
ਐਤਵਾਰ ਨੂੰ ਫਰਾਂਸ ਦੀ ਸਰਕਾਰ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਉਨ੍ਹਾਂ ਦੇ ਦੇਸ਼ ਦੀ ਰਾਜਨੀਤੀ 'ਚ ਦਖ਼ਲ ਨਾ ਦੇਣ ਦੀ ਅਪੀਲ ਕੀਤੀ....
ਪੈਰਿਸ, 11 ਦਸੰਬਰ : ਐਤਵਾਰ ਨੂੰ ਫਰਾਂਸ ਦੀ ਸਰਕਾਰ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਉਨ੍ਹਾਂ ਦੇ ਦੇਸ਼ ਦੀ ਰਾਜਨੀਤੀ 'ਚ ਦਖ਼ਲ ਨਾ ਦੇਣ ਦੀ ਅਪੀਲ ਕੀਤੀ। ਅਮਰੀਕੀ ਰਾਸ਼ਟਰਪਤੀ ਨੇ ਫਰਾਂਸ 'ਚ ਚੱਲ ਰਹੇ ਪ੍ਰਦਰਸ਼ਨਾਂ 'ਤੇ ਟਿੱਪਣੀ ਕੀਤੀ ਸੀ ਅਤੇ ਪੈਰਿਸ ਜਲਵਾਯੂ ਸਮਝੌਤੇ 'ਤੇ ਨਿਸ਼ਾਨਾ ਵਿੰਨ੍ਹਿਆ ਸੀ, ਜਿਸ ਮਗਰੋਂ ਫਰਾਂਸ ਵਲੋਂ ਇਹ ਟਿੱਪਣੀ ਸਾਹਮਣੇ ਆਈ ਹੈ। ਫਰਾਂਸ ਦੇ ਵਿਦੇਸ਼ ਮੰਤਰੀ ਜੀਨ ਯੇਵਸ ਲੀ ਡ੍ਰਾਐਨ ਨੇ ਕਿਹਾ ਕਿ ਅਸੀਂ ਅਮਰੀਕਾ ਦੀ ਘਰੇਲੂ ਰਾਜਨੀਤੀ 'ਚ ਦਖ਼ਲ ਨਹੀਂ ਦਿੰਦੇ ਅਤੇ ਅਜਿਹਾ ਹੀ ਆਪਣੇ ਦੇਸ਼ ਲਈ ਚਾਹੁੰਦੇ ਹਾਂ।
ਉਨ੍ਹਾਂ ਸਖਤ ਸ਼ਬਦਾਂ 'ਚ ਕਿਹਾ ਕਿ ਮੈਂ ਡੋਨਾਲਡ ਟਰੰਪ ਨੂੰ ਇਹ ਕਹਿੰਦਾ ਹਾਂ ਅਤੇ ਫਰਾਂਸੀਸੀ ਰਾਸ਼ਟਰਪਤੀ ਵੀ ਇਹ ਹੀ ਕਹਿੰਦੇ ਹਨ ''ਸਾਡੇ ਦੇਸ਼ 'ਚ ਦਖਲ ਨਾ ਦਿਓ।'' ਟਰੰਪ ਨੇ ਫਰਾਂਸ 'ਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦਾ ਜ਼ਿਕਰ ਕਰਦੇ ਹੋਏ ਦੋ ਟਵੀਟ ਕੀਤੇ ਸਨ। ਟਰੰਪ ਨੇ ਲਿਖਿਆ ਪੈਰਿਸ 'ਚ ਬਹੁਤ ਹੀ ਦੁਖੀ ਦਿਨ ਅਤੇ ਰਾਤ ਹਨ। ਸ਼ਾਇਦ ਇਹ ਬਹੁਤ ਖਰਚੀਲੇ ਸਮਝੌਤੇ ਨੂੰ ਖਤਮ ਕਰਨ ਅਤੇ ਘੱਟ ਟੈਕਸਾਂ ਦੇ ਰੂਪ 'ਚ ਲੋਕਾਂ ਦੀ ਜੇਬ ਚ ਵਾਪਸ ਪੈਸੇ ਪਾਉਣ ਦਾ ਸਮਾਂ ਹੈ।ਇਸ ਤੋਂ ਪਹਿਲਾਂ ਟਰੰਪ ਨੇ ਕਿਹਾ ਸੀ ਕਿ ਪੈਰਿਸ ਸਮਝੌਤਾ ਪੈਰਿਸ ਲਈ ਸਹੀ ਕੰਮ ਨਹੀਂ ਕਰ ਰਿਹਾ ਹੈ। ਪੂਰੇ ਫਰਾਂਸ 'ਚ ਪ੍ਰਦਰਸ਼ਨ ਅਤੇ ਦੰਗੇ ਹੋ ਰਹੇ ਹਨ।