ਕਿਹਾ, ਵਾਸਕੋ ਡੀ ਗਾਮਾ ਗੁਜਰਾਤੀ ਕਾਰੋਬਾਰੀ ਚੰਦਨ ਦੇ ਜਹਾਜ਼ ਦਾ ਪਿੱਛਾ ਕਰਦੇ ਭਾਰਤ ਪਹੁੰਚਿਆ
ਭੋਪਾਲ : ਮੱਧ ਪ੍ਰਦੇਸ਼ ਦੇ ਉੱਚ ਸਿੱਖਿਆ ਮੰਤਰੀ ਇੰਦਰਸਿੰਘ ਪਰਮਾਰ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਦੀ ਖੋਜ ਸਾਡੇ ਭਾਰਤੀ ਪੁਰਖਿਆਂ ਨੇ ਕੀਤੀ ਸੀ ਨਾ ਕਿ ਕ੍ਰਿਸਟੋਫਰ ਕੋਲੰਬਸ ਨੇ, ਜਿਵੇਂ ਕਿ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਹੈ।
ਪਰਮਾਰ ਨੇ ਇਹ ਵੀ ਦਾਅਵਾ ਕੀਤਾ ਕਿ ਵਿਦਿਆਰਥੀਆਂ ਨੂੰ ਗਲਤ ਇਤਿਹਾਸ ਸਿਖਾਇਆ ਗਿਆ ਹੈ ਕਿ ਭਾਰਤ ਦੀ ਖੋਜ ਪੁਰਤਗਾਲੀ ਖੋਜਕਰਤਾ ਵਾਸਕੋ ਡੀ ਗਾਮਾ ਨੇ ਕੀਤੀ ਸੀ।
ਪਰਮਾਰ ਨੇ ਮੰਗਲਵਾਰ ਨੂੰ ਭੋਪਾਲ ’ਚ ਬਰਕਤੁੱਲਾ ਯੂਨੀਵਰਸਿਟੀ ਦੇ ਕਨਵੋਕੇਸ਼ਨ ਸਮਾਰੋਹ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਅਪਣੇ ਸੰਬੋਧਨ ’ਚ ਕਿਹਾ, ‘‘ਕੋਲੰਬਸ ਨੇ ਅਮਰੀਕਾ ਦੀ ਖੋਜ ਕੀਤੀ... ਭਾਰਤੀ ਵਿਦਿਆਰਥੀਆਂ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਜੇ ਉਨ੍ਹਾਂ ਨੂੰ ਇਹ ਸਿਖਾਉਣਾ ਹੀ ਸੀ, ਤਾਂ ਉਨ੍ਹਾਂ ਨੂੰ ਇਹ ਵੀ ਸਿਖਾਇਆ ਜਾਣਾ ਚਾਹੀਦਾ ਸੀ ਕਿ ਕਿਵੇਂ ਕੋਲੰਬਸ ਤੋਂ ਬਾਅਦ ਦੇ ਲੋਕਾਂ ਨੇ ਉੱਥੋਂ ਦੇ ਸਮਾਜ ’ਤੇ ਜ਼ੁਲਮ ਕੀਤਾ ਅਤੇ ਉੱਥੋਂ ਦੇ ਕਬਾਇਲੀ ਸਮਾਜ ਨੂੰ ਤਬਾਹ ਕਰ ਦਿਤਾ, ਕਿਉਂਕਿ ਉਹ ਸਮਾਜ ਕੁਦਰਤ, ਸੂਰਜ ਦੀ ਪੂਜਾ ਕਰਦਾ ਸੀ।’’ ਉਨ੍ਹਾਂ ਕਿਹਾ ਕਿ ਇਹ ਵੀ ਪੜ੍ਹਾਇਆ ਜਾਣਾ ਚਾਹੀਦਾ ਸੀ ਕਿ ‘ਉਨ੍ਹਾਂ ਦਾ ਕਤਲ ਕਿਵੇਂ ਕੀਤਾ ਗਿਆ, ਉਨ੍ਹਾਂ ਦਾ ਧਰਮ ਪਰਿਵਰਤਨ ਕਿਵੇਂ ਕੀਤਾ ਗਿਆ ਪਰ ਬਦਕਿਸਮਤੀ ਨਾਲ ਸਹੀ ਤੱਥ ਨਹੀਂ ਸਿਖਾਏ ਗਏ।’
ਪਰਮਾਰ ਨੇ ਕਿਹਾ ਕਿ ਇਸ ਦੇ ਉਲਟ ਭਾਰਤੀ ਵਿਦਿਆਰਥੀਆਂ ਨੂੰ ਸਿਖਾਇਆ ਜਾਂਦਾ ਹੈ ਕਿ ਕੋਲੰਬਸ ਨੇ ਅਮਰੀਕਾ ਦੀ ਖੋਜ ਕੀਤੀ ਸੀ। ਉਨ੍ਹਾਂ ਕਿਹਾ, ‘‘ਮੈਂ ਕਹਿਣਾ ਚਾਹੁੰਦਾ ਹਾਂ ਕਿ ਜੇਕਰ ਕਿਸੇ ਨੇ ਲਿਖਣਾ ਸੀ ਤਾਂ ਉਸ ਨੂੰ ਲਿਖਣਾ ਚਾਹੀਦਾ ਸੀ ਕਿ ਭਾਰਤ ਦੇ ਮਹਾਨ ਨਾਇਕ ਵਾਸੁਲੁਨ 8ਵੀਂ ਸਦੀ ’ਚ ਉੱਥੇ ਗਏ ਸਨ ਅਤੇ ਅਮਰੀਕਾ ਦੇ ਸੈਂਟੀਆਗੋ ’ਚ ਕਈ ਮੰਦਰ ਬਣਾਏ ਸਨ। ਇਹ ਤੱਥ ਅਜੇ ਵੀ ਉੱਥੇ ਦੇ ਇਕ ਅਜਾਇਬ ਘਰ ’ਚ ਲਿਖੇ ਹੋਏ ਹਨ। ਇਹ ਤੱਥ ਅਜੇ ਵੀ ਉੱਥੇ ਲਾਇਬ੍ਰੇਰੀ ’ਚ ਰੱਖੇ ਗਏ ਹਨ।’’
ਮੰਤਰੀ ਨੇ ਕਿਹਾ ਕਿ ਬੱਚਿਆਂ ਨੂੰ ਸਿਖਾਇਆ ਜਾਣਾ ਚਾਹੀਦਾ ਸੀ ਕਿ ਅਮਰੀਕਾ ਦੀ ਖੋਜ ਸਾਡੇ ਭਾਰਤੀ ਪੁਰਖਿਆਂ ਨੇ ਕੀਤੀ ਸੀ। ਉਨ੍ਹਾਂ ਕਿਹਾ, ‘‘ਜਦੋਂ ਅਸੀਂ (ਸਾਡੇ ਪੁਰਖੇ) ਉੱਥੇ ਗਏ, ਤਾਂ ਅਸੀਂ ਉਨ੍ਹਾਂ ਦੇ ਸਭਿਆਚਾਰ, ਮਾਇਆ ਸਭਿਆਚਾਰ ਨਾਲ ਉਨ੍ਹਾਂ ਦੇ ਵਿਕਾਸ ’ਚ ਸਹਿਯੋਗ ਕੀਤਾ। ਇਹ ਭਾਰਤ ਦਾ ਵਿਚਾਰ ਅਤੇ ਦਰਸ਼ਨ ਹੈ ਜੋ ਵਿਦਿਆਰਥੀਆਂ ਨੂੰ ਸਿਖਾਇਆ ਜਾਣਾ ਚਾਹੀਦਾ ਹੈ।’’
ਪਰਮਾਰ ਨੇ ਇਹ ਵੀ ਕਿਹਾ ਕਿ ਵਿਦਿਆਰਥੀਆਂ ਨੂੰ ਸਿਖਾਇਆ ਗਿਆ ਹੈ ਕਿ ਪੁਰਤਗਾਲੀ ਨਾਗਰਿਕ ਵਾਸਕੋ ਡੀ ਗਾਮਾ ਨੇ ਭਾਰਤ ਦੀ ਖੋਜ ਕੀਤੀ ਸੀ। ਉਨ੍ਹਾਂ ਕਿਹਾ ਕਿ ਜੇਕਰ ਇਤਿਹਾਸਕਾਰਾਂ ਨੇ ਵਾਸਕੋ ਡੀ ਗਾਮਾ ਦੀ ਸਵੈਜੀਵਨੀ ਪੜ੍ਹੀ ਹੁੰਦੀ ਤਾਂ ਉਹ ਸਹੀ ਇਤਿਹਾਸ ਪੜ੍ਹ ਸਕਦੇ ਸਨ। ਮੰਤਰੀ ਨੇ ਕਿਹਾ ਕਿ ਵਾਸਕੋ ਡੀ ਗਾਮਾ ਨੇ ਅਫਰੀਕਾ ਦੇ ਜ਼ਾਂਜ਼ੀਬਾਰ ਬੰਦਰਗਾਹ ’ਤੇ ਦੁਭਾਸ਼ੀਏ ਦੀ ਮਦਦ ਨਾਲ ਗੁਜਰਾਤੀ ਕਾਰੋਬਾਰੀ ਚੰਦਨ ਨਾਲ ਭਾਰਤ ਵੇਖਣ ਦੀ ਇੱਛਾ ਜ਼ਾਹਰ ਕੀਤੀ ਸੀ। ਉਨ੍ਹਾਂ ਕਿਹਾ ਕਿ ਵਾਸਕੋ ਡੀ ਗਾਮਾ ਚੰਦਨ ਦੇ ਜਹਾਜ਼ ਦਾ ਪਿੱਛਾ ਕਰਦੇ ਭਾਰਤ ਪਹੁੰਚਿਆ।
ਪਰਮਾਰ ਨੇ ਕਿਹਾ ਕਿ ਵਾਸਕੋ ਡੀ ਗਾਮਾ ਨੇ ਖੁਦ ਲਿਖਿਆ ਸੀ ਕਿ ਭਾਰਤੀ ਕਾਰੋਬਾਰੀ ਚੰਦਨ ਦਾ ਜਹਾਜ਼ ਉਸ ਦੇ ਜਹਾਜ਼ ਨਾਲੋਂ ਬਹੁਤ ਵੱਡਾ ਸੀ ਪਰ ਵਿਦਿਆਰਥੀਆਂ ਨੂੰ ਗਲਤ ਇਤਿਹਾਸ ਸਿਖਾਇਆ ਜਾਂਦਾ ਹੈ ਕਿ ਪੁਰਤਗਾਲੀ ਨਾਗਰਿਕ ਨੇ ਭਾਰਤ ਦੀ ਖੋਜ ਕੀਤੀ ਸੀ।