
ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਬੰਧਾਂ ਬਾਰੇ ਸਕਾਰਾਤਮਕ ਨਜ਼ਰੀਏ ਦਾ ਆਦਾਨ-ਪ੍ਰਦਾਨ - ਰਿਪੋਰਟ
ਨਵੀਂ ਦਿੱਲੀ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਯੂਰਪੀ ਸੰਘ (ਈ.ਯੂ.) ਨੂੰ ਭਾਰਤ ਅਤੇ ਚੀਨ ਉਤੇ 100 ਫ਼ੀ ਸਦੀ ਤਕ ਟੈਰਿਫ ਲਗਾਉਣ ਲਈ ਕਿਹਾ ਹੈ। ‘ਫ਼ਾਈਨੈਂਸ਼ੀਅਨ ਟਾਈਮਜ਼’ ਅਖ਼ਬਾਰ ’ਚ ਛਪੀ ਇਕ ਖ਼ਬਰ ਅਨੁਸਾਰ ਟਰੰਪ ਨੇ ਯੂਕਰੇਨ ’ਚ ਜੰਗ ਖਤਮ ਕਰਨ ਲਈ ਰੂਸ ਉਤੇ ਦਬਾਅ ਵਧਾਉਣ ਦੀ ਸਾਂਝੀ ਕੋਸ਼ਿਸ਼ ਦੇ ਹਿੱਸੇ ਵਜੋਂ ਇਹ ਮੰਗ ਕੀਤੀ ਹੈ।
ਇਹ ਰਿਪੋਰਟ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਰਤ-ਅਮਰੀਕਾ ਸੰਬੰਧਾਂ ਬਾਰੇ ਸਕਾਰਾਤਮਕ ਨਜ਼ਰੀਏ ਦਾ ਆਦਾਨ-ਪ੍ਰਦਾਨ ਕਰਨ ਅਤੇ ਵਪਾਰ ਸਮਝੌਤੇ ਉਤੇ ਮੋਹਰ ਲਗਾਉਣ ਦੀਆਂ ਚੱਲ ਰਹੀਆਂ ਕੋਸ਼ਿਸ਼ਾਂ ਦਾ ਹਵਾਲਾ ਦੇਣ ਤੋਂ ਤੁਰਤ ਬਾਅਦ ਆਈ ਹੈ।
ਰੀਪੋਰਟ ਵਿਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਨੇ ਮੰਗਲਵਾਰ ਨੂੰ ਵਾਸ਼ਿੰਗਟਨ ਵਿਚ ਇਕੱਠੇ ਹੋਏ ਅਮਰੀਕਾ ਅਤੇ ਯੂਰਪੀਅਨ ਯੂਨੀਅਨ ਦੇ ਸੀਨੀਅਰ ਅਧਿਕਾਰੀਆਂ ਵਿਚਾਲੇ ਇਕ ਬੈਠਕ ਵਿਚ ਗੱਲਬਾਤ ਕਰਨ ਤੋਂ ਬਾਅਦ ਇਹ ਅਸਾਧਾਰਣ ਮੰਗ ਕੀਤੀ।
ਅਖ਼ਬਾਰ ਨੇ ਇਕ ਅਮਰੀਕੀ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਵਾਸ਼ਿੰਗਟਨ ਯੂਰਪੀਅਨ ਯੂਨੀਅਨ ਵਲੋਂ ਚੀਨ ਅਤੇ ਭਾਰਤ ਉਤੇ ਲਗਾਏ ਗਏ ਕਿਸੇ ਵੀ ਟੈਰਿਫ ਨੂੰ ‘ਦੁਹਰਾਉਣ’ ਲਈ ਤਿਆਰ ਹੈ। ਟਰੰਪ ਵਲੋਂ ਪਹਿਲਾਂ ਹੀ ਭਾਰਤੀ ਸਾਮਾਨ ਉਤੇ ਟੈਰਿਫ ਦੁੱਗਣਾ ਕਰ ਕੇ 50 ਫੀ ਸਦੀ ਕਰ ਦਿਤਾ ਹੈ, ਜਿਸ ’ਚ ਰੂਸ ਦੇ ਕੱਚੇ ਤੇਲ ਦੀ ਖਰੀਦ ਉਤੇ 25 ਫੀ ਸਦੀ ਵਾਧੂ ਡਿਊਟੀ ਵੀ ਸ਼ਾਮਲ ਹੈ। ਭਾਰਤ ਨੇ ਅਮਰੀਕਾ ਦੀ ਕਾਰਵਾਈ ਨੂੰ ‘ਅਣਉਚਿਤ ਅਤੇ ਗੈਰ-ਵਾਜਬ’ ਕਰਾਰ ਦਿਤਾ।