 
          	ਸਿਰਫ ਆਧਾਰ ਪ੍ਰਮਾਣਿਤ ਉਪਭੋਗਤਾ ਹੀ 1 ਜੁਲਾਈ ਤੋਂ ਤਤਕਾਲ ਟਿਕਟ ਬੁੱਕ ਕਰ ਸਕਦੇ ਹਨ: ਰੇਲ ਮੰਤਰਾਲਾ
Tatkal Ticket Rules: ਰੇਲਵੇ ਨੇ ਤਤਕਾਲ ਟਿਕਟ ਬੁਕਿੰਗ ’ਚ ਅਹਿਮ ਬਦਲਾਅ ਕੀਤੇ ਹਨ। ਰੇਲ ਮੰਤਰਾਲੇ ਨੇ ਇਕ ਐਲਾਨ ’ਚ ਕਿਹਾ ਕਿ ਇਕ ਜੁਲਾਈ 2025 ਤੋਂ ਤਤਕਾਲ ਯੋਜਨਾ ਤਹਿਤ ਸਿਰਫ ਆਧਾਰ ਪ੍ਰਮਾਣਿਤ ਉਪਭੋਗਤਾ ਹੀ ਟਿਕਟ ਬੁੱਕ ਕਰ ਸਕਣਗੇ।ਮੰਤਰਾਲੇ ਨੇ 10 ਜੂਨ, 2025 ਨੂੰ ਜਾਰੀ ਇਕ ਸਰਕੂਲਰ ’ਚ ਸਾਰੇ ਜ਼ੋਨਾਂ ਨੂੰ ਸੂਚਿਤ ਕੀਤਾ ਕਿ ਇਹ ਫੈਸਲਾ ਇਹ ਯਕੀਨੀ ਬਣਾਉਣ ਲਈ ਲਿਆ ਗਿਆ ਹੈ ਕਿ ਤਤਕਾਲ ਯੋਜਨਾ ਦਾ ਲਾਭ ਆਮ ਉਪਭੋਗਤਾਵਾਂ ਨੂੰ ਮਿਲੇ।
ਮੰਤਰਾਲੇ ਨੇ ਕਿਹਾ ਕਿ ਤਤਕਾਲ ਯੋਜਨਾ ਤਹਿਤ ਟਿਕਟਾਂ 1-07-2025 ਤੋਂ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈ.ਆਰ.ਸੀ.ਟੀ.ਸੀ.) ਦੀ ਵੈੱਬਸਾਈਟ ਰਾਹੀਂ ਬੁੱਕ ਕੀਤੀਆਂ ਜਾ ਸਕਦੀਆਂ ਹਨ।
ਇਸ ਤੋਂ ਬਾਅਦ, 15 ਜੁਲਾਈ, 2025 ਤੋਂ ਤਤਕਾਲ ਬੁਕਿੰਗ ਲਈ ਆਧਾਰ ਅਧਾਰਤ ਓ.ਟੀ.ਪੀ. ਪ੍ਰਮਾਣਿਕਤਾ ਨੂੰ ਵੀ ਲਾਜ਼ਮੀ ਕਰ ਦਿਤਾ ਜਾਵੇਗਾ।
ਤਤਕਾਲ ਟਿਕਟਾਂ ਭਾਰਤੀ ਰੇਲਵੇ/ਅਧਿਕਾਰਤ ਏਜੰਟਾਂ ਦੇ ਕੰਪਿਊਟਰਾਈਜ਼ਡ ਪੀ.ਆਰ.ਐਸ. (ਮੁਸਾਫ਼ਰ ਰਿਜ਼ਰਵੇਸ਼ਨ ਸਿਸਟਮ) ਕਾਊਂਟਰਾਂ ਰਾਹੀਂ ਬੁਕਿੰਗ ਲਈ ਉਪਲਬਧ ਹੋਣਗੀਆਂ ਜਦੋਂ ਸਿਸਟਮ ਵਲੋਂ ਤਿਆਰ ਕੀਤੇ ਗਏ ਓ.ਟੀ.ਪੀ. ਦੀ ਪ੍ਰਮਾਣਿਕਤਾ ਕੀਤੀ ਜਾਵੇਗੀ ਜੋ ਬੁਕਿੰਗ ਦੇ ਸਮੇਂ ਉਪਭੋਗਤਾਵਾਂ ਵਲੋਂ ਪ੍ਰਦਾਨ ਕੀਤੇ ਮੋਬਾਈਲ ਨੰਬਰ ’ਤੇ ਸਿਸਟਮ ਰਾਹੀਂ ਭੇਜੀ ਜਾਵੇਗੀ। ਸਰਕੂਲਰ ’ਚ ਅੱਗੇ ਕਿਹਾ ਗਿਆ ਹੈ ਕਿ ਇਸ ਨੂੰ 15/07/2025 ਤਕ ਲਾਗੂ ਕੀਤਾ ਜਾਵੇਗਾ।
ਸਰਕੂਲਰ ’ਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਭਾਰਤੀ ਰੇਲਵੇ ਦੇ ਅਧਿਕਾਰਤ ਟਿਕਟਿੰਗ ਏਜੰਟਾਂ ਨੂੰ ਤਤਕਾਲ ਬੁਕਿੰਗ ਵਿੰਡੋ ਦੇ ਪਹਿਲੇ 30 ਮਿੰਟਾਂ ਦੌਰਾਨ ਸ਼ੁਰੂਆਤੀ ਦਿਨ ਤਤਕਾਲ ਟਿਕਟਾਂ ਬੁੱਕ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਵਿਸ਼ੇਸ਼ ਤੌਰ ’ਤੇ ਉਨ੍ਹਾਂ ਨੂੰ ਸਵੇਰੇ 10:00 ਵਜੇ ਤੋਂ 10:30 ਵਜੇ ਤਕ ਏਅਰ ਕੰਡੀਸ਼ਨਡ ਕਲਾਸਾਂ ਲਈ ਤਤਕਾਲ ਟਿਕਟਾਂ ਦੀ ਬੁਕਿੰਗ ਕਰਨ ਤੋਂ ਰੋਕਿਆ ਜਾਵੇਗਾ ਅਤੇ ਗੈਰ-ਏਅਰ ਕੰਡੀਸ਼ਨਡ ਕਲਾਸਾਂ ਲਈ ਸਵੇਰੇ 11:00 ਵਜੇ ਤੋਂ 11:30 ਵਜੇ ਤਕ ਟਿਕਟ ਬੁੱਕ ਕਰਨ ’ਤੇ ਪਾਬੰਦੀ ਹੋਵੇਗੀ।
 
                     
                
 
	                     
	                     
	                     
	                     
     
     
     
     
                     
                     
                     
                     
                    