ਪੰਜਾਬੀ ਸੂਬੇ ਵਿਚ ਹੀ ਪੰਜਾਬੀ ਭਾਸ਼ਾ ਦਾ ਬਹੁਤ ਬੁਰਾ ਹਾਲ!
Published : Feb 22, 2026, 7:51 am IST
Updated : Feb 22, 2026, 11:11 am IST
SHARE ARTICLE
photo
photo

ਪੰਜਾਬੀ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਪੰਜਾਬੀ ਭਾਸ਼ਾ ਪ੍ਰਤੀ ਲਾਪ੍ਰਵਾਹੀ ਵਾਲੀ ਪਹੁੰਚ ਇਸ ਭਾਸ਼ਾ ਨੂੰ ਪੰਜਾਬ 'ਚੋਂ ਖ਼ਤਮ ਕਰ ਰਹੀ ਹੈ ਤੇ ਇਸ ਨੂੰ ਮਾਰ ਕੇ ਹੀ ਸਾਹ ਲਵੇਗੀ। 

ਲਗਭਗ 30 ਸਾਲ ਪਹਿਲਾਂ ਦੀ ਗੱਲ ਹੈ। ਮੈਂ ਅਪਣੀ ਵੱਡੀ ਬੇਟੀ ਨੂੰ ਗੁਰੂ ਨਾਨਕ ਪਬਲਿਕ ਸਕੂਲ ਵਿਚ ਦਾਖ਼ਲ ਕਰਵਾਉਣ ਲਈ ਲੈ ਗਿਆ। ਉਦੋਂ ਇਹ ਸਕੂਲ 18 ਸੈਕਟਰ ਦੀ ਇਕ ਕੋਠੀ ਵਿਚ ਹੁੰਦਾ ਸੀ। ਇਕ ਆਈ.ਏ.ਐਸ. ਅਫ਼ਸਰ ਦੀ ਪਤਨੀ ਮਿਸਿਜ਼ ਕੁਲਵੰਤ ਸਿੰਘ ਇਸ ਦੇ ਪਿ੍ਰੰਸੀਪਲ ਸਨ। ਮੈਂ ਫ਼ਾਰਮ ਭਰਿਆ ਤੇ ਪ੍ਰਿੰਸੀਪਲ ਨੂੰ ਮਿਲਣ ਚਲਾ ਗਿਆ। ਪ੍ਰਿੰਸੀਪਲ ਸਾਹਿਬਾ ਨੇ ਫ਼ਾਰਮ ਵੇਖਿਆ, ਬੇਟੀ ਨੂੰ ਦੋ ਸਵਾਲ ਪੁੱਛੇ ਤੇ ਫਿਰ ਬੋਲੇ, ‘‘ਸਾਡੇ ਸਕੂਲ ਵਿਚ ਪਹਿਲੀ ਭਾਸ਼ਾ ਵਜੋਂ ਤਾਂ ਅੰਗਰੇਜ਼ੀ ਪੜ੍ਹਾਈ ਜਾਂਦੀ ਹੈ ਪਰ ਦੂਜੀ ਭਾਸ਼ਾ ਤੁਸੀ ਪੰਜਾਬੀ ਕਿਉਂ ਭਰੀ ਹੈ, ਹਿੰਦੀ ਕਿਉਂ ਨਹੀਂ?’’

ਗੁਰੂ ਨਾਨਕ ਪਬਲਿਕ ਸਕੂਲ ਦੇ ਪ੍ਰਿੰਸੀਪਲ ਦੇ ਮੂੰਹ ’ਚੋਂ ਇਹ ਸਵਾਲ ਸੁਣ ਕੇ ਮੈਂ ਹੈਰਾਨ ਰਹਿ ਗਿਆ। ਮੈਂ ਕਿਹਾ ਕਿ ਮੇਰੇ ਘਰ ਦੇ ਬਿਲਕੁਲ ਨਾਲ ਹੀ ਵਿਵੇਕ ਸਕੂਲ, ਸ਼ਹਿਰ ਦਾ ਸੱਭ ਤੋਂ ਵਧੀਆ ਸਕੂਲ ਮੰਨਿਆ ਜਾਂਦਾ ਹੈ ਪਰ ਉਥੇ ਕਿਉਂਕਿ ਹਿੰਦੀ ਦਾ ਬੋਲਬਾਲਾ ਹੈ, ਇਸ ਲਈ ਮੈਂ ਅਪਣੀ ਬੇਟੀ ਨੂੰ ਇਹ ਸੋਚ ਕੇ ਗੁਰੂ ਨਾਨਕ ਪਬਲਿਕ ਸਕੂਲ ਵਿਚ ਦਾਖ਼ਲ ਕਰਵਾਉਣ ਲਿਆਇਆ ਸੀ ਕਿ ਇਥੇ ਤਾਂ ਪੰਜਾਬੀ ਦੀ ਕਦਰ ਜ਼ਰੂਰ ਕੀਤੀ ਜਾਂਦੀ ਹੋਵੇਗੀ। ਪ੍ਰਿੰਸੀਪਲ ਸਾਹਿਬਾ ਕਹਿਣ ਲੱਗੇ, ‘‘ਸਾਡੇ ਸਕੂਲ ਵਿਚ ਬਹੁਤੇ ਸਿੱਖ ਹੀ ਅਪਣੇ ਬੱਚਿਆਂ ਨੂੰ ਦਾਖ਼ਲ ਕਰਵਾਉਂਦੇ ਨੇ ਪਰ ਉਹ ਸਾਰੇ ਵੀ ਹਿੰਦੀ ਨੂੰ ਹੀ ਦੂਜੇ ਵਿਸ਼ੇ ਵਜੋਂ ਲੈਂਦੇ ਨੇ ਕਿਉਂਕਿ ਉਨ੍ਹਾਂ ਦੇ ਬੱਚਿਆਂ ਨੇ ਆਲ ਇੰਡੀਆ ਸਰਵਿਸਿਜ਼ ਵਿਚ ਭਰਤੀ ਹੋ ਕੇ ਦੂਜੇ ਸੂਬਿਆਂ ਵਿਚ ਜਦੋਂ ਨੌਕਰੀਆਂ ਕਰਨੀਆਂ ਹੁੰਦੀਆਂ ਨੇ ਤਾਂ ਉਨ੍ਹਾਂ ਨੂੰ ਪੰਜਾਬੀ ਦਾ ਕੋਈ ਲਾਭ ਨਹੀਂ ਹੁੰਦਾ ਤੇ ਹਿੰਦੀ ਹੀ ਕੰਮ ਆਉਂਦੀ ਏ।’’

ਮੈਂ ਕਿਹਾ, ‘‘ਪ੍ਰਿੰਸੀਪਲ ਸਾਹਿਬਾ, ਕੀ ਸਾਰੇ ਪੰਜਾਬੀਆਂ ਨੂੰ ਦੂਜੇ ਸੂਬਿਆਂ ਵਿਚ ਹੀ ਨੌਕਰੀਆਂ ਮਿਲਣਗੀਆਂ? ਇਨ੍ਹਾਂ ’ਚੋਂ ਪੰਜਾਬ ਵਿਚ ਕਿਸੇ ਨੇ ਨਹੀਂ ਰਹਿਣਾ? ਜਿਹੜੇ ਇਥੇ ਰਹਿ ਜਾਣਗੇ, ਉਨ੍ਹਾਂ ਦਾ ਅਪਣੀ ਭਾਸ਼ਾ ਯਾਨੀ ਇਥੋਂ ਦੀ ਸਰਕਾਰੀ ਭਾਸ਼ਾ ਵਿਚ ਅਲਪ ਗਿਆਨ, ਉਨ੍ਹਾਂ ਲਈ ਔਕੜਾਂ ਨਹੀਂ ਖੜੀਆਂ ਕਰੇਗਾ? ਜਿਹੜੇ ਬਾਹਰ ਜਾਣਾ ਚਾਹੁੰਦੇ ਨੇ, ਉਹ ਆਪੇ ਦੂਜੀਆਂ ਭਾਸ਼ਾਵਾਂ ਦਾ ਗਿਆਨ ਹਾਸਲ ਕਰਨ ਲਈ ਮਗਰੋਂ ਉਚੇਚੇ ਯਤਨ ਕਰ ਲੈਣਗੇ।  ਫਿਰ ਇਹ ਮਸਲਾ ਕੇਵਲ ਪੰਜਾਬ ਦਾ ਤਾਂ ਨਹੀਂ, ਸਾਰੇ ਹੀ ਸੂਬਿਆਂ ਦਾ ਹੈ। ਕੀ ਦੂਜੇ ਸੂਬੇ ਵੀ ਅਪਣੀ ਅਪਣੀ ਭਾਸ਼ਾ ਨੂੰ ਪਿੱਛੇ ਸੁਟ ਕੇ ਹਿੰਦੀ, ਅੰਗਰੇਜ਼ੀ ਨੂੰ ਪਹਿਲ ਦੇ ਰਹੇ ਨੇ? ਮੇਰੀ ਸੂਚਨਾ ਅਨੁਸਾਰ, ਉਹ ਅਜਿਹਾ ਨਹੀਂ ਕਰ ਰਹੇ। ਫਿਰ ਅਸੀ ਪੰਜਾਬੀ ਹੀ ਅਪਣੀ ਮਾਤ-ਭਾਸ਼ਾ ਨਾਲ ਏਨੀ ਦੁਸ਼ਮਣੀ ਕਿਉਂ ਕਰ ਰਹੇ ਹਾਂ?’’ 

ਮਿਸਿਜ਼ ਕੁਲਵੰਤ ਸਿੰਘ ਮੇਰੀਆਂ ਦਲੀਲਾਂ ਬੜੇ ਧਿਆਨ ਨਾਲ ਸੁਣ ਰਹੇ ਸਨ ਤੇ ਨਿਮ੍ਹਾ ਨਿਮ੍ਹਾ ਮੁਸਕਰਾ ਵੀ ਰਹੇ ਸਨ। ਮੈਂ ਅਪਣਾ ਆਖ਼ਰੀ ਫ਼ੈਸਲਾ ਸੁਣਾਇਆ ਤੇ ਕਿਹਾ, ‘‘ਪ੍ਰਿੰਸੀਪਲ ਸਾਹਿਬਾ, ਪੰਜਾਬੀ ਤਾਂ ਮੈਂ ਅਪਣੀ ਬੱਚੀ ਨੂੰ ਪੜ੍ਹਾ ਕੇ ਹੀ ਰਹਿਣੀ ਜੇ। ਜੇ ਤੁਹਾਡੇ ਸਕੂਲ ਵਿਚ ਪੰਜਾਬੀ ਨਹੀਂ ਪੜ੍ਹਾਈ ਜਾਣੀ ਤਾਂ ਇਹਨੂੰ ਕਿਸੇ ਐਸੇ ਸਕੂਲ ਵਿਚ ਦਾਖ਼ਲ ਕਰਵਾ ਦਿਆਂਗਾ ਜਿਥੇ ਪੰਜਾਬੀ ਜ਼ਰੂਰ ਪੜ੍ਹਾਈ ਜਾਂਦੀ ਹੋਵੇ, ਭਾਵੇਂ ਬੱਚਿਆਂ ਨੂੰ ਤੱਪੜਾਂ ’ਤੇ ਬਿਠਾ ਕੇ ਹੀ ਕਿਉਂ ਨਾ ਪੜ੍ਹਾਇਆ ਜਾਂਦਾ ਹੋਵੇ। ਇਸ ਦਾ ਬਾਪ ਵੀ ਤਾਂ ਤੱਪੜਾਂ ਵਾਲੇ ਸਕੂਲਾਂ ਵਿਚ ਹੀ ਪੜਿ੍ਹਆ ਸੀ ....।’’

ਪ੍ਰਿੰਸੀਪਲ ਸਾਹਿਬਾ ਮੁਸਕ੍ਰਾਉਂਦੇ ਹੋਏ ਬੋਲੇ, ‘‘ਮੈਨੂੰ ਚੰਗਾ ਲਗਿਐ ਤੁਹਾਡਾ ਪੰਜਾਬੀ - ਪ੍ਰੇਮ ਪਰ ਜਦ ਮਾਪੇ ਆਪ ਹੀ ਪੰਜਾਬੀ ਦੇ ਹੱਕ ਵਿਚ ਨਾ ਨਿਤਰਨ ਤਾਂ ਅਸੀ ਵੀ ਕੀ ਕਰ ਸਕਦੇ ਹਾਂ? ਮੈਂ ਤੁਹਾਡੀ ਬੇਟੀ ਨੂੰ ਇਸ ਸ਼ਰਤ ’ਤੇ ਦਾਖ਼ਲ ਕਰ ਸਕਦੀ ਹਾਂ ਕਿ ਜੇ ਘੱਟੋ ਘੱਟ ਪੰਜ ਹੋਰ ਬੱਚੇ ਪੰਜਾਬੀ ਪੜ੍ਹਨ ਵਾਲੇ ਮਿਲ ਗਏ ਤਾਂ ਅਸੀ ਪੰਜਾਬੀ ਦੀ ਪੜ੍ਹਾਈ ਦਾ ਪ੍ਰਬੰਧ ਜ਼ਰੂਰ ਕਰ ਦੇਵਾਂਗੇ। ਪਰ ਕੇਵਲ ਇਕ ਵਿਦਿਆਰਥੀ ਲਈ ਤਾਂ ਅਸੀ ਪੰਜਾਬੀ ਦੀ ਪੜ੍ਹਾਈ ਨਹੀਂ ਨਾ ਸ਼ੁਰੂ ਕਰ ਸਕਦੇ।’’
ਫ਼ੀਸ ਜਮ੍ਹਾਂ ਕਰਾਏ ਬਿਨਾਂ, ਮੈਂ ਫ਼ਾਰਮ ਦੇ ਕੇ ਆ ਗਿਆ ਤੇ ਇਕ ਹਫ਼ਤੇ ਮਗਰੋਂ ਪਿ੍ਰੰਸੀਪਲ ਦਾ ਫ਼ੈਸਲਾ ਸੁਣਨ ਲਈ ਸਕੂਲ ਚਲਾ ਗਿਆ। ਮਿਸਿਜ਼ ਕੁਲਵੰਤ ਸਿੰਘ ਮੈਨੂੰ ਹੱਸ ਕੇ ਮਿਲੇ ਤੇ ਬੋਲੇ, ‘‘ਮੁਬਾਰਕਾਂ। ਮੈਂ ਤੁਹਾਡੀ ਮਿਸਾਲ ਦੇ ਕੇ, 5 ਹੋਰਨਾਂ ਮਾਪਿਆਂ ਨੂੰ ਵੀ ਮਨਾ ਲਿਐ ਕਿ ਉਹ ਵੀ ਅਪਣੇ ਬੱਚਿਆਂ ਲਈ ਪੰਜਾਬੀ ਵਿਸ਼ਾ ਹੀ ਚੁਣਨ। ਉਨ੍ਹਾਂ ਨੇ ਵੀ ਪਹਿਲਾਂ ਹਿੰਦੀ ਹੀ ਅਪਣੇ ਬੱਚਿਆਂ ਲਈ ਚੁਣੀ ਸੀ ਪਰ ਤੁਹਾਡੀਆਂ ਦਲੀਲਾਂ ਜਦ ਮੈਂ ਉਨ੍ਹਾਂ ਕੋਲ ਦੁਹਰਾਈਆਂ ਤਾਂ ਉਹ ਅਖ਼ੀਰ ਮੰਨ ਗਏ। ਤੁਸੀ ਫ਼ੀਸ ਜਮ੍ਹਾਂ ਕਰਵਾ ਦਿਉ ਤੇ ਬੱਚੀ ਨੂੰ ਕਲ ਤੋਂ ਸਕੂਲ ਭੇਜਣਾ ਸ਼ੁਰੂ ਕਰ ਦਿਉ।’’

ਇਸ ਤਰ੍ਹਾਂ ਮੈਂ ਅਪਣੀਆਂ ਦੋਹਾਂ ਬੇਟੀਆਂ ਨੂੰ ਪੰਜਾਬੀ ਪੜ੍ਹਾਉਣ ਲਈ ਵਿਸ਼ੇਸ਼ ਉੱਦਮ ਕੀਤਾ ਪਰ ਜਦ ਮੈਂ ਅਪਣੇ ਸਾਥੀਆਂ ਮਿੱਤਰਾਂ ਵਲ ਵੇਖਦਾ ਹਾਂ ਤਾਂ ਉਨ੍ਹਾਂ ਸਾਰਿਆਂ ਨੇ ਹੀ ਅਪਣੇ ਬੱਚਿਆਂ ਨੂੰ ਹਿੰਦੀ ਵਿਸ਼ਾ ਲੈ ਕੇ ਦਿਤਾ। ਉਨ੍ਹਾਂ ’ਚੋਂ ਕਿੰਨੇ ਬੱਚੇ ਨਿਕਲੇ ਜਿਨ੍ਹਾਂ ਪੰਜਾਬ ਤੋਂ ਬਾਹਰ ਜਾ ਕੇ ਨੌਕਰੀ ਕੀਤੀ? ਇਕ ਨੂੰ ਛੱਡ ਕੇ, ਬਾਕੀ ਸਾਰੇ ਇਥੇ ਹੀ ਹਨ ਤੇ ਪੰਜਾਬ ਵਿਚ ਹੀ ਨੌਕਰੀ ਕਰਦੇ ਹਨ ਜਾਂ ਅਪਣੇ ਕੰਮ-ਕਾਜ ਕਰਦੇ ਹਨ। ਪੰਜਾਬੀ ਉਨ੍ਹਾਂ ਨੂੰ ਆਉਂਦੀ ਨਹੀਂ ਤੇ ਹਿੰਦੀ ਉਨ੍ਹਾਂ ਦੇ ਕਿਸੇ ਕੰਮ ਨਹੀਂ ਆ ਰਹੀ। ਉਹਨਾਂ ਨਾਲ ਗੱਲ ਕਰਦਾ ਹਾਂ ਤਾਂ ਇਸ ਤਰ੍ਹਾਂ ਲਗਦਾ ਹੈ ਜਿਵੇਂ ਕਾਂ, ਸਿਰ ਦਵਾਲੇ ਮੋਰ ਦੇ ਖੰਭ ਲਪੇਟ ਕੇ, ਅਪਣੇ ਆਪ ਨੂੰ ‘ਮੋਰ’ ਦੱਸਣ ਦਾ ਯਤਨ ਕਰ ਰਿਹਾ ਹੈ।

ਮਾਪਿਆਂ ਦਾ ਕਸੂਰ ਸੱਭ ਤੋਂ ਜ਼ਿਆਦਾ ਹੈ। ਉਹ ਪੰਜਾਬੀ ਭਾਸ਼ਾ ਦਾ ਪਿਆਰ ਅਪਣੀਆਂ ਅਗਲੀਆਂ ਪੀੜ੍ਹੀਆਂ ਦੇ ਹਵਾਲੇ ਕਿਉਂ ਨਹੀਂ ਕਰਨਾ ਚਾਹੁੰਦੇ? ਜਿਹੜਾ ਕੋਈ ਵੀ ਅਪਣੀ ਭਾਸ਼ਾ ਵਿਚ ਅਮੀਰ ਅਤੇ ਸੁਘੜ ਬਣ ਗਿਆ, ਦੂਜੀਆਂ ਭਾਸ਼ਾਵਾਂ ਵਿਚ ਉਹ ਕਦੀ ਫਾਡੀ ਨਹੀਂ ਰਹੇਗਾ। ਅਪਣੀ ਭਾਸ਼ਾ ਦਾ ਮਾਹਰ ਹੀ ਦੂਜੀਆਂ ਭਾਸ਼ਾਵਾਂ ਜਲਦੀ ਸਿਖ ਸਕਦਾ ਹੈ। ਮੈਂ ਕਿਸੇ ਸਮੇਂ ਫਿਰ ਅਪਣੇ ਜੀਵਨ-ਤਜਰਬੇ ਵਿਚੋਂ ਇਕ ਘਟਨਾ ਸੁਣਾਵਾਂਗਾ ਕਿ ਦਸਵੀਂ ਦੇ ਇਮਤਿਹਾਨ ’ਚੋਂ ਮੈਂ ਸਾਰੇ ਪੰਜਾਬ ’ਚੋਂ 150 ’ਚੋਂ 132 ਨੰਬਰ ਲੈ ਕੇ ਦੂਜੇ ਸਥਾਨ ’ਤੇ ਆਇਆ ਸੀ (133 ਨੰਬਰਾਂ ਵਾਲਾ ਪਹਿਲੇ ਸਥਾਨ ’ਤੇ ਆਇਆ ਸੀ)। ਐਫ਼.ਏ. ਵਿਚ ਮੈਨੂੰ ਪਹਿਲੀ ਵਾਰ ਹਿੰਦੀ ਦੂਜੀ ਭਾਸ਼ਾ ਵਜੋਂ ਲੈਣੀ ਪਈ। ਜਦੋਂ ਪਹਿਲਾ ਟੈਸਟ ਹੀ ਹੋਇਆ ਤਾਂ ਮੈਂ ਹਿੰਦੀ ਵਿਚ ਵੀ ਪ੍ਰਥਮ ਆ ਗਿਆ। ਮੇਰੇ ਪ੍ਰੋਫ਼ੈਸਰ ਵੀ ਹੈਰਾਨ ਰਹਿ ਗਏ ਕਿ ਮੈਂ ਪਹਿਲੀ ਵਾਰ ਹਿੰਦੀ ਵਿਸ਼ਾ ਲੈ ਕੇ ਵੀ, ਸ਼ੁਰੂ ਤੋਂ ਹਿੰਦੀ ਪੜ੍ਹਨ ਵਾਲਿਆਂ ਨੂੰ ਕਿਵੇਂ ਪਛਾੜ ਦਿਤਾ ਸੀ। ਇਹੀ ਕੁੱਝ ਅੰਗਰੇਜ਼ੀ ਵਾਲੇ ਪੇਪਰ ਵਿਚ ਵੀ ਹੋਇਆ।

ਮੇਰੇ ਅੰਗਰੇਜ਼ੀ ਪ੍ਰੋਫ਼ੈਸਰ ਨੇ ਕਲਾਸ ਵਿਚ ਕਿਹਾ, ‘‘ਮੈਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਇਹ ਪੇਪਰ ਸਾਡੇ ਕਿਸੇ ਵਿਦਿਆਰਥੀ ਨੇ ਲਿਖਿਆ ਹੈ। ਲਗਦਾ ਸੀ ਜਿਵੇਂ ਵਿਦੇਸ਼ ਵਿਚ ਪੜ੍ਹੇ ਕਿਸੇ ਬੱਚੇ ਦਾ ਪੇਪਰ ਹੈ।’’ ਮੈਨੂੰ ਪ੍ਰੋਫ਼ੈਸਰ ਸਾਹਿਬ ਨੇ ਹਸਦੇ ਹੋਏ ਪੁਛਿਆ ਕਿ ਕੀ ਮੈਂ ਕਦੇ ਵਿਦੇਸ਼ ਗਿਆ ਹਾਂ? ਮੈਂ ਉਨ੍ਹਾਂ ਨੂੰ ਦਸਿਆ ਕਿ ਮੈਂ ਤਾਂ ਉਦੋਂ ਤਕ ਦਿੱਲੀ ਤੋਂ ਅੱਗੇ ਦਾ ਹਿੰਦੁਸਾਤਨ ਵੀ ਨਹੀਂ ਸੀ ਵੇਖਿਆ। ਉਹ ਪੁੱਛਣ ਲਗੇ, ‘‘ਫਿਰ ਏਨੀ ਵਧੀਆ ਅੰਗਰੇਜ਼ੀ ਕਿਵੇਂ ਲਿਖ ਲੈਂਦਾ ਹੈਂ?’’ ਮੇਰਾ ਉੱਤਰ ਸੀ, ‘‘ਮੈਂ ਅਪਣੀ ਮਾਤ-ਭਾਸ਼ਾ ਨੂੰ ਸਿਖਣ, ਸਮਝਣ ਤੇ ਇਸ ਵਿਚ ਲਿਖਣ ਲਈ ਉਚੇਚੇ ਯਤਨ ਕੀਤੇ ਸਨ ਤੇ ਹੁਣ ਹੋਰ ਕੋਈ ਵੀ ਭਾਸ਼ਾ ਹੋਵੇ, ਉਹਨੂੰ ਸਿਖਣਾ ਤੇ ਉਸ ਵਿਚ ਲਿਖਣਾ ਮੈਨੂੰ ਖੱਬੇ ਹੱਥ ਦਾ ਕੰਮ ਲਗਦਾ ਹੈ।’’

ਮੈਂ ਅੱਜ ਵੀ ਕਹਿੰਦਾ ਹਾਂ ਕਿ ਜਿਹੜਾ ਕੋਈ ਅਪਣੀ ਮਾਤ-ਭਾਸ਼ਾ ਵਿਚ ਪ੍ਰਬੀਨ ਹੈ, ਉਸ ਨੂੰ ਦੂਜੀਆਂ ਭਾਸ਼ਾਵਾਂ ਵਿਚ ਪ੍ਰਬੀਨਤਾ ਹਰ ਹਾਲ ਵਿਚ ਹਾਸਲ ਹੋ ਜਾਂਦੀ ਹੈ। ਕੁੱਝ ਇੱਕਾ ਦੁੱਕਾ ਮਿਸਾਲਾਂ ਨੂੰ ਛੱਡ ਕੇ, ਮਾਤ-ਭਾਸ਼ਾ ਵਿਚ ਢਿੱਲੇ ਰਹਿ ਜਾਣ ਵਾਲੇ ਵਿਦਿਆਰਥੀ, ਕਿਸੇ ਵੀ ਭਾਸ਼ਾ ਵਿਚ ਮਾਅਰਕਾ ਨਹੀਂ ਮਾਰ ਸਕਦੇ। ਅਕਾਲੀ ਵਜ਼ੀਰ ਤੋਤਾ ਸਿੰਘ ਦੇ ਦਿਮਾਗ਼ ਵਿਚ ਵੀ ਇਕ ਅੰਗਰੇਜ਼ੀ ਕੀੜਾ ਆ ਵੜਿਆ ਸੀ ਜੋ ਉਨ੍ਹਾਂ ਨੂੰ ਉਕਸਾਉਂਦਾ ਰਹਿੰਦਾ ਸੀ ਕਿ ਬੱਚਿਆਂ ਨੂੰ ਪਹਿਲੀ ਜਮਾਤ ਤੋਂ ਅਗਰ ਅੰਗਰੇਜ਼ੀ ਪੜ੍ਹਾਈ ਜਾਏ ਤਾਂ ਉਹ ਬਹੁਤ ‘ਲਾਇਕ’ ਬਣ ਜਾਂਦੇ ਹਨ ਪਰ ਇਹ ਵਿਚਾਰ ਖ਼ਾਲਸ ਗ਼ਲਤਫ਼ਹਿਮੀ ਉਤੇ ਆਧਾਰਤ ਸੀ। ਬਹੁਤੇ ਅਕਾਲੀ ਵਜ਼ੀਰ, ਜਥੇਦਾਰਾਂ ਜਾਂ ਪੁਜਾਰੀਆਂ ਵਾਂਗ ਹੀ, ਅਪਣੇ ਆਪ ਨੂੰ ਹੀ ਸੱਭ ਤੋਂ ਸਿਆਣੇ ਸਮਝਦੇ ਹਨ ਤੇ ਕਿਸੇ ਦੂਜੇ ਸਿਆਣੇ ਦੀ ਸਲਾਹ ਵੀ ਨਹੀਂ ਲੈਂਦੇ। ਦੁਨੀਆਂ ਭਰ ਦੇ ਭਾਸ਼ਾ-ਮਾਹਰਾਂ ਨੇ ਇਹੀ ਨਤੀਜਾ ਕਢਿਆ ਹੈ ਕਿ ਉਹੀ ਬੱਚੇ ਲਾਇਕ ਬਣ ਨਿਕਲਦੇ ਹਨ ਜਿਨ੍ਹਾਂ ਨੂੰ ਪਹਿਲਾਂ ਅਪਣੀ ਮਾਤ-ਭਾਸ਼ਾ ਵਿਚ ਚੰਗਾ ਪ੍ਰਬੀਨ ਬਣਾਇਆ ਗਿਆ ਹੋਵੇ।

ਉਧਰ ਪੰਜਾਬ ਦੇ ਸਕੂਲਾਂ ਵਿਚ ਪੰਜਾਬੀ ਦੀ ਪੜ੍ਹਾਈ ਨੂੰ ਕਿਵੇਂ ਅਣਮੰਨੇ ਜਿਹੇ ਢੰਗ ਨਾਲ ਲਿਆ ਜਾ ਰਿਹਾ ਹੈ, ਇਸ ਦੀ ਝਲਕ ਮੈਨੂੰ ਪਿਛਲੇ ਦੋ ਸਾਲਾਂ ਵਿਚ ‘ਸਪੋਕਸਮੈਨ’ ਦੇ ਦਫ਼ਤਰ ਵਿਚ ਸਬ ਐਡੀਟਰਾਂ, ਪਰੂਫ਼ ਰੀਡਰਾਂ ਤੇ ਰੀਪੋਰਟਰਾਂ ਦੀ ਪੰਜਾਬੀ ਦੇ ਦਰਸ਼ਨ ਕਰ ਕੇ ਹੀ ਮਿਲ ਗਈ। ਗੱਲ ਅਸੀ ਘਰ ਤੋਂ ਸ਼ੁਰੂ ਕਰਾਂਗੇ। ਮੈਂ ਇਨ੍ਹਾਂ ਦੀ ‘ਪੰਜਾਬੀ’ ਵਲ ਵੇਖ ਕੇ ਇਨ੍ਹਾਂ ਨੂੰ ਅਕਸਰ ਕਹਿੰਦਾ ਰਹਿੰਦਾ ਹਾਂ, ‘‘ਅਖ਼ਬਾਰ ਪੜ੍ਹਨ ਵਾਲਿਆਂ ਨੇ ਇਹ ਨਹੀਂ ਕਹਿਣਾ ਕਿ ਸਟਾਫ਼ ਨੂੰ ਠੀਕ ਪੰਜਾਬੀ ਲਿਖਣੀ ਨਹੀਂ ਆਉਂਦੀ। ਉਨ੍ਹਾਂ ਨੇ ਤਾਂ ਇਹੀ ਨਤੀਜਾ ਕਢਣਾ ਹੈ ਕਿ ਐਡੀਟਰ ਹੀ ਨਾਲਾਇਕ ਹੈ ਜਿਸ ਨੂੰ ਪੰਜਾਬੀ ਲਿਖਣੀ ਵੀ ਨਹੀਂ ਆਉਂਦੀ।

ਮੇਰੇ ’ਤੇ ਤਰਸ ਕਰੋ ਤੇ ਅਪਣੇ ਪੰਜਾਬੀ ਗਿਆਨ ਨੂੰ ਸੁਧਾਰੋ।’’ ਕਈ ਵਾਰ ਮੈਂ ਗੁੱਸੇ ਵਿਚ ਅਪਣਾ ਧੀਰਜ ਵੀ ਗਵਾ ਬੈਠਦਾ ਸੀ ਤੇ ਬਹੁਤ ਉੱਚਾ ਨੀਵਾਂ ਵੀ ਬੋਲ ਜਾਂਦਾ ਸੀ ਪਰ ਜਦ ਕੋਈ ਫ਼ਰਕ ਨਾ ਪਿਆ ਤਾਂ ਮੈਂ ਜਾਣਨ ਦੀ ਕੋਸ਼ਿਸ਼ ਕੀਤੀ ਕਿ ਸੁਧਾਰ ਕਿਉਂ ਨਹੀਂ ਹੋ ਰਿਹਾ ਤੇ ਖ਼ਰਾਬੀ ਦੀ ਜੜ੍ਹ ਕਿਥੇ ਹੈ। ਛੇਤੀ ਹੀ ਮੈਨੂੰ ਸਮਝ ਆ ਗਈ ਕਿ ਵਜ਼ੀਰ ਤੋਤਾ ਸਿੰਘ ਦੀ ਸੋਚ ਤੋਂ ਲੈ ਕੇ ਪੰਜਾਬੀ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਪੰਜਾਬੀ ਭਾਸ਼ਾ ਪ੍ਰਤੀ ਲਾਪ੍ਰਵਾਹੀ ਵਾਲੀ ਪਹੁੰਚ ਇਸ ਭਾਸ਼ਾ ਨੂੰ ਪੰਜਾਬ ’ਚੋਂ ਖ਼ਤਮ ਕਰ ਰਹੀ ਹੈ ਤੇ ਇਸ ਨੂੰ ਮਾਰ ਕੇ ਹੀ ਸਾਹ ਲਵੇਗੀ। 
(8 ਮਾਰਚ, 2015 ਦੇ ਪਰਚੇ ਵਿਚੋਂ) ਮਰਹੂਮ ਜੋਗਿੰਦਰ ਸਿੰਘ)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement