
ਵਿਸ਼ਵ ਸਿਹਤ ਸੰਗਠਨ ਦੀ ਚੀਫ ਸਾਇੰਟਿਸਟ ਦੀ ਕੇਂਦਰ ਨੂੰ ਸਲਾਹ
ਨਵੀਂ ਦਿੱਲੀ: ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੇ ਚੀਫ ਸਾਇੰਟਿਸਟ ਡਾ. ਸੌਮਿਆ ਸਵਾਮੀਨਾਥਨ ਨੇ ਕਿਹਾ ਹੈ ਕਿ ਘਾਤਕ ਕੋਰੋਨਾ ਵਾਇਰਸ ਵਿਰੁੱਧ ਲੜਾਈ ਲੰਬੀ ਚੱਲਣ ਦੀ ਸੰਭਾਵਨਾ ਹੈ। ਉਹਨਾਂ ਕਿਹਾ ਕਿ ਲੌਕਡਾਉਨ ਵਰਗੇ ਕਦਮ ਇਸ ਨੂੰ ਦੂਰ ਕਰਨ ਲਈ ਕਾਰਗਰ ਸਾਬਿਤ ਨਹੀਂ ਹੋ ਸਕਦੇ।
File Photo
ਇਸ ਵਿਚ ਹੋਰ ਜਨਤਕ ਸਿਹਤ ਉਪਾਵਾਂ ਨੂੰ ਵੀ ਸ਼ਾਮਲ ਕਰਨਾ ਪਵੇਗਾ। ਸਵਾਮੀਨਾਥਨ ਨੇ ਇਕ ਇੰਟਰਵਿਊ ਦੌਰਾਨ ਇਹ ਗੱਲ ਕਹੀ ਹੈ। ਡਾ. ਸੌਮਿਆ ਨੇ ਤੀਹ ਸਾਲਾਂ ਤੋਂ ਟੀਬੀ ਅਤੇ ਐਚਆਈਵੀ ‘ਤੇ ਖੋਜ ਦੇ ਖੇਤਰ ਵਿਚ ਕੰਮ ਕੀਤਾ। ਉਹ ਸਾਲ 2015 ਤੋਂ 2017 ਤੱਕ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਦੀ ਡਾਇਰੈਕਟਰ ਜਨਰਲ ਵੀ ਰਹੀ ਹੈ।
File Photo
ਸਵਾਮੀਨਾਥਨ ਨੇ ਕਿਹਾ ਕਿ ਇਸ ਮਹਾਂਮਾਰੀ ਨੂੰ ਕੰਟਰੋਲ ਕਰਨ ਲਈ ਅੰਕੜੇ ਬਹੁਤ ਮਹੱਤਵਪੂਰਨ ਹਨ। ਸਾਨੂੰ ਟੈਸਟਿੰਗ ਵਧਾਉਣ ਦੀ ਲੋੜ ਹੈ। ਹਾਲਾਂਕਿ ਸੱਚ ਇਹ ਹੈ ਕਿ ਟੈਸਟਿੰਗ ਕਿੱਟਾਂ ਦੀ ਘਾਟ ਕਾਰਨ, ਕਈ ਲੋਕਾਂ ਦੀ ਜਾਂਚ ਨਹੀਂ ਕੀਤੀ ਜਾ ਸਕਦੀ। ਹਾਲਾਂਕਿ ਕਈ ਦੇਸ਼ਾਂ ਵਿਚ ਸੀਰੋਲੌਜੀਕਲ ਟੈਸਟਿੰਗ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ।
File Photo
ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿੰਨੀ ਆਬਾਦੀ ਪ੍ਰਭਾਵਿਤ ਹੈ ਅਤੇ ਇਸ ਨਾਲ ਵਾਇਰਸ ਦੇ ਭੂਗੋਲਿਕ ਪ੍ਰਸਾਰ ਦੀ ਸਥਿਤੀ ਵੀ ਜਾਣੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਦੇਸ਼ ਦੇ ਹਰ ਜ਼ਿਲ੍ਹੇ ਦੇ ਲੋਕਾਂ ਦੇ ਨਮੂਨੇ ‘ਤੇ ਦੇਸ਼ ਵਿਆਪੀ ਸੀਰੋਲੌਜੀਕਲ ਸਰਵੇਖਣ ਨਾਲ ਸਾਡੇ ਕੋਲ ਭਾਰਤ ਭਰ ਵਿਚ ਇਸ ਦੇ ਪ੍ਰਸਾਰ ਦਾ ਨਕਸ਼ਾ ਹੋ ਸਕਦਾ ਹੈ।
Photo
ਉਹਨਾਂ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਦੇਸ਼ ਦੇ 250 ਤੋਂ ਵੱਧ ਜ਼ਿਲ੍ਹਿਆਂ ਵਿਚ ਕੋਰੋਨਾ ਦੇ ਮਾਮਲੇ ਪਾਏ ਗਏ ਹਨ, ਪਰ ਇਹ ਨਹੀਂ ਜਾਣਦੇ ਕਿ ਬਾਕੀ 400 ਜ਼ਿਲ੍ਹਿਆਂ ਵਿਚ ਕੋਰੋਨਾ ਦਾ ਪ੍ਰਭਾਵ ਹੈ ਜਾਂ ਨਹੀਂ ਹੈ। ਇਸ ਸੰਬੰਧੀ ਜਾਣਕਾਰੀ ਸੀਰੋਲੌਜੀਕਲ ਜਾਂਚ ਦੁਆਰਾ ਮਿਲੇਗੀ। ਇਸ ਨਾਲ ਸਮੇਂ ਸਮੇਂ ਤੇ ਇਹ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੋਰੋਨਾ ਦਾ ਪ੍ਰਕੋਪ ਕਿਵੇਂ ਵਿਕਸਤ ਹੋ ਰਿਹਾ ਹੈ। ਅਜਿਹੀ ਸਥਿਤੀ ਵਿਚ ਅੰਕੜਿਆਂ ਤੋਂ ਸਬਕ ਲੈ ਕੇ ਕੋਰੋਨਾ ਵਿਰੁੱਧ ਨੀਤੀ ਬਣਾਉਣ ਦੀ ਜ਼ਰੂਰਤ ਹੈ।