
ਇਸ ਸਾਲ 1 ਜੂਨ ਨੂੰ ਭਾਰਤੀ ਰੇਲਵੇ 'ਚ 2.98 ਲੱਖ ਤੋਂ ਜ਼ਿਆਦਾ ਅਸਾਮੀਆਂ ਖ਼ਾਲੀ ਸਨ ਅਤੇ ਸਰਕਾਰ ਮੁਤਾਬਕ 2.94 ਲੱਖ ਤੋਂ ਜ਼ਿਆਦਾ ਕਰਮਚਾਰੀਆਂ ਦੀ ਭਰਤੀ ਪ੍ਰਕਿਰਿਆ ਚੱਲ ਰਹੀ ਹੈ
ਨਵੀਂ ਦਿੱਲੀ: ਇਸ ਸਾਲ 1 ਜੂਨ ਨੂੰ ਭਾਰਤੀ ਰੇਲਵੇ ਵਿਚ 2.98 ਲੱਖ ਤੋਂ ਜ਼ਿਆਦਾ ਅਸਾਮੀਆਂ ਖ਼ਾਲੀ ਸਨ ਅਤੇ ਸਰਕਾਰ ਮੁਤਾਬਕ 2.94 ਲੱਖ ਤੋਂ ਜ਼ਿਆਦਾ ਕਰਮਚਾਰੀਆਂ ਦੀ ਭਰਤੀ ਪ੍ਰਕਿਰਿਆ ਚੱਲ ਰਹੀ ਹੈ। ਰੇਲ ਮੰਤਰੀ ਪੀਊਸ਼ ਗੋਇਲ ਨੇ ਬੁੱਧਵਾਰ ਨੂੰ ਲੋਕ ਸਭਾ ਨੂੰ ਦੱਸਿਆ ਕਿ ਪਿਛਲੇ ਦਹਾਕੇ ਵਿਚ ਰੇਲਵੇ ‘ਚ 4.61 ਲੱਖ ਤੋਂ ਜ਼ਿਆਦਾ ਲੋਕਾਂ ਦੀ ਭਰਤੀ ਕੀਤੀ ਗਈ ਸੀ। ਇਹ ਦੇਖਦੇ ਹੋਏ ਕਿ ਅਸਾਮੀਆਂ ਨੂੰ ਭਰਨਾ ਇਕ ਨਿਰੰਤਰ ਪ੍ਰਕਿਰਿਆ ਹੈ। ਗੋਇਲ ਨੇ ਕਿਹਾ ਕਿ ਕੈਡਰ ਦੀ ਤਾਕਤ ਵੱਖ ਵੱਖ ਤੱਥਾਂ ਨੂੰ ਧਿਆਨ ਵਿਚ ਰੱਖਣ ਤੋਂ ਬਾਅਦ ਤੈਅ ਕੀਤੀ ਜਾਂਦੀ ਹੈ।
Indian Railways
ਉਹਨਾਂ ਨੇ ਲਿਖਤੀ ਜਵਾਬ ਵਿਚ ਕਿਹਾ ਕਿ ਕਰਮਚਾਰੀਆਂ ਦੀ ਗਿਣਤੀ 1991 ਵਿਚ 16, 54,985 ਅਤੇ 2019 ਵਿਚ 12,48, 101 ਸੀ। ਹਾਲਾਂਕਿ ਇਸ ਨੇ ਰੇਲਵੇ ਦੀਆਂ ਸੇਵਾਵਾਂ ਨੂੰ ਪ੍ਰਭਾਵਿਤ ਨਹੀਂ ਕੀਤਾ ਹੈ। ਰੇਲਵੇ ਭਰਤੀ ਬੋਰਡ ਅਤੇ ਰੇਲਵੇ ਭਰਤੀ ਸੈੱਲ ਦੇ ਮਾਧਿਅਮ ਰਾਹੀਂ ਅਸਾਮੀਆਂ ਨੂੰ ਭਰਿਆ ਜਾਂਦਾ ਹੈ। ਲਿਖਤੀ ਉੱਤਰ ਵਿਚ ਦਿੱਤੇ ਗਏ ਅੰਕੜਿਆਂ ਅਨੁਸਾਰ 1 ਜੂਨ 2019 ਤੱਕ ਰੇਲਵੇ ਵਿਚ ਏ,ਬੀ,ਸੀ ਅਤੇ ਡੀ ਸ੍ਰੇਣੀਆਂ ਵਿਚ 2,98574 ਅਸਾਮੀਆਂ ਸਨ। 2,94,420 ਕਰਮਚਾਰੀਆਂ ਦੀ ਭਰਤੀ ਲਈ ਪ੍ਰਕਿਰਿਆ ਚੱਲ ਰਹੀ ਹੈ।
Indian Railways
2018-19 ਵਿਚ 2,94,420 ਅਸਾਮੀਆਂ ਨੂੰ ਭਰਨ ਲਈ ਕਾਰਵਾਈ ਸ਼ੁਰੂ ਕੀਤੀ ਗਈ ਸੀ। ਗੋਇਲ ਨੇ ਕਿਹਾ ਕਿ ਪ੍ਰੀਖਿਆਵਾਂ 1,51,843 ਅਸਾਮੀਆਂ ਲਈ ਅਯੋਜਿਤ ਕੀਤੀਆਂ ਗਈਆਂ ਹਨ ਅਤੇ 2019-20 ਵਿਚ 1,41,577 ਅਸਾਮੀਆਂ ਲਈ ਅਯੋਜਿਤ ਕੀਤੀਆਂ ਜਾਣਗੀਆਂ, ਜਿਸ ਦੇ ਲਈ 2019 ਵਿਚ ਰੁਜ਼ਗਾਰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਆਰਥਕ ਪੱਖੋਂ ਕਮਜ਼ੋਰ ਵਰਗ (EWS) ਕੋਟੇ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਪ੍ਰੀਖਿਆਵਾਂ ਅਯੋਜਿਤ ਕੀਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਜਿਹੜੀਆਂ ਵੀ ਅਸਾਮੀਆਂ ਲਈ ਭਰਤੀ ਕੀਤੀ ਜਾਵੇਗੀ ਉਹਨਾਂ ਲਈ ਅਰਜ਼ੀਆਂ ਅਧਿਕਾਰਕ ਵੈੱਬਸਾਈਟ ਰਾਹੀਂ ਮੰਗੀਆਂ ਜਾਣਗੀਆਂ।