ਜਾਂਚ ’ਚ ਪੂਰਾ ਸਹਿਯੋਗ ਕਰਨ ਦੀ ਸਲਾਹ ਦਿਤੀ
ਨਵੀਂ ਦਿੱਲੀ : ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੂੰ ਸ਼ੁਕਰਵਾਰ ਨੂੰ ਰਸਮੀ ਤੌਰ ’ਤੇ ਸਿਵਲ ਲਾਈਨਜ਼ ਸਥਿਤ 6, ਫਲੈਗਸਟਾਫ ਰੋਡ ਬੰਗਲਾ ਅਲਾਟ ਕਰ ਦਿਤਾ ਗਿਆ ਹੈ। ਦੋ ਦਿਨ ਪਹਿਲਾਂ ਆਤਿਸ਼ੀ ਨੂੰ ਕਥਿਤ ਤੌਰ ’ਤੇ ਬੰਗਲਾ ਖਾਲੀ ਕਰਨ ਲਈ ਮਜਬੂਰ ਕੀਤਾ ਗਿਆ ਸੀ।
ਅਧਿਕਾਰੀਆਂ ਨੇ ਦਸਿਆ ਕਿ ਸਿਵਲ ਲਾਈਨਜ਼ ਸਥਿਤ ਬੰਗਲਾ ਰਸਮੀ ਤੌਰ ’ਤੇ ਆਤਿਸ਼ੀ ਨੂੰ ਸੌਂਪਣ ਅਤੇ ਸਾਮਾਨ ਦੀ ਸੂਚੀ ਤਿਆਰ ਕਰਨ ਦੀ ਪ੍ਰਕਿਰਿਆ ਤੋਂ ਬਾਅਦ ਅਲਾਟ ਕੀਤਾ ਗਿਆ ਸੀ।
ਲੋਕ ਨਿਰਮਾਣ ਵਿਭਾਗ (ਪੀ.ਡਬਲਯੂ.ਡੀ.) ਵਲੋਂ ਜਾਰੀ ਪ੍ਰਸਤਾਵ ਪੱਤਰ ’ਚ ਕਿਹਾ ਗਿਆ ਹੈ ਕਿ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਅਤੇ ਹੋਰ ਏਜੰਸੀਆਂ ਵੱਖ-ਵੱਖ ਉਲੰਘਣਾਵਾਂ ਲਈ ਬੰਗਲੇ ਦੀ ਜਾਂਚ ਕਰ ਰਹੀਆਂ ਹਨ, ਇਸ ਲਈ ਅਲਾਟੀ ਨੂੰ ਜਾਂਚ ’ਚ ਪੂਰਾ ਸਹਿਯੋਗ ਕਰਨ ਦੀ ਸਲਾਹ ਦਿਤੀ ਜਾਂਦੀ ਹੈ।
ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਇਸ ਮਹੀਨੇ ਦੇ ਸ਼ੁਰੂ ’ਚ ਇਸ ਬੰਗਲੇ ਨੂੰ ਖਾਲੀ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ (ਆਪ), ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਉਪ ਰਾਜਪਾਲ ਦੇ ਦਫਤਰ ਵਿਚਾਲੇ ਵਿਵਾਦ ਦਾ ਕੇਂਦਰ ਬਣਿਆ ਹੋਇਆ ਸੀ।
ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਵਜੋਂ ਨੌਂ ਸਾਲ ਇਸ ਬੰਗਲੇ ’ਚ ਰਹੇ ਸਨ। ਭਾਜਪਾ ਨੇ ਬੰਗਲੇ ਦੇ ਨਵੀਨੀਕਰਨ ’ਚ ਕਥਿਤ ਬੇਨਿਯਮੀਆਂ ਅਤੇ ਮਹਿੰਗੇ ਸਾਮਾਨ ਨੂੰ ਲੈ ਕੇ ਕੇਜਰੀਵਾਲ ’ਤੇ ਨਿਸ਼ਾਨਾ ਸਾਧਦੇ ਹੋਏ ਇਸ ਨੂੰ ‘ਸ਼ੀਸ਼ ਮਹਿਲ’ ਕਰਾਰ ਦਿਤਾ ਸੀ।
ਲੋਕ ਨਿਰਮਾਣ ਵਿਭਾਗ ਦੇ ਪ੍ਰਸਤਾਵ ਚਿੱਠੀ ’ਚ ਕਿਹਾ ਗਿਆ ਹੈ ਕਿ ਇਹ ਬੰਗਲਾ ਮੁੱਖ ਮੰਤਰੀ ਆਤਿਸ਼ੀ ਨੂੰ ਦਿੱਲੀ ਪ੍ਰਸ਼ਾਸਨ ਅਲਾਟਮੈਂਟ ਆਫ ਗਵਰਨਮੈਂਟ ਆਫ ਗਵਰਨਮੈਂਟ (ਜਨਰਲ ਪੂਲ) ਰੂਲਜ਼, 1977 ਦੇ ਪ੍ਰਬੰਧਾਂ ਅਨੁਸਾਰ ਅਲਾਟ ਕੀਤਾ ਗਿਆ ਹੈ।
ਚਿੱਠੀ ’ਚ ਆਤਿਸ਼ੀ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਅੱਠ ਦਿਨਾਂ ਦੇ ਅੰਦਰ ਪਰਵਾਰਕ ਫੋਟੋ ਦੀਆਂ ਤਿੰਨ ਕਾਪੀਆਂ ਦੇ ਨਾਲ ਇਕ ਮਨਜ਼ੂਰੀ ਪੱਤਰ ਜਮ੍ਹਾ ਕਰੇ, ਜਿਸ ਤੋਂ ਬਾਅਦ ਉਸ ਨੂੰ ਬੰਗਲੇ ’ਚ ਰਹਿਣ ਲਈ ਲੋਕ ਨਿਰਮਾਣ ਵਿਭਾਗ ਤੋਂ ‘ਅਥਾਰਟੀ ਸਲਿੱਪ’ ਦਿਤੀ ਜਾਵੇਗੀ।
ਚਿੱਠੀ ’ਚ ਕਿਹਾ ਗਿਆ ਹੈ, ‘‘ਨਿਰਧਾਰਤ ਸਮੇਂ ਦੇ ਅੰਦਰ ਅਲਾਟ ਕੀਤੇ ਬੰਗਲੇ ਦਾ ਕਬਜ਼ਾ ਲੈਣ ’ਚ ਅਸਫਲ ਰਹਿਣ ’ਤੇ ਅਲਾਟਮੈਂਟ ਰੱਦ ਮੰਨਿਆ ਜਾਵੇਗਾ।’’ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਜੇਕਰ ਅਲਾਟੀ ਕੋਲ ਕੋਈ ਹੋਰ ਸਰਕਾਰੀ ਬੰਗਲਾ ਹੈ ਤਾਂ ਉਸ ਨੂੰ 6, ਫਲੈਗਸਟਾਫ ਰੋਡ ਬੰਗਲੇ ਦਾ ਕਬਜ਼ਾ ਲੈਣ ਦੇ 15 ਦਿਨਾਂ ਦੇ ਅੰਦਰ ਖਾਲੀ ਕਰਨਾ ਹੋਵੇਗਾ। ਆਤਿਸ਼ੀ ਨੂੰ ਪਿਛਲੇ ਸਾਲ ਦਿੱਲੀ ਸਰਕਾਰ ’ਚ ਮੰਤਰੀ ਬਣਾਏ ਜਾਣ ਤੋਂ ਬਾਅਦ ਮਥੁਰਾ ਰੋਡ ’ਤੇ ਏ.ਬੀ.-17 ਬੰਗਲਾ ਅਲਾਟ ਕੀਤਾ ਗਿਆ ਸੀ।