
Mumbai News : ਸੂਚਨਾ ਤਕਨਾਲੋਜੀ ਤੇ ਆਟੋ ਸ਼ੇਅਰਾਂ ’ਚ ਵਿਕਰੀ ਕਾਰਨ ਸੈਂਸੈਕਸ 690 ਅੰਕ ਡਿੱਗਿਆ
Mumbai News in Punjabi : ਸੂਚਨਾ ਤਕਨਾਲੋਜੀ, ਆਟੋ ਅਤੇ ਊਰਜਾ ਕੰਪਨੀਆਂ ਦੇ ਸ਼ੇਅਰਾਂ ’ਚ ਭਾਰੀ ਵਿਕਰੀ ਕਾਰਨ ਸੈਂਸੈਕਸ ਅਤੇ ਨਿਫਟੀ ’ਚ ਸ਼ੁਕਰਵਾਰ ਨੂੰ ਲਗਾਤਾਰ ਤੀਜੇ ਸੈਸ਼ਨ ’ਚ ਕਰੀਬ 1 ਫ਼ੀ ਸਦੀ ਦੀ ਗਿਰਾਵਟ ਦਰਜ ਕੀਤੀ ਗਈ। ਵਿਸ਼ਲੇਸ਼ਕਾਂ ਨੇ ਕਿਹਾ ਕਿ ਟੈਰਿਫ ਨਾਲ ਜੁੜੀਆਂ ਅਨਿਸ਼ਚਿਤਤਾਵਾਂ ਅਤੇ ਆਲਮੀ ਬਾਜ਼ਾਰ ਦੇ ਰਲਵੇਂ-ਮਿਲਵੇਂ ਰੁਝਾਨਾਂ ਨੇ ਵੀ ਦਬਾਅ ਵਧਾਇਆ।
ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 689.81 ਅੰਕ ਯਾਨੀ 0.83 ਫੀ ਸਦੀ ਡਿੱਗ ਕੇ 82,500.47 ਅੰਕ ਉਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਹ 748.03 ਅੰਕ ਯਾਨੀ 0.89 ਫੀ ਸਦੀ ਡਿੱਗ ਕੇ 82,442.25 ਅੰਕ ਉਤੇ ਬੰਦ ਹੋਇਆ। ਬੀ.ਐਸ.ਈ. ਉਤੇ 2,450 ਸ਼ੇਅਰਾਂ ’ਚ ਗਿਰਾਵਟ ਦਰਜ ਕੀਤੀ ਗਈ, ਜਦਕਿ 1,557 ਸ਼ੇਅਰਾਂ ’ਚ ਤੇਜ਼ੀ ਅਤੇ 158 ’ਚ ਕੋਈ ਬਦਲਾਅ ਨਹੀਂ ਹੋਇਆ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 205.40 ਅੰਕ ਯਾਨੀ 0.81 ਫੀ ਸਦੀ ਡਿੱਗ ਕੇ 25,149.85 ਅੰਕ ਉਤੇ ਬੰਦ ਹੋਇਆ। ਜੇਕਰ ਪੂਰੇ ਹਫ਼ਤੇ ਨੂੰ ਵੇਖਿਆ ਜਾਵੇਗਾ ਤਾਂ ਬੀ.ਐਸ.ਈ. ਦਾ ਸੈਂਸੈਕਸ 932.42 ਅੰਕ ਯਾਨੀ 1.11 ਫੀ ਸਦੀ ਅਤੇ ਨਿਫਟੀ 311.15 ਅੰਕ ਯਾਨੀ 1.22 ਫੀ ਸਦੀ ਡਿੱਗਿਆ।
ਮਹਿਤਾ ਇਕੁਇਟੀਜ਼ ਲਿਮਟਿਡ ਦੇ ਸੀਨੀਅਰ ਉਪ ਪ੍ਰਧਾਨ (ਖੋਜ) ਪ੍ਰਸ਼ਾਂਤ ਤਾਪਸੇ ਨੇ ਕਿਹਾ ਕਿ ਯੂਰਪੀ ਬਾਜ਼ਾਰ ਦੇ ਕਮਜ਼ੋਰ ਸੰਕੇਤਾਂ ਅਤੇ ਅਮਰੀਕਾ ਦੇ ਨਕਾਰਾਤਮਕ ਡਾਓ ਫਿਊਚਰਜ਼ ਨੇ ਧਾਰਨਾ ਨੂੰ ਪ੍ਰਭਾਵਤ ਕੀਤਾ, ਪਰ ਸਾਫਟਵੇਅਰ ਕੰਪਨੀ ਟੀ.ਸੀ.ਐਸ. ਦੀ ਕਮਾਈ ਸੀਜ਼ਨ ਦੀ ਨਿਰਾਸ਼ਾਜਨਕ ਸ਼ੁਰੂਆਤ ਨੇ ਨਿਵੇਸ਼ਕਾਂ ਨੂੰ ਸੁਸਤ ਗਲੋਬਲ ਮੰਗ ਦੇ ਦ੍ਰਿਸ਼ ਬਾਰੇ ਚੇਤਾਵਨੀ ਦਿਤੀ, ਜਿਸ ਕਾਰਨ ਆਈ.ਟੀ. , ਦੂਰਸੰਚਾਰ, ਆਟੋ, ਰੀਅਲਟੀ ਅਤੇ ਤੇਲ ਅਤੇ ਗੈਸ ਸ਼ੇਅਰਾਂ ਵਿਚ ਭਾਰੀ ਵਿਕਰੀ ਹੋਈ। ਸੈਂਸੈਕਸ ਕੰਪਨੀਆਂ ਤੋਂ ਟਾਟਾ ਕੰਸਲਟੈਂਸੀ ਸਰਵਿਸਿਜ਼ ਦਾ ਸ਼ੇਅਰ ਜੂਨ ਤਿਮਾਹੀ ਦੇ ਨਤੀਜਿਆਂ ਤੋਂ ਬਾਅਦ 3.46 ਫੀ ਸਦੀ ਡਿੱਗ ਗਿਆ।
ਮਹਿੰਦਰਾ ਐਂਡ ਮਹਿੰਦਰਾ, ਭਾਰਤੀ ਏਅਰਟੈੱਲ, ਟਾਟਾ ਮੋਟਰਜ਼, ਟਾਈਟਨ, ਐਚਸੀਐਲ ਟੈਕ, ਬਜਾਜ ਫਾਈਨਾਂਸ, ਰਿਲਾਇੰਸ ਇੰਡਸਟਰੀਜ਼, ਟ੍ਰੈਂਟ, ਇਨਫੋਸਿਸ ਅਤੇ ਐਚਡੀਐਫਸੀ ਬੈਂਕ ਦੇ ਸ਼ੇਅਰਾਂ ’ਚ ਗਿਰਾਵਟ ਦਰਜ ਕੀਤੀ ਗਈ।
ਇਸ ਦੌਰਾਨ, ਹਿੰਦੁਸਤਾਨ ਯੂਨੀਲੀਵਰ ਲਿਮਟਿਡ (ਐਚਯੂਐਲ) ਦੇ ਸ਼ੇਅਰਾਂ ਵਿਚ 4.61 ਫ਼ੀ ਸਦੀ ਦਾ ਵਾਧਾ ਹੋਇਆ ਜਦੋਂ ਪ੍ਰਿਆ ਨਾਇਰ ਨੂੰ 1 ਅਗੱਸਤ , 2025 ਤੋਂ ਫਰਮ ਦੀ ਪਹਿਲੀ ਮਹਿਲਾ ਸੀ.ਈ.ਓ. ਅਤੇ ਐਮਡੀ ਬਣਨ ਦੀ ਘੋਸ਼ਣਾ ਕੀਤੀ ਗਈ। ਐਕਸਿਸ ਬੈਂਕ, ਐਨਟੀਪੀਸੀ, ਇਟਰਨਲ ਅਤੇ ਸਟੇਟ ਬੈਂਕ ਆਫ ਇੰਡੀਆ ਦੇ ਸ਼ੇਅਰਾਂ ਵਿਚ ਵੀ ਵਾਧਾ ਹੋਇਆ। '
(For more news apart from Stock market declines for third consecutive day News in Punjabi, stay tuned to Rozana Spokesman)