
ਇਹਨਾਂ 'ਚੋਂ 2 ਸ਼ੂਟਰ ਰੋਹਤਕ ਅਤੇ 1 ਭਿਵਾਨੀ ਦਾ ਰਹਿਣ ਵਾਲਾ ਹੈ।
ਨਵੀਂ ਦਿੱਲੀ: ਬੇਅਦਬੀ ਮਾਮਲੇ ਵਿਚ ਨਾਮਜ਼ਦ ਡੇਰਾ ਪ੍ਰੇਮੀ ਪ੍ਰਦੀਪ ਦੇ ਕਤਲ ਮਾਮਲੇ ਵਿਚ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ 6 ਸ਼ੂਟਰਾਂ ਵਿਚੋਂ 3 ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਦਾ ਇਹਨਾਂ ਸ਼ੂਟਰਾਂ ਨਾਲ ਮੁਕਾਬਲਾ ਵੀ ਹੋਇਆ। ਇਹਨਾਂ ਨੂੰ ਪਟਿਆਲਾ ਦੇ ਪਿੰਡ ਬਖਸ਼ੀਵਾਲਾ ਤੋਂ ਫੜਿਆ ਗਿਆ। ਇਹਨਾਂ 'ਚੋਂ 2 ਸ਼ੂਟਰ ਰੋਹਤਕ ਅਤੇ 1 ਭਿਵਾਨੀ ਦਾ ਰਹਿਣ ਵਾਲਾ ਹੈ।
ਮਿਲੀ ਜਾਣਕਾਰੀ ਮੁਤਾਬਕ ਗ੍ਰਿਫਤਾਰ ਕੀਤੇ ਗਏ ਸ਼ੂਟਰਾਂ 'ਚੋਂ ਦੋ ਨਾਬਾਲਗ ਹਨ। ਤੀਜੇ ਸ਼ੂਟਰ ਦੀ ਪਛਾਣ 26 ਸਾਲਾ ਜਤਿੰਦਰ ਵਜੋਂ ਹੋਈ ਹੈ। ਪੁਲਿਸ ਦਾ ਦਾਅਵਾ ਹੈ ਕਿ ਇਹਨਾਂ ਸ਼ੂਟਰਾਂ ਨੇ ਪ੍ਰਦੀਪ ’ਤੇ 60 ਰਾਊਂਡ ਫਾਇਰ ਕੀਤੇ ਹਨ। 6 ਹਮਲਾਵਰਾਂ ਵਿਚੋਂ 4 ਹਰਿਆਣਾ ਅਤੇ 2 ਪੰਜਾਬ ਨਾਲ ਸਬੰਧਤ ਹਨ।
ਦਿੱਲੀ ਪੁਲਿਸ ਅਨੁਸਾਰ ਇਹਨਾਂ ਵੱਖ-ਵੱਖ ਮਾਡਿਊਲਾਂ ਦਾ ਕੈਨੇਡਾ ਅਧਾਰਤ ਗੋਲਡੀ ਬਰਾੜ, ਹਰਵਿੰਦਰ ਸਿੰਘ ਉਰਫ਼ ਰਿੰਦਾ ਅਤੇ ਜੇਲ੍ਹ ਵਿਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਸਬੰਧ ਹੈ। ਦੱਸ ਦੇਈਏ ਕਿ ਗੈਂਗਸਟਰ ਗੋਲਡੀ ਬਰਾੜ ਨੇ ਪਹਿਲਾਂ ਹੀ ਆਪਣੇ ਫੇਸਬੁੱਕ ਪੇਜ 'ਤੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ। ਦੂਜੇ ਪਾਸੇ ਪਰਿਵਾਰ ਨੇ ਪ੍ਰਦੀਪ ਦਾ ਅੰਤਿਮ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਪਰਿਵਾਰ ਨੇ ਇਨਸਾਫ਼ ਮਿਲਣ ਤੱਕ ਸਸਕਾਰ ਨਾ ਕਰਨ ਦੀ ਗੱਲ ਕਹੀ ਹੈ।