ਵੋਟਰਾਂ ਦੀ ਗਿਣਤੀ 4 ਨਵੰਬਰ ਨੂੰ ਸ਼ੁਰੂ ਹੋਵੇਗੀ, ਖਰੜਾ 9 ਦਸੰਬਰ ਨੂੰ ਅਤੇ ਅੰਤਮ ਵੋਟਰ ਸੂਚੀਆਂ 7 ਫ਼ਰਵਰੀ ਨੂੰ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ
ਨਵੀਂ ਦਿੱਲੀ: ਚੋਣ ਕਮਿਸ਼ਨ 12 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ’ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੋਧ ਦਾ ਦੂਜਾ ਪੜਾਅ ਸ਼ੁਰੂ ਕਰੇਗਾ। ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਇਕ ਪ੍ਰੈੱਸ ਕਾਨਫ਼ਰੰਸ ਵਿਚ ਇਹ ਐਲਾਨ ਕੀਤਾ। ਇਹ ਅਭਿਆਸ ਅੰਡੇਮਾਨ ਅਤੇ ਨਿਕੋਬਾਰ ਟਾਪੂ, ਲਕਸ਼ਦੀਪ ਅਤੇ ਪੁਡੂਚੇਰੀ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਇਲਾਵਾ ਛੱਤੀਸਗੜ੍ਹ, ਗੋਆ, ਗੁਜਰਾਤ, ਕੇਰਲ, ਮੱਧ ਪ੍ਰਦੇਸ਼, ਰਾਜਸਥਾਨ, ਤਾਮਿਲਨਾਡੂ, ਉੱਤਰ ਪ੍ਰਦੇਸ਼ ਅਤੇ ਪਛਮੀ ਬੰਗਾਲ ਸੂਬਿਆਂ ਵਿਚ ਹੋਵੋਗਾ।
ਇਨ੍ਹਾਂ ’ਚ ਤਾਮਿਲਨਾਡੂ, ਪੁਡੂਚੇਰੀ, ਕੇਰਲ ਅਤੇ ਪਛਮੀ ਬੰਗਾਲ ’ਚ 2026 ’ਚ ਚੋਣਾਂ ਹੋਣ ਵਾਲੀਆਂ ਹਨ। ਕੁਮਾਰ ਨੇ ਸਪੱਸ਼ਟ ਕੀਤਾ ਕਿ ਅਸਾਮ ’ਚ, ਜਿੱਥੇ 2026 ਵਿਚ ਚੋਣਾਂ ਹੋਣੀਆਂ ਹਨ, ਵੋਟਰ ਸੂਚੀਆਂ ਵਿਚ ਸੋਧ ਦਾ ਐਲਾਨ ਵੱਖਰੇ ਤੌਰ ਉਤੇ ਕੀਤਾ ਜਾਵੇਗਾ।
ਮੁੱਖ ਚੋਣ ਕਮਿਸ਼ਨਰ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਚੱਲ ਰਹੀ ਐਸ.ਆਈ.ਆਰ. ਇਸ ਤਰ੍ਹਾਂ ਦੀ ਨੌਵੀਂ ਕਵਾਇਦ ਹੈ, ਜੋ ਆਖਰੀ ਵਾਰ 2002-04 ਵਿਚ ਹੋਈ ਸੀ। ਉਨ੍ਹਾਂ ਨੇ ਇਸ ਗੱਲ ਉਤੇ ਚਾਨਣਾ ਪਾਇਆ ਕਿ ਐੱਸ.ਆਈ.ਆਰ. ਦਾ ਪਹਿਲਾ ਪੜਾਅ ਬਿਹਾਰ ਵਿਚ ਸਿਫ਼ਰ ਅਪੀਲ ਦੇ ਨਾਲ ਪੂਰਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਦੂਜਾ ਪੜਾਅ 12 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ’ਚ ਹੋਵੇਗਾ। ਕੁਮਾਰ ਨੇ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇਗਾ ਕਿ ਕੋਈ ਵੀ ਯੋਗ ਵੋਟਰ ਨਾ ਰਹਿ ਜਾਵੇ ਅਤੇ ਕੋਈ ਵੀ ਅਯੋਗ ਵੋਟਰ ਚੋਣ ਸੂਚੀਆਂ ਵਿਚ ਸ਼ਾਮਲ ਨਾ ਹੋਵੇ।
ਉਨ੍ਹਾਂ ਕਿਹਾ ਕਿ ਐੱਸ.ਆਈ.ਆਰ. ਦੇ ਦੂਜੇ ਪੜਾਅ ’ਚ 51 ਕਰੋੜ ਵੋਟਰ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਵੋਟਰਾਂ ਦੀ ਗਿਣਤੀ 4 ਨਵੰਬਰ ਨੂੰ ਸ਼ੁਰੂ ਹੋਵੇਗੀ, ਜਦਕਿ ਖਰੜਾ 9 ਦਸੰਬਰ ਨੂੰ ਅਤੇ ਅੰਤਮ ਵੋਟਰ ਸੂਚੀਆਂ 7 ਫ਼ਰਵਰੀ ਨੂੰ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ।
ਬਿਹਾਰ ’ਚ ਵੋਟਰ ਸੂਚੀ ਦੀ ਸਫਾਈ ਦਾ ਕੰਮ ਪਹਿਲਾਂ ਹੀ ਪੂਰਾ ਹੋ ਚੁਕਾ ਹੈ, ਜਿਸ ’ਚ ਕਰੀਬ 7.42 ਕਰੋੜ ਵੋਟਰਾਂ ਦੀ ਅੰਤਿਮ ਸੂਚੀ 30 ਸਤੰਬਰ ਨੂੰ ਪ੍ਰਕਾਸ਼ਿਤ ਕੀਤੀ ਗਈ ਹੈ। ਸੂਬੇ ’ਚ 6 ਨਵੰਬਰ ਅਤੇ 11 ਨਵੰਬਰ ਨੂੰ ਦੋ ਪੜਾਵਾਂ ’ਚ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 14 ਨਵੰਬਰ ਨੂੰ ਹੋਵੇਗੀ।
