1 ਨਵੰਬਰ ਤੋਂ ਕੌਮੀ ਰਾਜਧਾਨੀ 'ਚ ਦਾਖਲ ਹੋਣ 'ਤੇ ਲੱਗੀ ਰੋਕ
ਨਵੀਂ ਦਿੱਲੀ: ਦਿੱਲੀ ਤੋਂ ਬਾਹਰ ਰਜਿਸਟਰਡ ਸਾਰੀਆਂ ਕਮਰਸ਼ੀਅਲ ਮਾਲ ਗੱਡੀਆਂ, ਜੋ ਬੀ.ਐੱਸ.-6 ਦੀ ਪਾਲਣਾ ਨਹੀਂ ਕਰਦੀਆਂ, ਉਨ੍ਹਾਂ ਨੂੰ 1 ਨਵੰਬਰ ਤੋਂ ਕੌਮੀ ਰਾਜਧਾਨੀ ’ਚ ਦਾਖਲ ਹੋਣ ਉਤੇ ਰੋਕ ਲਗਾ ਦਿਤੀ ਜਾਵੇਗੀ। ਬੀ.ਐੱਸ.-6 ਦੀ ਪਾਲਣਾ ਕਰਨ ਵਾਲੀਆਂ ਗੱਡੀਆਂ ਸਖਤ ਨਿਕਾਸੀ ਮਾਪਦੰਡਾਂ ਨੂੰ ਪੂਰਾ ਕਰਦੀਆਂ ਹਨ, ਜਿਸ ਨਾਲ ਪ੍ਰਦੂਸ਼ਣ ਦੇ ਘਟਣ ਦੀ ਉਮੀਦ ਕੀਤੀ ਜਾ ਰਹੀ ਹੈ।
ਟਰਾਂਸਪੋਰਟ ਵਿਭਾਗ ਵਲੋਂ ਜਾਰੀ ਇਕ ਜਨਤਕ ਨੋਟਿਸ ’ਚ ਕਿਹਾ ਗਿਆ ਹੈ ਕਿ ਬੀ.ਐਸ.-4 ਕਮਰਸ਼ੀਅਲ ਗੱਡੀਆਂ ਨੂੰ 31 ਅਕਤੂਬਰ 2026 ਤਕ ਸੀਮਤ ਸਮੇਂ ਲਈ ਦਿੱਲੀ ਵਿਚ ਦਾਖਲ ਹੋਣ ਦੀ ਇਜਾਜ਼ਤ ਦਿਤੀ ਜਾਵੇਗੀ।
ਹਾਲਾਂਕਿ, ਦਿੱਲੀ ਵਿਚ ਰਜਿਸਟਰਡ ਕਮਰਸ਼ੀਅਲ ਮਾਲ ਗੱਡੀਆਂ, ਬੀ.ਐਸ.-6 ਦੀ ਪਾਲਣਾ ਕਰਨ ਵਾਲੀਆਂ ਡੀਜ਼ਲ ਗੱਡੀਆਂ, ਬੀ.ਐਸ.-4 ਦੀ ਪਾਲਣਾ ਕਰਨ ਵਾਲੀਆਂ ਡੀਜ਼ਲ ਗੱਡੀਆਂ ਜਾਂ ਸੀ.ਐਨ.ਜੀ., ਐਲ.ਐਨ.ਜੀ. ਜਾਂ ਬਿਜਲੀ ਨਾਲ ਚੱਲਣ ਵਾਲੇ ਗੱਡੀਆਂ ਦੇ ਦਾਖਲੇ ਉਤੇ ਕੋਈ ਪਾਬੰਦੀ ਨਹੀਂ ਹੋਵੇਗੀ।
ਨੋਟਿਸ ’ਚ ਕਿਹਾ ਗਿਆ ਹੈ ਕਿ ਕਮਰਸ਼ੀਅਲ ਮਾਲ ਗੱਡੀਆਂ ਉਤੇ ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ (ਜੀ.ਆਰ.ਏ.ਪੀ.) ਦੇ ਵੱਖ-ਵੱਖ ਪੜਾਵਾਂ ਤਹਿਤ ਪਾਬੰਦੀਆਂ ਉਸ ਸਮੇਂ ਦੌਰਾਨ ਲਾਗੂ ਰਹਿਣਗੀਆਂ। 17 ਅਕਤੂਬਰ ਨੂੰ ਹੋਈ ਬੈਠਕ ’ਚ ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ (ਸੀ.ਏ.ਕਿਊ.ਐੱਮ.) ਨੇ 1 ਨਵੰਬਰ ਤੋਂ ਦਿੱਲੀ ’ਚ ਪ੍ਰਦੂਸ਼ਣ ਫੈਲਾਉਣ ਵਾਲੀਆਂ ਕਮਰਸ਼ੀਅਲ ਗੱਡੀਆਂ ਦੇ ਦਾਖਲੇ ਉਤੇ ਪਾਬੰਦੀ ਲਗਾਉਣ ਨੂੰ ਮਨਜ਼ੂਰੀ ਦੇ ਦਿਤੀ ਹੈ।
