦੀਆਂ 11 ਟੀਮਾਂ ਕੰਮ ਕਰ ਰਹੀਆਂ ਹਨ ਅਤੇ ਪੋਨੀ ਤੇਰਾਯਾਥ ਇਲਾਕੇ ਨੂੰ ਕਈ ਪਾਸਿਆਂ ਤੋਂ ਘੇਰ ਲਿਆ ਗਿਆ ਹੈ। ਇਕ ਅਧਿਕਾਰੀ ਨੇ ਦਸਿਆ ਕਿ ਵੈਸ਼ਨੋ ਦੇਵੀ ਅਤੇ ਸ਼ਿਵ ਖੋਰੀ ਦੋਹਾਂ ਮੰਦਰਾਂ ਲਈ ਸੁਰੱਖਿਆ ਦੇ ਢੁਕਵੇਂ ਪ੍ਰਬੰਧ ਕੀਤੇ ਗਏ ਹਨ। ਅਤਿਵਾਦੀ ਹਮਲੇ ਦੇ ਮੱਦੇਨਜ਼ਰ ਦੋਹਾਂ ਥਾਵਾਂ ਦੀ ਨਵੀਂ ਸੁਰੱਖਿਆ ਸਮੀਖਿਆ ਕੀਤੀ ਗਈ ਸੀ। ਸੂਤਰਾਂ ਨੇ ਦਸਿਆ ਕਿ ਰਿਆਸੀ ਅਤੇ ਰਾਜੌਰੀ ਦੋਹਾਂ ਪਾਸਿਆਂ ਤੋਂ ਸ਼ਿਵ ਖੋਰੀ ਨੂੰ ਜਾਣ ਵਾਲੀ ਮੁੱਖ ਸੜਕ ’ਤੇ ਵਾਧੂ ਸੁਰੱਖਿਆ ਬਲਾਂ ਦੀ ਤਾਇਨਾਤੀ ਨਾਲ ਸੁਰੱਖਿਆ ਵਧਾ ਦਿਤੀ ਗਈ ਹੈ। 

ਅਤਿਵਾਦੀ ਹਮਲੇ ਦੇ ਵਿਰੋਧ ’ਚ ਬਜਰੰਗ ਦਲ ਦੇਸ਼ ਵਿਆਪੀ ਪ੍ਰਦਰਸ਼ਨ ਕਰੇਗਾ 

ਨਵੀਂ ਦਿੱਲੀ: ਜੰਮੂ-ਕਸ਼ਮੀਰ ਦੇ ਰਿਆਸੀ ’ਚ ਹੋਏ ਅਤਿਵਾਦੀ ਹਮਲੇ ਦੇ ਵਿਰੋਧ ’ਚ ਬਜਰੰਗ ਦਲ ਬੁਧਵਾਰ ਨੂੰ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਕਰੇਗਾ। ਵਿਸ਼ਵ ਹਿੰਦੂ ਪ੍ਰੀਸ਼ਦ (ਵੀ.ਐੱਚ.ਪੀ.) ਦੇ ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ। ਬਜਰੰਗ ਦਲ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਯੂਥ ਵਿੰਗ ਹੈ, ਜੋ ਕੌਮੀ ਸਵੈਮਸੇਵਕ ਸੰਘ (ਆਰ.ਐਸ.ਐਸ.) ਨਾਲ ਜੁੜਿਆ ਹੋਇਆ ਹੈ। ਇਸ ਘਟਨਾ ਦੀ ਨਿੰਦਾ ਕਰਦਿਆਂ ਵਿਸ਼ਵ ਹਿੰਦੂ ਪ੍ਰੀਸ਼ਦ ਯੂਨੀਅਨ ਦੇ ਜਨਰਲ ਸਕੱਤਰ (ਸੰਗਠਨ) ਮਿਲਿੰਦ ਪਰਾਂਡੇ ਨੇ ਕਿਹਾ ਕਿ ਇਹ ਪਾਕਿਸਤਾਨ ਸਮਰਥਿਤ ਇਸਲਾਮਿਕ ਅਤਿਵਾਦੀਆਂ ਵਲੋਂ ਕੀਤਾ ਗਿਆ ਕਾਇਰਾਨਾ ਹਮਲਾ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਯੂਥ ਵਿੰਗ ਬਜਰੰਗ ਦਲ ਨੇ ਬੁਧਵਾਰ ਨੂੰ ਦੇਸ਼ ਭਰ ’ਚ ਇਸਲਾਮਿਕ ਅਤਿਵਾਦ ਦੇ ਪੁਤਲੇ ਸਾੜਨ ਅਤੇ ਸਬੰਧਤ ਜ਼ਿਲ੍ਹਾ ਮੈਜਿਸਟ੍ਰੇਟਾਂ ਰਾਹੀਂ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਮੰਗ ਚਿੱਠੀ ਸੌਂਪਣ ਦਾ ਫੈਸਲਾ ਕੀਤਾ ਹੈ। ਵੀ.ਐਚ.ਪੀ. ਨੇਤਾ ਨੇ ਅਤਿਵਾਦੀ ਹਮਲੇ ’ਚ ਮਾਰੇ ਗਏ ਸ਼ਰਧਾਲੂਆਂ ਨੂੰ ਸ਼ਰਧਾਂਜਲੀ ਦਿਤੀ ਅਤੇ ਇਸ ਘਟਨਾ ’ਚ ਜ਼ਖਮੀ ਹੋਏ ਲੋਕਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ। 

ਤਲਾਸ਼ੀ ਮੁਹਿੰਮ ਦੂਜੇ ਦਿਨ ਵੀ ਜਾਰੀ, 20 ਲੋਕ ਪੁੱਛ-ਪੜਤਾਲ ਲਈ ਹਿਰਾਸਤ ’ਚ ਲਏ

ਜੰਮੂ: ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ’ਚ ਸ਼ਰਧਾਲੂਆਂ ਦੀ ਬੱਸ ’ਤੇ ਹੋਏ ਹਮਲੇ ’ਚ ਸ਼ਾਮਲ ਅਤਿਵਾਦੀਆਂ ਦਾ ਪਤਾ ਲਗਾਉਣ ਲਈ ਸੁਰੱਖਿਆ ਬਲਾਂ ਦੀਆਂ 11 ਟੀਮਾਂ ਵੱਡੇ ਪੱਧਰ ’ਤੇ ਮੁਹਿੰਮ ਚਲਾ ਰਹੀਆਂ ਹਨ ਅਤੇ ਪੋਨੀ ਤੇਰਾਯਾਥ ਇਲਾਕੇ ਨੂੰ ਕਈ ਪਾਸਿਆਂ ਤੋਂ ਘੇਰ ਲਿਆ ਗਿਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। 

ਅਧਿਕਾਰੀਆਂ ਨੇ ਦਸਿਆ ਕਿ ਅਤਿਵਾਦੀ ਹਮਲੇ ’ਚ 9 ਲੋਕਾਂ ਦੇ ਮਾਰੇ ਜਾਣ ਅਤੇ 41 ਦੇ ਜ਼ਖਮੀ ਹੋਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਜੰਮੂ ਅਤੇ ਰਾਜੌਰੀ ਜ਼ਿਲ੍ਹਿਆਂ ’ਚ ਹਾਈ ਅਲਰਟ ਜਾਰੀ ਕਰ ਦਿਤਾ ਹੈ ਅਤੇ ਇਲਾਕੇ ’ਚ ਚੈਕਿੰਗ ਅਤੇ ਤਲਾਸ਼ੀ ਮੁਹਿੰਮ ਤੇਜ਼ ਕਰ ਦਿਤੀ ਹੈ।ਅਧਿਕਾਰੀਆਂ ਮੁਤਾਬਕ 20 ਤੋਂ ਵੱਧ ਲੋਕਾਂ ਨੂੰ ਪੁੱਛ-ਪੜਤਾਲ ਲਈ ਹਿਰਾਸਤ ’ਚ ਲਿਆ ਗਿਆ ਹੈ। 

ਉਧਮਪੁਰ-ਰਿਆਸੀ ਰੇਂਜ ਦੇ ਡੀ.ਆਈ.ਜੀ. ਰਈਸ ਮੁਹੰਮਦ ਭੱਟ ਨੇ ਕਿਹਾ ਕਿ ਪੁਲਿਸ, ਫੌਜ, ਕੇਂਦਰੀ ਰਿਜ਼ਰਵ ਪੁਲਿਸ ਬਲ (ਸੀ.ਆਰ.ਪੀ.ਐਫ.) ਦੀਆਂ 11 ਟੀਮਾਂ ਫਰਾਰ ਅਤਿਵਾਦੀਆਂ ਦੇ ਖਾਤਮੇ ਲਈ ਦੋ ਸਿਰਿਆਂ ’ਤੇ ਕੰਮ ਕਰ ਰਹੀਆਂ ਹਨ ਅਤੇ ਸੁਰੱਖਿਆ ਬਲਾਂ ਨੂੰ ਕੁੱਝ ਸੁਰਾਗ ਮਿਲੇ ਹਨ। ਇਕ ਹੋਰ ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਹਮਲੇ ਵਾਲੇ ਇਲਾਕੇ ’ਚ ਤਲਾਸ਼ੀ ਮੁਹਿੰਮ ਜਾਰੀ ਹੈ ਅਤੇ 11 ਟੀਮਾਂ ਕੰਮ ਕਰ ਰਹੀਆਂ ਹਨ। ਇਸ ਤੋਂ ਇਲਾਵਾ ਪੋਨੀ-ਤੇਰਾਯਾਥ ਪੱਟੀ ਦੇ ਆਲੇ-ਦੁਆਲੇ ਵੀ ਘੇਰਾਬੰਦੀ ਕੀਤੀ ਗਈ ਹੈ।

ਅਧਿਕਾਰੀਆਂ ਨੇ ਦਸਿਆ ਕਿ ਹਮਲੇ ’ਚ ਜ਼ਖਮੀ ਹੋਏ ਲੋਕਾਂ ਦੇ ਬਿਆਨਾਂ ਦੇ ਆਧਾਰ ’ਤੇ ਉਨ੍ਹਾਂ ਨੇ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਕਿ ਮੌਕੇ ’ਤੇ ਕੋਈ ਚੌਥਾ ਵਿਅਕਤੀ ਮੌਜੂਦ ਸੀ ਜੋ ਤਿੰਨਾਂ ਅਤਿਵਾਦੀਆਂ ਦੀ ਮੌਕੇ ’ਤੇ ਨਜ਼ਰ ਰੱਖ ਰਿਹਾ ਸੀ। ਸੂਤਰਾਂ ਨੇ ਦਸਿਆ ਕਿ ਸੁਰੱਖਿਆ ਬਲਾਂ ਨੂੰ ਸ਼ੱਕ ਹੈ ਕਿ ਪਾਕਿਸਤਾਨੀ ਅਤਿਵਾਦੀ ਰਾਜੌਰੀ ਅਤੇ ਰਿਆਸੀ ਦੇ ਪਹਾੜੀ ਇਲਾਕਿਆਂ ’ਚ ਲੁਕੇ ਹੋਏ ਹਨ ਅਤੇ ਉਨ੍ਹਾਂ ਨੇ ਇਲਾਕੇ ’ਚ ਤਲਾਸ਼ੀ ਮੁਹਿੰਮ ਤੇਜ਼ ਕਰ ਦਿਤੀ ਹੈ। ਸੂਤਰਾਂ ਨੇ ਦਸਿਆ ਕਿ ਉਹ ਸੁਰੱਖਿਅਤ ਸੰਚਾਰ ਰਾਹੀਂ ਪਾਕਿਸਤਾਨ ਦੀ ਆਈਐਸਆਈ ਤੋਂ ਹੁਕਮ ਲੈ ਰਹੇ ਹਨ। 

ਉਨ੍ਹਾਂ ਕਿਹਾ, ‘‘ਅਜਿਹੀਆਂ ਰੀਪੋਰਟਾਂ ਹਨ ਕਿ ਲਸ਼ਕਰ-ਏ-ਤੋਇਬਾ ਦੇ ਕਮਾਂਡਰ ਅਬੂ ਹਮਜ਼ਾ ਦੇ ਨਿਰਦੇਸ਼ਾਂ ’ਤੇ ਕੀਤੇ ਗਏ ਹਮਲੇ ਵਿਚ ਇਕ ਸਥਾਨਕ ਸਹਾਇਕ ਸਮੇਤ ਚਾਰ ਅਤਿਵਾਦੀ ਸ਼ਾਮਲ ਸਨ।’’ ਡਰੋਨ ਅਤੇ ਸਨੀਫਰ ਕੁੱਤਿਆਂ ਸਮੇਤ ਨਿਗਰਾਨੀ ਉਪਕਰਣਾਂ ਨਾਲ ਲੈਸ ਸੁਰੱਖਿਆ ਕਰਮਚਾਰੀਆਂ ਨੇ ਸੋਮਵਾਰ ਨੂੰ ਵੱਡੇ ਪੱਧਰ ’ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਖੇਤਰ ’ਚ ਗਤੀਵਿਧੀਆਂ ਦੀ ਨਿਗਰਾਨੀ ਕਰਨ ਲਈ ਇਕ ਹੈਲੀਕਾਪਟਰ ਵੀ ਸੇਵਾ ’ਚ ਲਗਾਇਆ ਗਿਆ ਸੀ। 

ਕੌਮੀ ਜਾਂਚ ਏਜੰਸੀ (ਐਨ.ਆਈ.ਏ.), ਰਾਜ ਜਾਂਚ ਏਜੰਸੀ (ਐਸ.ਆਈ.ਏ.) ਅਤੇ ਫੋਰੈਂਸਿਕ ਵਿਭਾਗ ਦੀਆਂ ਟੀਮਾਂ ਹਮਲੇ ਵਾਲੀ ਥਾਂ ’ਤੇ ਪਹੁੰਚੀਆਂ ਅਤੇ ਜਾਂਚ ਸ਼ੁਰੂ ਕਰ ਦਿਤੀ । 

SHARE ARTICLE

ਏਜੰਸੀ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement