
ਰਿਕਾਰਡ 96 ਹਜ਼ਾਰ ਨਵੇਂ ਮਾਮਲੇ, ਪੀੜਤਾਂ ਦਾ ਅੰਕੜਾ 45 ਲੱਖ ਦੇ ਪਾਰ
ਨਵੀਂ ਦਿੱਲੀ, 11 ਸਤੰਬਰ : ਦੇਸ਼ 'ਚ ਕੋਰੋਨਾ ਮਹਾਂਮਾਹੀ ਦਿਨੋਂ-ਦਿਨ ਭਿਆਨਕ ਰੂਪ ਇਖ਼ਤਿਆਰ ਕਰ ਰਹੀ ਹੈ। ਲਗਾਤਾਰ ਦੂਜੇ ਦਿਨ ਨਵੇਂ ਮਾਮਲਿਆਂ ਅਤੇ ਮ੍ਰਿਤਕਾਂ ਦੀ ਗਿਣਤੀ ਦੋਹਾਂ 'ਚ ਰਿਕਾਰਡ ਵਾਧਾ ਹੋਇਆ ਹੈ। ਪਿਛਲੇ 24 ਘੰਟਿਆਂ ਦੌਰਾਨ 96 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਅਤੇ ਸੱਭ ਤੋਂ ਵੱਧ 1,209 ਲੋਕਾਂ ਦੀ ਇਸ ਮਹਾਂਮਾਰੀ ਨਾਲ ਮੌਤ ਹੋਈ ਹੈ। ਕੇਂਦਰੀ ਸਿਹਤ ਅਤੇ ਪਰਵਾਰ ਕਲਿਆਣ ਮਹਿਕਮੇ ਵਲੋਂ ਸ਼ੁਕਰਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਮਹਾਂਮਾਰੀ ਦੇ ਰਿਕਾਰਡ 96.551 ਨਵੇਂ ਮਾਮਲਿਆਂ ਨਾਲ ਪੀੜਤਾਂ ਦਾ ਅੰਕੜਾ 45,62,415 ਹੋ ਗਿਆ। ਇਸ ਮਿਆਦ 'ਚ 1,209 ਪੀੜਤਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 76,271 ਹੋ ਗਈ।
ਇਸ ਦੌਰਾਨ 70,880 ਮਰੀਜ਼ ਸਿਹਤਯਾਬ ਹੋਏ ਹਨ, ਜਿਸ ਨਾਲ ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ 35,42,664 ਹੋ ਗਈ ਹੈ। ਸਿਹਤਯਾਬ ਹੋਣ ਵਾਲਿਆਂ ਦੀ ਤੁਲਨਾ 'ਚ ਮਹਾਂਮਾਰੀ ਦੇ ਨਵੇਂ ਮਾਮਲੇ ਹੋਣ ਨਾਲ ਸਰਗਰਮ ਮਾਮਲੇ 24,462 ਵੱਧ ਕੇ 9,43,480 ਹੋ ਗਏ ਹਨ। ਦੇਸ਼ 'ਚ ਸਰਗਰਮ ਮਾਮਲੇ 20.68 ਫ਼ੀ ਸਦੀ ਅਤੇ ਠੀਕ ਹੋਣ ਵਾਲਿਆਂ ਦੀ ਦਰ 77.65 ਫ਼ੀ ਸਦੀ ਹੈ, ਜਦੋਂ ਕਿ ਮੌਤ ਦਰ 1.67 ਫ਼ੀ ਸਦੀ ਹੈ। ਕੋਵਿਡ-19 ਨਾਲ ਸਭ ਤੋਂ ਵੱਧ ਪ੍ਰਭਾਵਿਤ ਮਹਾਰਾਸ਼ਟਰ 'ਚ ਸਰਗਰਮ ਮਾਮਲਿਆਂ ਦੀ ਗਿਣਤੀ 'ਚ ਜ਼ਬਰਦਸਤ ਵਾਧਾ ਹੋਇਆ ਹੈ ਅਤੇ ਇਹ 8,698 ਵੱਧ ਕੇ 2,61,798 ਹੋ ਗਈ ਅਤੇ 495 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ 28,282 ਹੋ ਗਿਆ।
ਇਸ ਦੌਰਾਨ 14,253 ਲੋਕ ਠੀਕ ਹੋਏ, ਜਿਸ ਨਾਲ ਸਿਹਤਯਾਬ ਹੋਏ ਲੋਕਾਂ ਦੀ ਗਿਣਤੀ ਵੱਧ ਕੇ 7,00,715 ਹੋ ਗਈ। ਦੇਸ਼ 'ਚ ਸਭ ਤੋਂ ਵੱਧ ਸਰਗਰਮ ਮਾਮਲੇ ਇਸੇ ਸੂਬੇ 'ਚ ਹਨ। (ਏਜੰਸੀ)