ਸਦਨ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੋਵੇਗਾ ਕਿ ਸਦਨ ਵਿਚ ਸਭ ਤੋਂ ਵੱਡੀ ਵਿਰੋਧੀ ਪਾਰਟੀ ਦੇ ਨੇਤਾ ਨੂੰ ਮੁਅੱਤਲ ਕੀਤਾ ਗਿਆ ਹੈ।
ਨਵੀਂ ਦਿੱਲੀ - ਅੱਜ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਰਾਜ ਸਭਾ ਵਿਚੋਂ ਸਸਪੈਂਡ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਉਹਨਾਂ ਨੇ ਲਾਈਵ ਹੋ ਕੇ ਭਾਜਪਾ ਸਰਕਾਰ 'ਤੇ ਤੰਜ਼ ਕੱਸਿਆ। ਉਹਨਾਂ ਨੇ ਲਾਈਵ ਹੋ ਕੇ ਕਿਹਾ ਕਿ 'ਮੈਂ ਰਾਜ ਸਭਾ ਤੋਂ ਮੁਅੱਤਲ ਮੈਂਬਰ ਰਾਘਵ ਚੱਢਾ, ਕੀ ਇਹ ਮੇਰਾ ਗੁਨਾਹ ਇਹ ਹੈ ਕਿ ਮੈਂ ਪਾਰਲੀਮੈਂਟ ਵਿਚ ਖੜ੍ਹਾ ਹੋ ਕੇ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਭਾਜਪਾ ਦੇ ਵੱਡੇ ਨੇਤਾਵਾਂ ਨੂੰ ਸਵਾਲ ਪੁੱਛੇ? ਕੀ ਇਹ ਮੇਰਾ ਗੁਨਾਹ ਹੈ ਕਿ ਮੈਂ ਦਿੱਲੀ ਸੇਵਾ ਬਿੱਲ 'ਤੇ ਬੋਲਦਿਆਂ ਭਾਜਪਾ ਦੇ ਉੱਚ ਨੇਤਾਵਾਂ ਤੋਂ ਇਨਸਾਫ ਦੀ ਮੰਗ ਕੀਤੀ?
ਉਨ੍ਹਾਂ ਨੂੰ ਆਪਣਾ ਪੁਰਾਣਾ ਮੈਨੀਫੈਸਟੋ ਦਿਖਾਇਆ ਅਤੇ ਉਨ੍ਹਾਂ ਨੂੰ ਆਪਣੇ ਵਾਅਦੇ ਪੂਰੇ ਕਰਨ ਲਈ ਕਿਹਾ? ਕੀ ਉਨ੍ਹਾਂ (ਭਾਜਪਾ) ਨੂੰ ਇਸ ਗੱਲ ਦਾ ਦੁੱਖ ਹੈ ਕਿ ਇਹ 34 ਸਾਲਾ ਨੌਜਵਾਨ ਕਿਵੇਂ ਸੰਸਦ 'ਚ ਖੜ੍ਹਾ ਹੋ ਕੇ ਸਾਨੂੰ ਚੁਣੌਤੀ ਦਿੰਦਾ ਹੈ, ਸਵਾਲ ਪੁੱਛਦਾ ਹੈ। ਉਹਨਾਂ ਨੇ ਕਿਹਾ ਕਿ 'ਇਸ ਹਫ਼ਤੇ ਮੈਨੂੰ ਵਿਸ਼ੇਸ਼ ਅਧਿਕਾਰਾਂ ਦੀ ਕਮੇਟੀ ਤੋਂ ਦੋ ਨੋਟਿਸ ਮਿਲੇ ਹਨ। ਹੋ ਸਕਦਾ ਹੈ ਕਿ ਇਹ ਵੀ ਇੱਕ ਰਿਕਾਰਡ ਬਣ ਜਾਵੇ।
ਸਦਨ ਦੇ ਅੰਦਰ ਵਿਰੋਧੀ ਧਿਰ ਨੂੰ ਬੋਲਣ ਨਹੀਂ ਦਿੱਤਾ ਜਾਂਦਾ। ਵਿਰੋਧੀ ਧਿਰ ਦੇ ਨੇਤਾ ਦਾ ਮਾਈਕ ਬੰਦ ਕਰ ਦਿੱਤਾ ਜਾਂਦਾ ਹੈ। ਇਸ ਮਾਨਸੂਨ ਸੈਸ਼ਨ 'ਚ 'ਆਪ' ਦੇ ਤਿੰਨ ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਸੰਜੇ ਸਿੰਘ, ਸੁਸ਼ੀਲ ਕੁਮਾਰ ਰਿੰਕੂ ਅਤੇ ਮੈਂ। ਸਦਨ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੋਵੇਗਾ ਕਿ ਸਦਨ ਵਿਚ ਸਭ ਤੋਂ ਵੱਡੀ ਵਿਰੋਧੀ ਪਾਰਟੀ ਦੇ ਨੇਤਾ ਨੂੰ ਮੁਅੱਤਲ ਕੀਤਾ ਗਿਆ ਹੈ। ਇਹ ਲੋਕ ਚਾਹੁੰਦੇ ਹਨ ਕਿ ਕੋਈ ਆਵਾਜ਼ ਨਾ ਉਠਾਏ, ਕੋਈ ਉਨ੍ਹਾਂ ਨੂੰ ਸਵਾਲ ਨਾ ਕਰੇ।
ਰਾਘਵ ਚੱਢਾ ਨੇ ਅੱਗੇ ਕਿਹਾ ਕਿ ਉਹ ਵਿਸ਼ੇਸ਼ ਅਧਿਕਾਰ ਕਮੇਟੀ ਤੋਂ ਇਨਸਾਫ਼ ਦੀ ਮੰਗ ਕਰਨਗੇ। ਇਸ ਕਮੇਟੀ ਨੇ ਇੰਦਰਾ ਗਾਂਧੀ, ਅਟਲ ਬਿਹਾਰੀ ਵਾਜਪਾਈ, ਡਾ: ਮਨਮੋਹਨ ਸਿੰਘ ਵਰਗੇ ਵੱਡੇ ਨੇਤਾਵਾਂ ਵਿਰੁੱਧ ਕਾਰਵਾਈ ਕੀਤੀ ਹੈ। ਚੱਢਾ ਨੇ ਅੱਗੇ ਦੋਸ਼ ਲਗਾਇਆ ਕਿ ਜਿਸ ਤਰ੍ਹਾਂ ਭਾਜਪਾ ਨੇ ਰਾਹੁਲ ਗਾਂਧੀ ਤੋਂ ਸੰਸਦੀ ਵਾਪਸ ਲੈ ਲਈ ਸੀ, ਉਹੀ ਕੁਝ ਆਮ ਆਦਮੀ ਪਾਰਟੀ ਦੇ ਕਿਸੇ ਵੀ ਸੰਸਦ ਮੈਂਬਰ ਨਾਲ ਵੀ ਹੋ ਸਕਦਾ ਹੈ।
ਉਹਨਾਂ ਨੇ ਕਿਹਾ ਕਿ ਭਾਜਪਾ ਵੱਲੋਂ ਜੋ ਮਨਘੜਤ ਦੋਸ਼ ਲਗਾਏ ਗਏ ਹਨ, ਉਹ ਰੂਲਬੁੱਕ ਵਿਚ ਕਿਤੇ ਵੀ ਨਹੀਂ ਲਿਖੇ ਹੋਏ ਹਨ। ਭਾਜਪਾ ਦੇ ਲੋਕ ਕਹਿ ਰਹੇ ਹਨ ਕਿ ਮੈਂ ਇੱਕ ਸੰਸਦ ਮੈਂਬਰ ਦੇ ਦਸਤਖ਼ਤ ਲੈ ਕੇ ਸਦਨ ਵਿਚ ਜਮ੍ਹਾਂ ਕਰਵਾ ਦਿੱਤੇ ਹਨ। ਮੈਂ ਤੁਹਾਨੂੰ ਸੱਚ ਦੱਸਣਾ ਚਾਹਾਂਗਾ। ਕੋਈ ਵੀ ਸੰਸਦ ਮੈਂਬਰ ਕਿਸੇ ਵੀ ਕਮੇਟੀ ਵਿਚ ਆਪਣਾ ਨਾਮ ਪ੍ਰਸਤਾਵਿਤ ਕਰਨ ਲਈ ਆਜ਼ਾਦ ਹੈ। ਮੈਂ ਚੋਣ ਕਮੇਟੀ ਲਈ ਕੁਝ ਸੰਸਦ ਮੈਂਬਰਾਂ ਦੇ ਨਾਂ ਸੁਝਾ ਸਕਦਾ ਹਾਂ।
ਕਿਸੇ ਵੀ ਸੰਸਦ ਮੈਂਬਰ ਦੀ ਲਿਖਤੀ ਸਹਿਮਤੀ ਜਾਂ ਦਸਤਖ਼ਤ ਦੀ ਲੋੜ ਨਹੀਂ ਹੋਵੇਗੀ। ਤੁਹਾਨੂੰ ਸਿਰਫ਼ ਪ੍ਰਸਤਾਵਿਤ ਨਾਮ ਪ੍ਰਦਾਨ ਕਰਨੇ ਪੈਣਗੇ। ਜੇਕਰ ਕਿਸੇ ਸੰਸਦ ਮੈਂਬਰ ਨੂੰ ਇਤਰਾਜ਼ ਹੈ ਤਾਂ ਉਹ ਆਪਣਾ ਨਾਂ ਵਾਪਸ ਲੈ ਸਕਦਾ ਹੈ। ਇਸ ਵਿਚ ਨਾ ਤਾਂ ਕਦੇ ਹਸਤਾਖ਼ਰ ਲਏ ਗਏ ਹਨ, ਨਾ ਹੀ ਜਮ੍ਹਾਂ ਕਰਵਾਏ ਗਏ ਹਨ ਅਤੇ ਨਾ ਹੀ ਅਸੀਂ ਕੋਈ ਦਸਤਖ਼ਤ ਜਮ੍ਹਾਂ ਕਰਵਾਏ ਹਨ। ਫਿਰ ਵੀ ਇਹ ਲੋਕ ਮੇਰੇ 'ਤੇ ਚਿੱਕੜ ਸੁੱਟਣ ਦੀ ਕੋਸ਼ਿਸ਼ ਕਰ ਰਹੇ ਹਨ।