
ਪੰਜਾਬੀਆਂ ਦੇ ਦੇਸ਼ ਦੀ ਆਜ਼ਾਦੀ 'ਚ ਯੋਗਦਾਨ ਦਾ ਜ਼ਿਕਰ ਕਰਦਿਆਂ ਭਾਜਪਾ ਵੱਲ ਸਾਧੇ ਨਿਸ਼ਾਨੇ
ਨਵੀਂ ਦਿੱਲੀ (ਨਿਮਰਤ ਕੌਰ) : ਦਿੱਲੀ ਵਿਖੇ ਚੱਲ ਰਹੇ ਕਿਸਾਨੀ ਧਰਨੇ ’ਚ ਦੇਸ਼ ਭਰ ਦੇ ਕਿਸਾਨਾਂ ਦੇ ਆਉਣਾ ਜਾਰੀ ਹੈ। ਕੇਂਦਰ ਸਰਕਾਰ ਦੇ ਨੁਮਾਇੰਦਿਆਂ ਵਲੋਂ ਸੰਘਰਸ਼ੀ ਧਿਰਾਂ ਨੂੰ ਖਾਲਿਸਤਾਨੀ, ਵੱਖਵਾਦੀ ਅਤੇ ਗੁਆਢੀ ਦੇਸ਼ਾਂ ਦੀ ਸ਼ਹਿ ਪ੍ਰਾਪਤ ਕਹਿਣ ਕਾਰਨ ਲੋਕਾਂ ’ਚ ਭਾਰੀ ਪਾਇਆ ਜਾ ਰਿਹਾ ਹੈ। ਦਿੱਲੀ ਦੀਆਂ ਬਰੂਹਾਂ ’ਚ ਬੈਠੇ ਕਿਸਾਨਾਂ ਦੀ ਹੌਂਸਲਾ ਅਫ਼ਜਾਈ ਲਈ ਪਹੁੰਚ ਰਹੇ ਵੱਖ-ਵੱਖ ਵਰਗਾਂ ਦੇ ਲੋਕ ਸੱਤਾਧਾਰੀ ਧਿਰ ਖਿਲਾਫ਼ ਰੱਜ ਦੇ ਭੜਾਸ ਕੱਢ ਰਹੇ ਹਨ।
Delhi Dharna
ਇਸੇ ਦੌਰਾਨ ਬਿਹਾਰ ਤੋਂ ਆਏ ਇਕ ਕਿਸਾਨ ਨੇ ਇਤਿਹਾਸ ’ਚੋਂ ਦਲੀਲਾਂ ਦਿੰਦਿਆਂ ਨੈਸ਼ਨਲ ਮੀਡੀਆ ਸਮੇਤ ਕਿਸਾਨੀ ਸੰਘਰਸ਼ ’ਤੇ ਚਿੱਕੜ ਸੁੱਟਣ ਦੀ ਕੋਸ਼ਿਸ਼ ’ਚ ਲੱਗੀਆਂ ਧਿਰਾਂ ਖਿਲਾਫ਼ ਰੱਜ ਕੇ ਭੜਾਸ ਕੱਢੀ। ਹੱਕ ਮੰਗਦੇ ਲੋਕਾਂ ਨੂੰ ਖਾਲਿਸਤਾਨੀ ਅਤੇ ਵੱਖਵਾਦੀ ਕਹਿਣ ਵਾਲਿਆਂ ਨੂੰ ਲਲਕਾਰਿਆਂ ਇਸ ਕਿਸਾਨ ਨੇ ਕਿਹਾ ਕਿ ਜਿਨ੍ਹਾਂ ਨੂੰ ਅੱਜ ਖਾਲਿਸਤਾਨੀ ਅਤੇ ਵੱਖਵਾਦੀ ਕਿਹਾ ਜਾ ਰਿਹਾ ਹੈ, ਉਨ੍ਹਾਂ ਦੀ ਬਦੌਲਤ ਹੀ ਦੇਸ਼ ਦੀ ਆਨ-ਸ਼ਾਨ ਕਾਇਮ ਹੈ।
Delhi Dharna
ਇਤਿਹਾਸ ’ਚੋਂ ਉਦਾਹਰਨਾਂ ਦਿੰਦਿਆਂ ਖੁਦ ਨੂੰ ਹਿੰਦੂ ਧਰਮ ਦੇ ਕਰਤਾ-ਧਰਤਾ ਕਹਿਣ ਵਾਲੀਆਂ ਧਿਰਾਂ ਨੂੰ ਕਟਹਿਰੇ ’ਚ ਖੜ੍ਹਾ ਕਰਦਿਆਂ ਉਸ ਨੇ ਕਿਹਾ ਕਿ ਸਰਕੂਲਰ ਜੇਲ੍ਹ ਵਿਚ 80 ਹਜ਼ਾਰ ਵਿਅਕਤੀ ਬੰਦ ਸਨ ਜਿਨ੍ਹਾਂ ’ਚੋਂ ਇਕ ਸਾਰਵਰਕਰ ਹੀ ਸੀ ਜਿਸ ਨੇ ਚਿੱਠੀ ਲਿਖੀ ਸੀ। ਸਾਰਵਰਕਰ ਨੂੰ ਉਸ ਵੇਲੇ 60 ਰੁਪਏ ਪੈਨਸ਼ਨ ਮਿਲਦੀ ਸੀ ਜੋ ਅੱਜ ਦਾ 6 ਲੱਖ ਰੁਪਏ ਬਣਦਾ ਹੈ। ਇਹ ਪੈਨਸ਼ਨ ਉਸ ਨੂੰ ਕਿਸ ਗੱਲ ਦੀ ਮਿਲਦੀ ਸੀ? ਅੱਜ ਖੁਦ ਨੂੰ ਦੇਸ਼ ਭਗਤ ਸਾਬਤ ਕਰਨ ’ਚ ਲੱਗੇ ਲੋਕ ਉਸੇ ਦੀ ਸੰਤਾਨ ਹਨ। ਇਸੇ ਤਰ੍ਹਾਂ ਦੇਸ਼ ਦੀ ਆਜ਼ਾਦੀ ਵਿਚ ਵੀ ਪੰਜਾਬੀਆਂ ਨੇ ਵੱਡੀਆਂ ਕੁਰਬਾਨੀਆਂ ਦਿਤੀਆਂ ਜਦਕਿ ਇਨ੍ਹਾਂ ਦੇ ਵਡੇਰੇ ਅੰਗਰੇਜ਼ਾਂ ਨਾਲ ਸਾਂਝ-ਭਿਆਲੀ ਪਾਲਦੇ ਰਹੇ ਹਨ।
Delhi Dharna
ਖੇਤੀ ਕਾਨੂੰਨਾਂ ਨੂੰ ਵਾਪਸ ਨਾ ਕਰਨ ਪਿਛੇ ਸਰਕਾਰ ਦੀ ਮਜਬੂਰੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਨੇ ਅਡਾਨੀਆਂ, ਅੰਬਾਨੀਆਂ ਤੋਂ ਪਾਰਟੀ ਫ਼ੰਡ ਲੈ ਕੇ ਦੇਸ਼ ਭਰ ’ਚ ਹਜ਼ਾਰਾਂ ਆਲੀਸ਼ਾਨ ਪਾਰਟੀ ਦਫ਼ਤਰ ਕਾਇਮ ਕੀਤੇ ਹਨ। ਭਾਜਪਾ ਨੂੰ ਕਾਰਪੋਰੇਟਾਂ ’ਚੋਂ ਪਾਰਟੀ ਫ਼ੰਡ ਦੇ ਨਾਮ ’ਤੇ ਹਿੱਸਾ ਮਿਲਦਾ ਹੈ, ਜਿਸ ਦੇ ਇਵਜ਼ ’ਚ ਇਹ ਸਰਕਾਰੀ ਸੰਪਤੀਆਂ ਨੂੰ ਕਾਰਪੋਰੇਟਾਂ ਅੱਗੇ ਗਿਰਵੀ ਰੱਖ ਰਹੇ ਹਨ। ਖੇਤੀ ਕਾਨੂੰਨ ਵੀ ਕਾਰਪੋਰੇਟਾਂ ਨਾਲ ਯਾਰੀ ਪੁਗਾਉਣ ਲਈ ਲਿਆਂਦੇ ਗਏ ਹਨ।
Delhi Dharna
ਕਿਸਾਨਾਂ ਦੇ ਖ਼ਾਤਿਆਂ ’ਚ ਸਰਕਾਰ ਵਲੋਂ ਸਾਲ ਦੇ 6000 ਹਜ਼ਾਰ ਪਾਉਣ ਸਬੰਧੀ ਉਨ੍ਹਾਂ ਕਿਹਾ ਕਿ ਸਰਕਾਰ ਇਸ ਦਾ ਢੰਡੋਰਾ ਪਿੱਟ ਰਹੀ ਹੈ ਕਿ ਅਸੀਂ ਕਿਸਾਨਾਂ ਦੇ ਖਾਤੇ ’ਚ ਪੈਸੇ ਪਾ ਕੇ ਬੜਾ ਵੱਡਾ ਕੰਮ ਕੀਤਾ ਹੈ ਜਦਕਿ ਇਹ ਮਾਤਰ 16 ਰੁਪਏ ਦਿਹਾੜੀ ਦਾ ਬਣਦਾ ਹੈ। 16 ਰੁਪਏ ਦਿਹਾੜੀ ਨਾਲ ਤਾਂ ਘਰ ਦੀ ਸਬਜ਼ੀ ਵੀ ਨਹੀਂ ਆਉਂਦੀ। ਦੂਜੇ ਪਾਸੇ ਇਨ੍ਹਾਂ ਨੇ ਅਪਣੀਆਂ ਤਨਖ਼ਾਹਾਂ ’ਚ ਅਥਾਹ ਵਾਧਾ ਕੀਤਾ ਹੈ। ਇਕ ਵਾਰ ਵਿਧਾਇਕ ਜਾਂ ਲੋਕ ਸਭਾ ਮੈਂਬਰ ਬਣਨ ਬਾਅਦ ਉਮਰ ਭਰ ਲਈ ਪੈਨਸ਼ਨ ਤੋਂ ਇਲਾਵਾ ਹੋਰ ਸਹੂਲਤਾਂ ਮਿਲਣ ਲੱਗ ਜਾਂਦੀਆਂ ਹਨ ਜਦਕਿ ਕਿਸਾਨਾਂ ਨੂੰ 16 ਰੁਪਏ ਦਿਹਾੜੀ ਦੇ ਕੇ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ।
Delhi Dharna
ਬਿਹਾਰ ’ਚ ਭਾਜਪਾ ਦੀ ਜਿੱਤ ਨੂੰ ਏਵੀਐਮ ਦੀ ਖੇਡ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਜਿੰਨੀ ਦੇਰ ਤਕ ਏਵੀਐਮ ਹੈ, ਭਾਜਪਾ ਸੱਤਾ ’ਚ ਰਹੇਗੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਏਵੀਐਮ ਦੀ ਕਾਂਡ ਕੱਢੀ ਸੀ ਜਦੋਂ ਉਹ ਇਸ ਨੂੰ ਛੱਡ ਚੁੱਕੇ ਹਨ, ਫਿਰ ਭਾਰਤ ਵਿਚ ਇਸ ਨੂੰ ਕਿਉਂ ਅਪਨਾਇਆ ਗਿਆ ਹੈ। ਵੱਖ-ਵੱਖ ਮੁੱਦਿਆਂ ’ਤੇ ਪੁਛੇ ਸਵਾਲਾਂ ਦੇ ਬੇਬਾਕੀ ਨਾਲ ਜਵਾਬ ਦਿੰਦਿਆਂ ਭਾਜਪਾ ਖਿਲਾਫ਼ ਰੱਜ ਕੇ ਭੜਾਸ ਕੱਢੀ। ਬਿਹਾਰ ਤੋਂ ਆਏ ਇਸ ਕਿਸਾਨ ਨੇ ਮੌਜੂਦਾ ਖੇਤੀ ਕਾਨੂੰਨਾਂ ਦੀਆਂ ਕਮੀਆਂ ਦੀ ਲੰਮੀ ਲਿਸਟ ਪੱਤਰਕਾਰਾਂ ਸਾਹਮਣੇ ਰਖਦਿਆਂ ਇਸ ਨੂੰ ਕਿਸਾਨਾਂ ਦੀ ਮੌਤ ਦਾ ਵਾਰੰਟ ਕਰਾਰ ਦਿਤਾ।