
ਬੀਤੇ ਦਿਨੀਂ ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਚੋਂ ਤਿੰਨ ਜਵਾਨਾਂ ਦੇ ਸ਼ਹੀਦ ਹੋਣ ਦੀ ਖ਼ਬਰ....
ਹਿਮਾਚਲ ਪ੍ਰਦੇਸ਼- ਬੀਤੇ ਦਿਨੀਂ ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਚੋਂ ਤਿੰਨ ਜਵਾਨਾਂ ਦੇ ਸ਼ਹੀਦ ਹੋਣ ਦੀ ਖ਼ਬਰ ਸਾਹਮਣੇ ਆਈ ਸੀ। ਇਹ ਹਾਦਸਾ ਗਸ਼ਤ ਦੌਰਾਨ ਬਰਫੀਲੇ ਟਰੈਕ ਤੋਂ ਗੱਡੀ ਫਿਸਲਣ ਕਾਰਨ ਵਾਪਰਿਆ ਸੀ। ਗੱਡੀ ਡੂੰਘੀ ਖੱਡ ਚ ਡਿੱਗ ਗਈ ਜਿਸ ਕਾਰਨ ਉਸ ਚ ਸਵਾਰ ਤਿੰਨ ਜਵਾਨ ਸ਼ਹੀਦ ਹੌ ਗਏ ਸਨ।
ਉਨ੍ਹਾਂ ਤਿੰਨ ਜਵਾਨਾਂ ਚ ਇਕ ਨੌਜਵਾਨ ਅਮਿਤ ਸ਼ਰਮਾ ਜੋ ਹਿਮਾਚਲ ਪ੍ਰਦੇਸ਼ ਰਹਿਣ ਵਾਲਾ ਸੀ। ਉਹ ਹਾਲਾ 23 ਸਾਲਾਂ ਦਾ ਸੀ। ਨਿੱਕੀ ਉਮਰ ਚ ਸ਼ਹੀਦ ਹੋਣਾ ਮਾਪਿਆਂ ਲਰਈ ਬਹੁਤ ਵੱਡਾ ਸਦਮਾ ਹੈ। ਸ਼ਹੀਦ ਹੋਣ ਦੀ ਖ਼ਬਰ ਸੁਣ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਮੇਰਾ ਪੁੱਤ ਮੇਰੇ ਜਿਗਰ ਦਾ ਟੁਕੜਾ, ਘਰ ਦਾ ਇੱਕੋ ਇੱਕ ਰੋਟੀ ਕਮਾਉਣ ਵਾਲਾ ਸੀ, ਪਰ ਅੱਜ ਮੇਰੇ ਬੁਢਾਪੇ ਦੀ ਬੈਸਾਖੀ ਟੁੱਟ ਗਈ। ਇਹ ਦਰਦ ਸ਼ਹੀਦ ਅਮਿਤ ਦੀ ਮਾਂ ਨੇ ਪ੍ਰਗਟ ਕੀਤਾ, ਜੋ ਦਰਵਾਜ਼ੇ 'ਤੇ ਬੈਠ ਕੇ ਆਪਣੇ ਪੁੱਤ ਦੀ ਮ੍ਰਿਤਕ ਦੇਹ ਦੇ ਆਉਣ ਦੀ ਉਡੀਕ ਕਰ ਰਹੀ ਹੈ। ਦੂਜੇ ਪਾਸੇ, ਅਮਿਤ ਦੇ ਪਿਤਾ ਦਾ ਵੀ ਰੋ-ਰੋ ਕੇ ਬੁਰਾ ਹਾਲ ਹੈ। ਅਮਿਤ ਆਪਣੇ ਪਿੱਛੇ ਇੱਕ ਭੈਣ ਤੇ ਮਾਂ-ਬਾਪ ਨੂੰ ਛੱਡ ਗਿਆ।
ਸ਼ਹੀਦ ਅਮਿਤ ਦੀ ਮ੍ਰਿਤਕ ਦੇਹ ਜੱਦੀ ਪਿੰਡ ਕਦੋਂ ਪਹੁੰਚੇਗੀ, ਇਸ ਬਾਰੇ ਅਜੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅਜੇ ਤੱਕ ਜੰਮੂ-ਕਸ਼ਮੀਰ ਤੋਂ ਇਸ ਬਾਰੇ ਕੋਈ ਸੂਚਨਾ ਨਹੀਂ ਮਿਲੀ ਹੈ। ਖਰਾਬ ਮੌਸਮ ਕਾਰਨ ਇਸ 'ਚ ਦੇਰੀ ਹੋਈ ਹੈ।
ਅਮਿਤ ਦੇ ਪਿਤਾ ਵਿਜੇ ਕੁਮਾਰ ਦਾ ਕਹਿਣਾ ਹੈ ਕਿ ਅਮਿਤ ਦੇ ਦਾਦਾ ਜੀ ਦੀ 6 ਮਹੀਨੇ ਪਹਿਲਾਂ ਮੌਤ ਹੋ ਗਈ ਸੀ। ਉਸ ਦੀ ਦਾਦੀ ਦਾ ਵੀ 7 ਦਿਨ ਪਹਿਲਾਂ ਦਿਹਾਂਤ ਹੋ ਗਿਆ ਸੀ ਅਤੇ ਹੁਣ ਅਮਿਤ ਦੀ ਅਚਾਨਕ ਹੋਈ ਮੌਤ ਕਾਰਨ ਪਰਿਵਾਰ ਟੁੱਟ ਗਿਆ ਹੈ। ਅਮਿਤ ਘਰ ਦਾ ਇਕੱਲਾ ਰੋਟੀ ਕਮਾਉਣ ਵਾਲਾ ਸੀ, ਪਰ ਹੁਣ ਉਹ ਸਹਾਰਾ ਖਤਮ ਹੋ ਗਿਆ ਹੈ।