
ਰਾਫ਼ੇਲ ਲੜਾਕੂ ਜਹਾਜ਼ ਸੌਦੇ ਦੇ ਮਾਮਲੇ ਵਿਚ ਸਾਂਝੀ ਸੰਸਦੀ ਕਮੇਟੀ ਦੀ ਜਾਂਚ ਦੀ ਮੰਗ ਸਬੰਧੀ ਵਿਰੋਧੀ ਧਿਰ ਨੇ ਸੰਸਦ ਦੇ ਬਾਹਰ ਮੁਜ਼ਾਹਰਾ ਕੀਤਾ..............
ਨਵੀਂ ਦਿੱਲੀ : ਰਾਫ਼ੇਲ ਲੜਾਕੂ ਜਹਾਜ਼ ਸੌਦੇ ਦੇ ਮਾਮਲੇ ਵਿਚ ਸਾਂਝੀ ਸੰਸਦੀ ਕਮੇਟੀ ਦੀ ਜਾਂਚ ਦੀ ਮੰਗ ਸਬੰਧੀ ਵਿਰੋਧੀ ਧਿਰ ਨੇ ਸੰਸਦ ਦੇ ਬਾਹਰ ਮੁਜ਼ਾਹਰਾ ਕੀਤਾ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਰਾਫ਼ੇਲ ਸੌਦੇ ਵਿਰੁਧ ਸੰਸਦ ਦੇ ਵਿਹੜੇ ਵਿਚ ਵਿਰੋਧੀ ਧਿਰਾਂ ਦੇ ਪ੍ਰਦਰਸ਼ਨ ਦੀ ਅਗਵਾਈ ਕੀਤੀ। ਉਨ੍ਹਾਂ ਨਾਲ ਕਾਂਗਰਸ ਦੇ ਸੀਨੀਅਰ ਆਗੂ ਅਤੇ ਹੋਰ ਵਿਰੋਧੀ ਪਾਰਟੀਆਂ ਦੇ ਆਗੂ ਵੀ ਸਨ। ਕਾਲਾ ਰਬੜਬੈਂਡ ਪਾਈ ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵਿਰੁਧ ਨਾਹਰੇ ਲਾਏ। ਉਹ ਸੰਸਦ ਦੇ ਕੰਪਲੈਕਸ ਵਿਚ ਗਾਂਧੀ ਦੀ ਮੂਰਤੀ ਲਾਗੇ ਨਾਹਰੇ ਲਾ ਰਹੇ ਸਨ।
ਪਾਰਟੀ ਆਗੂਆਂ ਨੇ ਤਖ਼ਤੀਆਂ ਚੁਕੀਆਂ ਹੋਈਆਂ ਸਨ ਜਿਨ੍ਹਾਂ ਉਤੇ ਲਿਖਿਆ ਸੀ, 'ਅਸੀਂ ਸਾਂਝੀ ਸੰਸਦੀ ਕਮੇਟੀ ਚਾਹੁੰਦੇ ਹਾਂ।' ਪ੍ਰਦਰਸ਼ਨਾਂ ਮਗਰੋਂ ਸੋਨੀਆ ਗਾਂਧੀ ਲੋਕ ਸਭਾ ਦੀ ਕਾਰਵਾਈ ਵਿਚ ਸ਼ਾਮਲ ਹੋਈ। ਉਧਰ, ਰਾਏਪੁਰ ਵਿਚ ਕਿਸੇ ਸਮਾਗਮ ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਫ਼ੇਲ ਜਹਾਜ਼ ਸੌਦੇ ਨੂੰ ਦੇਸ਼ ਦਾ ਸੱਭ ਤੋਂ ਵੱਡਾ ਰਖਿਆ ਘਪਲਾ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਲਈ ਜ਼ਿੰਮੇਵਾਰ ਦਸਿਆ। ਵਿਰੋਧੀ ਆਗੂਆਂ ਨੇ ਕਾਲੀਆਂ ਪੱਟੀਆਂ ਬੰਨ੍ਹ ਕੇ ਵਿਰੋਧ ਪ੍ਰਦਰਸ਼ਨ ਕੀਤਾ। ਵਿਰੋਧੀ ਪਾਰਟੀਆਂ ਇਹ ਵੀ ਮੰਗ ਕਰ ਰਹੀਆਂ ਹਨ ਕਿ ਇਸ ਮਾਮਲੇ ਵਿਚ ਪ੍ਰਧਾਨ ਮੰਤਰੀ ਸੰਸਦ ਵਿਚ ਬਿਆਨ ਦੇਣ।
ਕਾਂਗਰਸ ਨੇਤਾ ਮੱਲਿਕਾਰਜੁਨ ਖੜਗੇ ਨੇ ਸਿਫ਼ਰ ਕਾਲ ਵਿਚ ਇਹ ਮਾਮਲਾ ਚੁਕਿਆ ਅਤੇ ਕਿਹਾ ਕਿ ਇਸ ਸੌਦੇ ਜ਼ਰੀਏ ਰਾਸ਼ਟਰੀ ਸੁਰੱਖਿਆ ਨਾਲ ਸਮਝੌਤਾ ਕੀਤਾ ਗਿਆ ਹੈ। ਸਰਕਾਰ ਫ਼ਰਾਂਸ ਨਾਲ ਹੋਏ ਸੌਦੇ ਦੇ ਮਾਮਲੇ ਵਿਚ ਦੇਸ਼ ਨੂੰ ਗੁਮਰਾਹ ਕਰ ਰਹੀ ਹੈ। ਖੜਗੇ ਨੇ ਕਿਹਾ ਕਿ ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂਪੀਏ) ਸਰਕਾਰ ਦੇ ਕਾਰਜਕਾਲ ਵਿਚ ਇਕ ਜਹਾਜ਼ ਦਾ 526 ਕਰੋੜ ਰੁਪਏ ਦਾ ਕਰਾਰ ਕੀਤਾ ਗਿਆ ਸੀ। ਹੁਣ ਜਹਾਜ਼ ਦੀ ਕੀਮਤ ਤਿੰਨ ਗੁਣਾਂ ਵਧ ਕੇ 1600 ਕਰੋੜ ਰੁਪਏ ਪ੍ਰਤੀ ਜਹਾਜ਼ ਹੋ ਗਈ ਹੈ।
ਉਨ੍ਹਾਂ ਕਿਹਾ ਕਿ 45,000 ਕਰੋੜ ਰੁਪਏ ਦਾ ਇਹ ਸੌਦਾ ਦੇਸ਼ ਦੀ ਸੱਭ ਤੋਂ ਵੱਡੀ ਹੇਰਾਫੇਰੀ ਹੈ। ਇਸ ਮਾਮਲੇ ਵਿਚ ਸਾਂਝੀ ਸੰਸਦੀ ਕਮੇਟੀ ਬਣਾਈ ਜਾਣੀ ਚਾਹੀਦੀ ਹੈ ਜਿਹੜੀ ਮਾਮਲੇ ਦੀ ਜਾਂਚ ਕਰੇ। ਇਸ ਤੋਂ ਪਹਿਲਾਂ ਕਾਂਗਰਸ ਦੇ ਸਾਰ ਮੈਂਬਰ ਤਖ਼ਤੀਆਂ ਲੈ ਕੇ ਲੋਕ ਸਭਾ ਸਪੀਕਰ ਦੇ ਸਦਨ ਸਾਹਮਣੇ ਪਹੁੰਚ ਗਏ ਅਤੇ 'ਲੋਕਾਂ ਅਤੇ ਸਦਨ ਨੂੰ ਗੁਮਰਾਹ ਕਰਨ' ਦਾ ਇਲਜ਼ਾਮ ਲਾਇਆ। ਰਾਹੁਲ ਨੇ ਸੰਸਦ ਵਿਚ ਕਿਹਾ ਸੀ ਕਿ ਰਾਫ਼ੇਲ ਸੌਦੇ ਵਿਚ ਘਪਲਾ ਹੋਇਆ ਹੈ ਅਤੇ ਜਹਾਜ਼ਾਂ ਦੀ ਕੀਮਤ ਜ਼ਿਆਦਾ ਕਰ ਦਿਤੀ ਗਈ ਹੈ।
ਰਾਹੁਲ ਨੇ ਇਹ ਵੀ ਇਲਜ਼ਾਮ ਲਾਇਆ ਸੀ ਕਿ ਰਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਰਾਫ਼ੇਲ ਸਮਝੌਤੇ ਦੇ ਮਾਮਲੇ ਵਿਚ ਦੇਸ਼ ਕੋਲ ਝੂਠ ਬੋਲਿਆ ਹੈ ਹਾਲਾਂਕਿ ਸਰਕਾਰ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਰੱਦ ਕੀਤਾ ਹੈ। ਰਾਹੁਲ ਨੇ ਦਾਅਵਾ ਕੀਤਾ ਕਿ ਰਾਫ਼ੇਲ ਜੈਟਾਂ ਦੀ ਕੀਮਤ 540 ਕਰੋੜ ਰੁਪਏ ਤੋਂ 1600 ਕਰੋੜ ਪ੍ਰਤੀ ਜਹਾਜ਼ ਹੈ। ਭਾਰਤ ਨੇ 36 ਜਹਾਜ਼ਾਂ ਦੀ ਖ਼ਰੀਦ ਲਈ ਫ਼ਰਾਂਸ ਨਾਲ 2015 ਵਿਚ ਸਮਝੌਤਾ ਕੀਤਾ ਸੀ। ਰਾਹੁਲ ਨੇ ਕਿਹਾ, 'ਯੂਪੀ ਸਰਕਾਰ ਨੇ ਰਾਫ਼ੇਲ ਸੌਦੇ ਤਿਆਰ ਕੀਤਾ ਸੀ ਜਿਸ ਮੁਤਾਬਕ ਹਰ ਜੈਟ ਦੀ ਕੀਮਤ ਲਗਭਗ 540 ਕਰੋੜ ਰੁਪਏ ਸੀ।
ਸਮਝੌਤਾ ਤਿਆਰ ਸੀ ਅਤੇ ਮੋਦੀ ਜੀ ਨੇ ਸਿਰਫ਼ ਫ਼ੈਸਲਾ ਕਰਨਾ ਸੀ ਪਰ ਮੋਦੀ ਜੀ ਫ਼ਰਾਂਸ ਚਲੇ ਗਏ ਅਤੇ ਪਿਛਲਾ ਸਮਝੌਤਾ ਰੱਦ ਕਰ ਦਿਤਾ। ਰਖਿਆ ਮੰਤਰੀ ਅਤੇ ਹੋਰਾਂ ਨੂੰ ਇਸ ਬਾਰੇ ਪਤਾ ਹੀ ਨਹੀਂ।' ਕਾਂਗਰਸ ਆਗੂ ਨੇ ਕਿਹਾ ਕਿ ਜਹਾਜ਼ ਨਾਲ ਸਬੰਧਤ ਠੇਕਾ ਸਰਕਾਰੀ ਹਿੰਦੁਸਤਾਨ ਐਰੋਨੌਟਿਕਸ ਲਿਮਟਿਡ ਕੰਪਨੀ ਕੋਲੋਂ ਲੈ ਲਿਆ ਗਿਆ ਅਤੇ ਨਿਜੀ ਕੰਪਨੀ ਨੂੰ ਦੇ ਦਿਤਾ ਗਿਆ ਜਿਸ ਨੇ ਨਾ ਤਾਂ ਕਦੇ ਜਹਾਜ਼ ਬਣਾਇਆ ਹੈ ਅਤੇ ਨਾ ਹੀ ਕਦੇ ਕੋਈ ਰਖਿਆ ਠੇਕਾ ਲਿਆ ਹੈ।
ਉਨ੍ਹਾਂ ਕਿਹਾ ਕਿ ਜਿਸ ਕੰਪਨਂ ਨੂੰ ਠੇਕਾ ਦਿਤਾ ਗਿਆ, ਉਹ 45 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਹੇਠ ਦਬੀ ਹੋਈ ਹੈ। ਰਾਹੁਲ ਨੇ ਇਹ ਵੀ ਕਿਹਾ ਕਿ ਮੋਦੀ ਨੇ ਯੂਪੀ, ਬਿਹਾਰ ਅਤੇ ਰਾਜਸਥਾਨ ਵਿਚ ਹੁੰਦੇ ਬਲਾਤਕਾਰਾਂ ਬਾਰੇ ਇਕ ਵੀ ਸ਼ਬਦ ਨਹੀਂ ਬੋਲਿਆ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਹਜ਼ਾਰ ਸਾਲਾਂ ਵਿਚ ਹਾਲਾਤ ਕਦੇ ਵੀ ਏਨੇ ਮਾਡੇ ਨਹੀਂ ਹੋਈ। ਸੁਪਰੀਮ ਕੋਰਟ ਨੂੰ ਵੀ ਕਹਿਣਾ ਪਿਆ ਹੈ ਕਿ ਦੇਸ਼ ਵਿਚ ਥਾਂ ਥਾਂ ਬਲਾਤਕਾਰ ਹੋ ਰਹੇ ਹਨ। (ਪੀਟੀਆਈ)
ਮੈਨੂੰ ਠੇਕਾ ਦਿਉ, ਮੈਂ ਬਿਹਤਰ ਰਾਫ਼ੇਲ ਬਣਾ ਦਿਆਂਗਾ : ਜਾਖੜ
'ਮੈਂ ਬਿਹਤਰ ਰਾਫ਼ੇਲ ਬਣਾ ਸਕਦਾ ਹਾਂ, ਮੈਨੂੰ ਠੇਕਾ ਦੇ ਦਿਉ।' ਇਹ ਮੰਗ ਕਾਂਗਰਸ ਦੇ ਸੰਸਦ ਮੈਂਬਰ ਰਾਜੇਸ਼ ਜਾਖੜ ਨੇ ਲੋਕ ਸਭਾ ਵਿਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ 'ਤੇ ਹਮਲਾ ਕਰਦਿਆਂ ਕੀਤੀ। ਇਸ ਤੋਂ ਬਾਅਦ ਕਾਂਗਰਸ ਦੇ ਮੈਂਬਰ ਵਾਕਆਊਟ ਕਰ ਗਏ। ਜਾਖੜ ਨੇ ਸਿਫ਼ਰ ਕਾਲ ਦੌਰਾਨ ਜਹਾਜ਼ ਜਹਾਜ਼ ਦੀ ਕਾਗ਼ਜ਼ੀ ਨਕਲੀ ਲਹਿਰਾਈ ਅਤੇ ਨਾਹਰੇ ਲਾਏ। ਜਾਖੜ ਨੇ ਕਿਹਾ, 'ਮੈਡਮ, ਮੈਂ ਸਦਨ ਦੀ ਮੇਜ਼ 'ਤੇ ਜਹਾਜ਼ ਦੀ ਕਾਗ਼ਜ਼ੀ ਨਕਲੀ ਰਖਣਾ ਚਾਹੁੰਦਾ ਹਾਂ। ਮੈਂ ਉਸ ਸਨਅਤਕਾਰ ਨਾਲੋਂ ਬਿਹਤਰ ਜਹਾਜ਼ ਬਣਾ ਸਕਦਾ ਹਾਂ ਜਿਸ ਨੂੰ ਇਹ ਜਹਾਜ਼ ਬਣਾਉਣ ਦਾ ਤਜਰਬਾ ਹੀ ਨਹੀਂ।' (ਪੀਟੀਆਈ)