
18 ਸਤੰਬਰ ਨੂੰ ਹੋਵੇਗੀ ਸੁਣਵਾਈ
ਨਵੀਂ ਦਿੱਲੀ: 1984 ਸਿੱਖ ਨਸਲਕੁਸ਼ੀ ਦੌਰਾਨ ਪੁਲ ਬੰਗਸ਼ ਗੁਰਦੁਆਰਾ ਸਾਹਿਬ ਵਿਚ ਹੋਏ 3 ਸਿੱਖਾਂ ਦੇ ਕਤਲੇਆਮ ਮਾਮਲੇ ਵਿਚ ਜਗਦੀਸ਼ ਟਾਈਟਲਰ ਵਿਰੁਧ ਦੋਸ਼ ਆਇਦ ਕਰਨ ਲਈ ਕੇਸ ਟ੍ਰਾਂਸਫਰ ਕਰ ਦਿਤਾ ਗਿਆ ਹੈ। ਇਸ ਮਾਮਲੇ ’ਚ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਮੁਲਜ਼ਮ ਹਨ। ਇਸ ਮਾਮਲੇ ਨੂੰ ਅੱਜ ਵਧੀਕ ਚੀਫ਼ ਮੈਟਰੋਪੋਲੀਟਨ ਮੈਜਿਸਟ੍ਰੇਟ ਵਿਧੀ ਗੁਪਤਾ ਆਨੰਦ ਦੀ ਅਦਾਲਤ ਨੇ ਸੈਸ਼ਨ ਕੋਰਟ ਕੋਲ ਭੇਜ ਦਿਤਾ ਹੈ। ਹੁਣ ਕੇਸ ਦੀ ਸੁਣਵਾਈ 18 ਸਤੰਬਰ ਨੂੰ ਸੈਸ਼ਨ ਕੋਰਟ ਵਿਚ ਹੋਵੇਗੀ।
ਇਹ ਵੀ ਪੜ੍ਹੋ: ਅਬੋਹਰ 'ਚ ਮਾਂ ਨਾਲ ਮੱਥਾ ਟੇਕਣ ਗਈ ਲੜਕੀ ਦਾ ਬਦਮਾਸ਼ ਨੇ ਵੱਢਿਆ ਗਲਾ, ਹਾਲਤ ਨਾਜ਼ੁਕ
ਇਸ ਮਗਰੋਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਸੰਜੀਦਾ ਕੇਸ ਹੋਣ ਦੇ ਬਾਵਜੂਦ ਟਾਈਟਲਰ ਨੂੰ ਜ਼ਮਾਨਤ ਦਿਤੇ ਜਾਣ ਨੂੰ ਲੈ ਕੇ ਸਿੱਖਾਂ ਵਿਚ ਭਾਰੀ ਰੋਸ ਸੀ। ਹੁਣ ਮਾਮਲਾ ਸੈਸ਼ਨ ਕੋਰਟ ਜਾਣ ਮਗਰੋਂ ਉਮੀਦ ਮਿਲੀ ਹੈ ਕਿ ਟਾਈਟਲਰ ਵਿਰੁਧ ਦੋਸ਼ ਤੈਅ ਜ਼ਰੂਰ ਹੋਣਗੇ। ਉਨ੍ਹਾਂ ਕਿਹਾ ਕਿ ਡੀ.ਐਸ.ਜੀ.ਐਮ.ਸੀ. ਵਲੋਂ ਇਸ ਕੇਸ ਦੀ ਪੈਰਵੀ ਮਜ਼ਬੂਤੀ ਨਾਲ ਯਕੀਨੀ ਬਣਾਈ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ 39 ਸਾਲਾਂ ਤੋਂ ਸਿੱਖ ਕੌਮ ਲੜਾਈ ਲੜ ਰਹੀ ਹੈ, ਮਾਮਲੇ ਵਿਚ ਕਈ ਵਾਰ ਢਿੱਲ ਵੀ ਵਰਤੀ ਗਈ।
ਇਹ ਵੀ ਪੜ੍ਹੋ: ਸੜਕ ਹਾਦਸੇ ’ਚ ਜ਼ਖ਼ਮੀ ਵਿਅਕਤੀ ਨੇ ਇਲਾਜ ਦੌਰਾਨ ਤੋੜਿਆ ਦਮ
ਇਸ ਤੋਂ ਇਲਾਵਾ ਬੀਤੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬ੍ਰਿਟੇਨ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਵਿਚਾਲੇ ਹੋਈ ਮੀਟਿੰਗ ਬਾਰੇ ਕਾਲਕਾ ਨੇ ਕਿਹਾ ਕਿ ਜਦੋਂ ਵੀ ਦੋ ਦੇਸ਼ਾਂ ਦੇ ਪ੍ਰਧਾਨ ਮੰਤਰੀ ਮਿਲਦੇ ਹਨ ਤਾਂ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਉਹ ਅਪਣੀ ਚਿੰਤਾ ਜ਼ਾਹਰ ਕਰਦੇ ਹਨ। ਯੂਕੇ ਦੇ ਪ੍ਰਧਾਨ ਮੰਤਰੀ ਨੇ ਵੀ ਤਸੱਲੀ ਦਿਵਾਈ ਹੈ ਕਿ ਉਥੇ ਸਰਕਾਰ ਵਲੋਂ ਕੱਟੜਵਾਦ ਦੇ ਕਿਸੇ ਵੀ ਰੂਪ ਨੂੰ ਸਮਰਥਨ ਨਹੀਂ ਦਿਤਾ ਜਾ ਰਿਹਾ। ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਕੁੱਝ ਲੋਕ ਅਪਣੇ ਸਵਾਰਥ ਲਈ ਸਿੱਖਾਂ ਦਾ ਅਕਸ ਖ਼ਰਾਬ ਕਰ ਰਹੇ ਹਨ।