
2 ਸਤੰਬਰ ਨੂੰ ਗੁਜਰਾਤ ਦੇ ਪੋਰਬੰਦਰ ਨੇੜੇ ਅਰਬ ਸਾਗਰ ’ਚ ਏਐਲਐਚ ਐਮਕੇ-3 ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਸੀ
Coast Guard chopper crash : ਭਾਰਤੀ ਤੱਟ ਰੱਖਿਅਕ ਹੈਲੀਕਾਪਟਰ ਦੇ ਲਾਪਤਾ ਹੋਣ ਦੇ ਇਕ ਮਹੀਨੇ ਤੋਂ ਵੱਧ ਸਮੇਂ ਬਾਅਦ ਗੁਜਰਾਤ ਤੱਟ ਨੇੜੇ ਅਰਬ ਸਾਗਰ ਵਿਚ ਲਾਪਤਾ ਭਾਰਤੀ ਤੱਟ ਰੱਖਿਅਕ ਪਾਇਲਟ ਦੀ ਲਾਸ਼ ਮਿਲੀ ਹੈ। ਅਧਿਕਾਰੀਆਂ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ।
ਜ਼ਿਕਰਯੋਗ ਹੈ ਕਿ 2 ਸਤੰਬਰ ਨੂੰ ਗੁਜਰਾਤ ਦੇ ਪੋਰਬੰਦਰ ਨੇੜੇ ਅਰਬ ਸਾਗਰ ’ਚ ਏਐਲਐਚ ਐਮਕੇ-3 ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਸੀ, ਜਿਸ ਕਾਰਨ ਚਾਲਕ ਦਲ ਦੇ ਤਿੰਨ ਮੈਂਬਰ ਲਾਪਤਾ ਹੋ ਗਏ ਸਨ। ਹਾਲਾਂਕਿ ਚਾਲਕ ਦਲ ਦੇ ਦੋ ਮੈਂਬਰਾਂ ਦੀਆਂ ਲਾਸ਼ਾਂ ਬਾਅਦ ’ਚ ਮਿਲੀਆਂ ਸਨ, ਪਰ ਇਸ ਮਿਸ਼ਨ ਦੇ ਪਾਇਲਟ ਰਾਕੇਸ਼ ਕੁਮਾਰ ਰਾਣਾ ਦੀ ਭਾਲ ਜਾਰੀ ਸੀ।
ਕੋਸਟ ਗਾਰਡ ਨੇ ਇਕ ਅਧਿਕਾਰਤ ਬਿਆਨ ’ਚ ਕਿਹਾ ਕਿ ਰਾਣਾ ਦੀ ਲਾਸ਼ 10 ਅਕਤੂਬਰ ਨੂੰ ਪੋਰਬੰਦਰ ਤੋਂ ਕਰੀਬ 55 ਕਿਲੋਮੀਟਰ ਦੱਖਣ-ਪੱਛਮ ’ਚ ਸਮੁੰਦਰ ’ਚੋਂ ਮਿਲੀ ਸੀ। ਇਕ ਬਿਆਨ ਅਨੁਸਾਰ ਉਨ੍ਹਾਂ ਦੀ ਮ੍ਰਿਤਕ ਦੇਹ ਦਾ ਸੇਵਾ ਪਰੰਪਰਾਵਾਂ ਅਤੇ ਸਨਮਾਨਾਂ ਅਨੁਸਾਰ ਅੰਤਿਮ ਸੰਸਕਾਰ ਕੀਤਾ ਜਾਵੇਗਾ। ਭਾਰਤੀ ਤੱਟ ਰੱਖਿਅਕ ਬਲ ਦੇ ਤਿੰਨ ਬਹਾਦਰ ਫ਼ੌਜੀਆਂ ਨੂੰ ਸਲਾਮ, ਜਿਨ੍ਹਾਂ ਨੇ ਡਿਊਟੀ ਨਿਭਾਉਂਦੇ ਹੋਏ ਅਪਣੀਆਂ ਜਾਨਾਂ ਕੁਰਬਾਨ ਕਰ ਦਿਤੀਆਂ।
ਭਾਰਤੀ ਤੱਟ ਰੱਖਿਅਕ ਬਲ ਦਾ ਇਕ ਐਡਵਾਂਸਡ ਲਾਈਟ ਹੈਲੀਕਾਪਟਰ 2 ਸਤੰਬਰ ਦੀ ਰਾਤ ਨੂੰ ਅਰਬ ਸਾਗਰ ਵਿਚ ਉਸ ਸਮੇਂ ਹਾਦਸਾਗ੍ਰਸਤ ਹੋ ਗਿਆ ਸੀ ਜਦੋਂ ਉਹ ਮੋਟਰ ਟੈਂਕਰ ‘ਹਰੀ ਲੀਲਾ’ ’ਤੇ ਸਵਾਰ ਚਾਲਕ ਦਲ ਦੇ ਇਕ ਜ਼ਖਮੀ ਮੈਂਬਰ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਹਾਜ਼ ’ਚ ਚਾਲਕ ਦਲ ਦੇ ਚਾਰ ਮੈਂਬਰ ਸਵਾਰ ਸਨ।
ਹੈਲੀਕਾਪਟਰ ’ਤੇ ਸਵਾਰ ਚਾਲਕ ਦਲ ਦੇ ਚਾਰ ਮੈਂਬਰਾਂ ਵਿਚੋਂ ਇਕ ਗੋਤਾਖੋਰ ਗੌਤਮ ਕੁਮਾਰ ਨੂੰ ਤੁਰਤ ਬਚਾ ਲਿਆ ਗਿਆ, ਜਦਕਿ ਬਾਕੀ ਤਿੰਨ ਲਾਪਤਾ ਹੋ ਗਏ। ਪਾਇਲਟ ਵਿਪਿਨ ਬਾਬੂ ਅਤੇ ਗੋਤਾਖੋਰ ਕਰਨ ਸਿੰਘ ਦੀਆਂ ਲਾਸ਼ਾਂ ਇਕ ਦਿਨ ਬਾਅਦ ਮਿਲੀਆਂ ਸਨ ਪਰ ਰਾਣਾ ਨਹੀਂ ਲੱਭ ਸਕਿਆ। ਇਸ ਤੋਂ ਬਾਅਦ ਵੱਡੇ ਪੱਧਰ ’ਤੇ ਤਲਾਸ਼ੀ ਮੁਹਿੰਮ ਚਲਾਈ ਗਈ।